ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ-ਪੁਸਤਕ 'ਚਾਨਣ' ਲੋਕ ਅਰਪਣ
- ਸਾਹਿਤ ਹਮੇਸ਼ਾ ਆਮ ਲੋਕਾਂ ਦੀ ਭਾਸ਼ਾ ਵਿਚ ਸਿਰਜਿਆ ਜਾਣਾ ਚਾਹੀਦਾ-ਬਾਬੂ ਸਿੰਘ ਮਾਨ
ਚੰਡੀਗੜ੍ਹ, 29 ਅਕਤੂਬਰ 2022 - ਉਭਰਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਦੀ ਪਲੇਠੀ ਕਾਵਿ-ਪੁਸਤਕ 'ਚਾਨਣ' ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਾਖੂਬੀ ਬਿਆਨਦੀ ਹੋਈ ਹਨੇਰਿਆਂ ਨੂੰ ਚੀਰ ਕੇ ਰੁਸ਼ਨਾਉਂਦੇ ਰਾਹ ਵੱਲ ਤੁਰਨ ਲਈ ਪ੍ਰੇਰਨਾ ਦਿੰਦੀ ਹੈ।
ਇਹ ਵਿਚਾਰ ਅੱਜ ਇੱਥੇ ਸੈਕਟਰ-16 ਸਥਿਤ ਪੰਜਾਬ ਕਲਾ ਪ੍ਰੀਸ਼ਦ ਦੇ ਆਡੀਟੋਰੀਅਮ ਵਿਖੇ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ (ਰਜਿ) ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਸਮਗਾਮ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੇ ਹਰਪ੍ਰੀਤ ਸੇਖੋਂ ਦੀ ਕਾਵਿ-ਪੁਸਤਕ ‘ਚਾਨਣ’ ਨੂੰ ਲੋਕ ਅਰਪਣ ਕਰਨ ਮੌਕੇ ਪ੍ਰਗਟ ਕੀਤੇ।
ਕਾਵਿ-ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਨ੍ਹਾਂ ਸ਼ਖਸੀਅਤਾਂ ਨੇ ਕਿਹਾ ਕਿ ਹਰਪ੍ਰੀਤ ਦੀਆਂ ਕਵਿਤਾਵਾਂ ਮਨੁੱਖੀ ਜੀਵਨ ਦੀਆਂ ਸੰਵੇਦਨਾਵਾਂ ਤੇ ਵੇਦਨਾ ਨੂੰ ਡੂੰਘਾਈਆਂ ਨੂੰ ਛੂੰਹਦੀਆਂ ਹਨ ਅਤੇ ਨਾਲੋ-ਨਾਲ ਪਾਠਕਾਂ ਨੂੰ ਆਸ ਦਾ ਪੱਲਾ ਨਾ ਛੱਡਣ ਦੀ ਸੇਧ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ ਅਹੁਦੇ ਉਤੇ ਸੇਵਾ ਨਿਭਾਉਂਦੇ ਹੋਏ ਸਾਹਿਤਕ ਸੇਵਾ ਦਾ ਉੱਦਮ ਕਰਨਾ ਲੇਖਕ ਦੀ ਸਤੁੰਲਿਤ ਤੇ ਸੂਖਮ ਪਹੁੰਚ ਨੂੰ ਦਰਸਾਉਂਦਾ ਹੈ।
ਸਮਾਗਮ ਦੇ ਮੁੱਖ ਮਹਿਮਾਨ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ) ਨੇ ਇਸ ਕਿਤਾਬਾ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਜੀਵਨ ਵਿਚ ਨਵੇਂ ਰਾਹ ਸਿਰਜਣ ਲਈ ਨਿਵੇਕਲੇ ਪੈਂਡੇ ਅਖਤਿਆਰ ਕਰਨੇ ਪੈਂਦੇ ਹਨ ਅਤੇ ਹਰਪ੍ਰੀਤ ਨੇ ਵੀ ਆਪਣੀ ਨੌਕਰੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਕਾਵਿ-ਸਾਹਿਤ ਦੀ ਸਿਰਜਣਾ ਦਾ ਮਹੱਤਵਪੂਰਨ ਕਾਰਜ ਕਰਕੇ ਆਪਣੀ ਸ਼ਖਸੀਅਤ ਦਾ ਵਿਲੱਖਣ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕ ਰਚਨਾ ਆਮ ਲੋਕਾਂ ਦੀ ਸਧਾਰਨ ਭਾਸ਼ਾ ਵਿਚ ਪ੍ਰੋਈ ਹੋਣੀ ਚਾਹੀਦੀ ਹੈ ਤਾਂ ਕਿ ਸਾਹਿਤਕਾਰ ਦੇ ਮਨ ਦੇ ਵਲਵਲੇ ਪਾਠਕ ਦੇ ਧੁਰ ਅੰਦਰ ਤੱਕ ਵਸ ਜਾਣ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਆਈ.