ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ’ਚ ਮੌਜੂਦ ਅੰਗਰੇਜ਼ੀ ਪੁਸਤਕਾਂ ਦੀ ਸੂਚੀ ਐਡਵੋਕੇਟ ਧਾਮੀ ਨੇ ਕੀਤੀ ਜਾਰੀ, ਦਾਸਤਾਨ-ਏ-ਸਾਰਾਗੜ੍ਹੀ ਪੁਸਤਕ ਵੀ ਕੀਤੀ ਗਈ ਜਾਰੀ
ਅੰਮ੍ਰਿਤਸਰ, 24 ਨਵੰਬਰ 2023- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਵਿਚ ਸੁਰੱਖਿਅਤ ਅੰਗਰੇਜ਼ੀ ਪੁਸਤਕਾਂ ਦੀ ਤਿਆਰ ਕੀਤੀ ਗਈ ਸੂਚੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬੀ ਪੁਸਤਕਾਂ ਦੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ। 1927 ਵਿਚ ਸਥਾਪਤ ਕੀਤੀ ਗਈ ਇਸ ਲਾਇਬ੍ਰੇਰੀ ਵਿਚ 13 ਹਜ਼ਾਰ ਦੇ ਕਰੀਬ ਪੁਸਤਕਾਂ ਹਨ। ਮੌਜੂਦਾ ਸਮੇਂ ਇਹ ਲਾਇਬ੍ਰੇਰੀ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ ’ਚ ਕਾਰਜਸ਼ੀਲ ਹੈ। ਇਸ ਲਾਇਬ੍ਰੇਰੀ ਵਿਚ ਮੌਜੂਦ ਅੰਗਰੇਜ਼ੀ ਦੀਆਂ 4205 ਪੁਸਤਕਾਂ ਦੀ ਇਹ ਸੂਚੀ ਤਿਆਰ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਸਤਕ ਸੂਚੀ ਜਾਰੀ ਕਰਦਿਆਂ ਕਿਹਾ ਕਿ ਕਰੀਬ 100 ਸਾਲ ਪਹਿਲਾਂ ਹੋਂਦ ਵਿਚ ਆਈ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਅੰਦਰ ਕਈ ਅਹਿਮ ਪੁਸਤਕਾਂ ਸ਼ਾਮਲ ਹਨ, ਜਿਨ੍ਹਾਂ ਬਾਰੇ ਖੋਜਾਰਥੀਆਂ ਅਤੇ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਤਿਆਰ ਕੀਤੀ ਪੁਸਤਕ ਸੂਚੀ ਅਹਿਮ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਵਿਚ ਪੰਜਾਬੀ ਦੀਆਂ ਪੁਸਤਕਾਂ ਤੋਂ ਇਲਾਵਾ ਅੰਗਰੇਜ਼ੀ, ਉਰਦੂ, ਹਿੰਦੀ, ਬੰਗਾਲੀ ਤੇ ਫਾਰਸੀ ਪੁਸਤਕਾਂ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਦੀਆਂ ਕਿਤਾਬਾਂ ਦੇ ਨਾਲ-ਨਾਲ ਪੁਰਾਣੇ ਅਖਬਾਰ ਅਤੇ ਰਸਾਲੇ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬੀ ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਹੁਣ ਅੰਗਰੇਜ਼ੀ ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੁਸਤਕ ਸੂਚੀ ਤਿਆਰ ਕਰਵਾਉਣ ਲਈ ਲਾਇਬ੍ਰੇਰੀਅਨ ਬੀਬੀ ਰਮਿੰਦਰ ਕੌਰ ਦੀ ਸ਼ਲਾਘਾ ਕੀਤੀ।
ਇਸੇ ਦੌਰਾਨ ਪ੍ਰਿੰਸੀਪਲ ਜਸਮਿੰਦਰ ਸਿੰਘ ਸੰਧੂ ਵੱਲੋਂ ਲਿਖੀ ਗਈ ਦਾਸਤਾਨ-ਏ-ਸਾਰਾਗੜ੍ਹੀ ਪੁਸਤਕ ਵੀ ਜਾਰੀ ਕੀਤੀ ਗਈ। ਇਸ ਪੁਸਤਕ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਵੇਰਵੇ ਅੰਕਤ ਕੀਤੇ ਗਏ ਹਨ। ਇਹ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾ ਵਿਚ ਹੈ। ਪੁਸਤਕਾਂ ਜਾਰੀ ਕਰਨ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਰਮਿੰਦਰ ਕੌਰ ਤੇ ਪ੍ਰਿੰਸੀਪਲ ਜਸਮਿੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਵਤਾਰ ਸਿੰਘ ਵਣਵਾਲਾ, ਸ. ਹਰਪਾਲ ਸਿੰਘ ਜੱਲਾ, ਸ. ਸੁਖਹਰਪ੍ਰੀਤ ਸਿੰਘ ਰੋਡੇ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸ. ਪਰਮਜੀਤ ਸਿੰਘ, ਸ. ਹਰਭਜਨ ਸਿੰਘ ਵਕਤਾ ਆਦਿ ਮੌਜੂਦ ਸਨ।