ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2021 - ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਪ੍ਰੋ. ਪੀ. ਰਾਮਾਰਾਓ ਦੁਆਰਾ ਸੰਪਾਦਿਤ ‘‘ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ - ਫਰਾਮ ਟਾਰਗੇਟਸ ਐਂਡ ਮੋਲੀਕੁਲਸ ਟੂ ਮੈਡੀਸੀਨਸ’ ਨਾਮਕ ਪੁਸਤਕ ਰਿਲੀਜ਼ ਕੀਤੀ। ਇਹ ਕਿਤਾਬ ਸਪਿ੍ਰੰਗਰ ਨੇਚਰ ਸਿੰਗਾਪੁਰ ਪ੍ਰਾਈਵੇਟ ਲਿਮਟਿਡ ਨੇ ਪ੍ਰਕਾਸ਼ਤ ਕੀਤੀ ਹੈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਫਾਰਮਾਸਿਊਟੀਕਲ ਸਾਇੰਸਜ਼ ਵਿਸ਼ੇ ਵਿਚ ਕੀਮਤੀ ਕਿਤਾਬ ਸੰਪਾਦਿਤ ਕਰਨ ਲਈ ਪ੍ਰੋ. ਪੀ. ਰਾਮਰਾਓ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨਵੇਂ ਗਿਆਨ ਦੀ ਸਿਰਜਣਾ ਕਰਨ ਅਤੇ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਉੱਚ ਮਾਪਦੰਡ ਸਥਾਪਤ ਕਰਨ ਲਈ ਵਚਨਬੱਧ ਹੈ। ਪ੍ਰੋ. ਪੀ. ਰਾਮਾਰਾਓ ਨੇ ਕਿਹਾ ਕਿ ਇਹ ਪੁਸਤਕ ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ ਦੇ ਵੱਖ ਵੱਖ ਪੜਾਵਾਂ ‘ਤੇ ਚਾਨਣਾ ਪਾਉਦਿਆਂ ਨਵੀਆਂ ਦਵਾਈਆਂ ਦੇ ਵਿਕਾਸ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਅਕਾਦਮਿਕਤ, ਉਦਯੋਗ ਅਤੇ ਰੈਗੂਲੇਟਰੀ ਅਥਾਰਟੀਆਂ ਦੇ ਬਹੁ-ਅਨੁਸ਼ਾਸ਼ਨੀ ਮਾਹਰਾਂ ਦੇ ਸਹਿਯੋਗੀ ਯਤਨਾਂ ਦਾ ਨਤੀਜਾ ਹੈ। ਇਸ ਵਿਚ ਨਵੀਆਂ ਦਵਾਈਆਂ ਦੀ ਖੋਜ, ਵਿਕਾਸ, ਅਤੇ ਨਿਯੰਤਰਣ ਦੀ ਪ੍ਰਕਿਰਿਆ ਦੇ ਬੁਨਿਆਦੀ ਅਤੇ ਵਿਹਾਰਕ ਪਹਿਲੂਆਂ ਤੇ ਅਠਾਰਾਂ ਅਧਿਆਏ ਦਿੱਤੇ ਗਏ ਹਨ। ਉੰਨ੍ਹਾਂ ਕਿਹਾ ਕਿ ਇਹ ਕਿਤਾਬ ਖੋਜ ਵਿਦਵਾਨਾਂ, ਪੇਸ਼ੇਵਰਾਂ ਅਤੇ ਨੌਜਵਾਨ ਵਿਗਿਆਨੀਆਂ ਨੂੰ ਦਵਾਈ ਦੀ ਖੋਜ ਦੇ ਬੁਨਿਆਦੀ ਸਿਧਾਂਤਾਂ ਨੂੰ ਸਮਝਣ ਦੇ ਯੋਗ ਬਣਾਏਗੀ। ਫਾਰਮਾਸਿਊਟੀਕਲ ਸਾਇੰਸਜ ਅਤੇ ਕੁਦਰਤੀ ਉਤਪਾਦਾਂ ਵਿਭਾਗ ਦੇ ਮੁਖੀ ਪ੍ਰੋ. ਰਾਜ ਕੁਮਾਰ ਜਿਨ੍ਹਾਂ ਨੇ ਇਸ ਪੁਸਤਕ ਦਾ ਇੱਕ ਅਧਿਆਏ ਲਿਖਿਆ ਹੈ, ਨੇ ਵੀ ਪੁਸਤਕ ਨੂੰ ਲਾਭਦਾਇਕ ਦੱਸਿਆ ਹੈ।