ਏ.ਐਸ ਅਧਿਕਾਰੀ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਨੇ ਇਸ ਕਿਤਾਬ ਦੀ ਰਚਨਾ ਕਰਕੇ ਸਾਹਿਤ ਦੀ ਸੇਵਾ ਕਰਨ ਪ੍ਰਤੀ ਆਪਣੀ ਲਗਨ ਅਤੇ ਸ਼ਿੱਦਤ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਹੁਦੇ ਉਤੇ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਕਾਵਿ-ਸਾਹਿਤ ਦੀ ਰਚਨਾ ਦਾ ਕਾਰਜ ਬਹੁਤ ਚੁਣੌਤੀਪੂਰਨ ਹੁੰਦਾ ਹੈ ਪਰ ਹਰਪ੍ਰੀਤ ਨੇ ਇਸ ਕਾਰਜ ਨੂੰ ਤਨਦੇਹੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ, "ਮੈਂ ਕਿਤਾਬ ਦੇ ਲੇਖਕ ਦੇ ਪ੍ਰਸ਼ਾਸਕੀ ਪੱਖ ਬਾਰੇ ਵੀ ਦੱਸਣਾ ਚਾਹਾਂਗਾ ਕਿ ਇਹ ਆਪਣੇ ਫਰਜ਼ ਦੇ ਪੂਰੀ ਤਰ੍ਹਾਂ ਪਾਬੰਦ ਨੇ। ਇਨ੍ਹਾਂ ਨੇ ਕਰੋਨਾ ਦੇ ਔਖੇ ਸਮੇਂ ਦੌਰਾਨ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਅਜਿਹਾ ਸੰਵੇਦਨਸ਼ੀਲ ਮਨੁੱਖ ਹੀ ਚੰਗਾ ਲੇਖਕ ਹੋ ਸਕਦਾ ਹੈ।"
ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਹਿਤਕਾਰ ਆਪਣੀ ਕਲਮ ਰਾਹੀਂ ਸਮਾਜਿਕ ਤੇ ਵਿਅਕਤੀਤੱਵ ਤੌਰ ਉਤੇ ਹੰਢਾਈ ਵੇਦਨਾ ਤੇ ਤਜਰਬਿਆਂ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਦੀਆਂ ਕਵਿਤਾਵਾਂ ਵੀ ਉਸ ਦੀ ਸੂਖਮ ਪਹੁੰਚ ਦੀ ਗਵਾਹੀ ਭਰਦੀਆਂ ਹਨ। ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰਪ੍ਰੀਤ ਉਨ੍ਹਾਂ ਦਾ ਵਿਦਿਆਰਥੀ ਰਿਹਾ ਹੈ ਅਤੇ ਅੱਜ ਇਸ ਕਾਵਿ-ਪੁਸਤਕ ਰਾਹੀਂ ਸਾਹਿਤ ਦੇ ਖੇਤਰ ਵਿਚ ਸ਼ਾਨਦਾਰ ਢੰਗ ਨਾਲ ਪ੍ਰਵੇਸ਼ ਕਰ ਗਿਆ ਹੈ।
ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬ ਵਿਭਾਗ ਦੇ ਚੇਅਰਮੈਨ ਡਾ. ਯੋਗਰਾਜ ਅਤੇ ਸਾਹਿਤਕ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕਾਵਿ-ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਬਾਰੀਕੀ ਨਾਲ ਚਾਨਣਾ ਪਾਇਆ।
ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਦੀ ਕਵਿਤਾ ਆਉਣ ਵਾਲੇ ਸਮੇਂ ਵਿਚ ਨਵੇਂ ਦਿਸਹੱਦੇ ਕਾਇਮ ਕਰੇਗੀ। ਉਨ੍ਹਾਂ ਅੱਗੇ ਕਿਹਾ ਜੇਕਰ ਕੋਈ ਅਧਿਕਾਰੀ ਵੀ ਹੈ ਤੇ ਸਿਸਟਮ ਨੂੰ ਮੁਖਾਤਬ ਹੋ ਕੇ ਕਵਿਤਾ ਲਿਖਦਾ ਹੈ ਤਾਂ ਉਸ ਲਈ ਇਹ ਪੰਧ ਬੜਾ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਇਸ ਕਿਤਾਬ ਦਾ ਹੋਰ ਵੀ ਜ਼ਿਆਦਾ ਸੁਆਗਤ ਕਰਨਾ ਬਣਦਾ ਹੈ।
ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਕਿਤਾਬ 'ਚਾਨਣ' ਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਕਾਵਿ ਸਫ਼ਰ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਵਿਚ ਮੇਰੇ ਦੋਸਤਾਂ, ਮੇਰੇ ਪਰਿਵਾਰ ਖਾਸ ਕਰਕੇ ਮੇਰੀ ਪਤਨੀ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬੂ ਸਿੰਘ ਮਾਨ ਤੇ ਸੁਰਿੰਦਰ ਛਿੰਦਾ ਹੋਰਾਂ ਨੇ ਕਿਤਾਬ ਪ੍ਰਕਾਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ। ਆਖ਼ਰ ਵਿਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਸਲਾਹਿਆ ਗਿਆ।
ਇਸ ਦੌਰਾਨ ਹਰਪ੍ਰੀਤ ਸੇਖੋਂ ਦੀ ਸਪੁੱਤਰੀ ਜੁਆਏ ਸੇਖੋਂ ਨੇ ਆਪਣੇ ਪਿਤਾ ਦੇ ਸਾਹਿਤਕ ਸਫਰ ਬਾਰੇ ਚਾਨਣਾ ਪਾਉਂਦੇ ਹੋਏ ਰਚਨਾ ਵੀ ਪੇਸ਼ ਕੀਤੀ। ਹਰਪ੍ਰੀਤ ਸੇਖੋਂ ਦੀ ਪਤਨੀ ਡਾ. ਅਮਰਜੀਤ ਕੌਰ ਸੇਖੋਂ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਪ੍ਰਭਦੀਪ ਸਿੰਘ ਨੱਥੋਵਾਲ ਨੇ ਨਿਭਾਇਆ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਆਈ.ਏ.ਐਸ਼. ਅਧਿਕਾਰੀ ਭੁਪਿੰਦਰ ਸਿੰਘ, ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ, ਸਕੱਤਰ ਚੰਡੀਗੜ੍ਹ ਸਾਹਿਤ ਅਕਾਦਮੀ ਸੁਭਾਸ਼ ਭਾਸਕਾਰ, ਪ੍ਰੀਤਇੰਦਰ ਬੈਂਸ, ਪੀ.ਸੀ.ਐਸ., ਜਸਲੀਨ ਕੌਰ ਸੰਧੂ ਪੀ.ਸੀ.ਐਸ., ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪ੍ਰਤਾਪ ਸਿੰਘ, ਦੀਪਕ ਸ਼ਰਮਾ ਚਨਾਰਥਲ, ਜਸਦੇਵ ਸੇਖੋਂ, ਹਰਕਰਨ ਵੈਦ, ਹਰਪ੍ਰਤਾਪ ਸਿੰਘ ਸਿੱਧੂ, ਦਮਨਦੀਪ ਸਿੰਘ, ਬਿੱਲੂ ਦਾਦ, ਹਰਪ੍ਰੀਤ ਚੰਨੂ, ਅਤੇ ਕਹਾਣੀਕਾਰ ਹਰਪ੍ਰੀਤ ਸਿੰਘ ਸਮੇਤ ਹੋਰ ਸਾਹਿਤਕ ਸ਼ਖਸੀਅਤਾਂ ਹਾਜ਼ਰ ਸਨ।