ਰਾਜਿੰਦਰ ਬੁੱਲਟ ਦੀ ਨਿਰਦੇਸ਼ਨਾਂ ਹੇਠ ਫ਼ਿਰਦੌਸ ਰੰਗ ਮੰਚ ਨੇ ਨਾਟਕ 'ਵੋਹ ਗਲੀਆਂ' ਦੀ ਸਫ਼ਲ ਪੇਸ਼ਕਾਰੀ ਕੀਤੀ
- ਸਿਮਰਨ ਅਕਸ ਕੀਤਾ ਰੂਬਰੂ ਅਤੇ ਗਾਇਕ ਸਿਮਰਨ ਨੇ ਸੱਭਿਆਚਾਰਕ ਗੀਤਾਂ ਨਾਲ ਖੂਬ ਰੰਗ ਬੰਨਿਆ
- ਨੌਜਵਾਨੀ ਨੂੰ ਸਹੀ ਦਸ਼ਾ ਦੇਣ ਵਾਸਤੇ ਮਿਆਰੀ ਅਤੇ ਉਸਾਰੂ ਪ੍ਰੋਗਰਾਮ ਨਿਰੰਤਰ ਹੋਣੇ ਚਾਹੀਦੇ: ਪ੍ਰਭਜੋਤ ਕੌਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 23 ਅਪ੍ਰੈਲ 2023 - ਫ਼ਿਰਦੌਸ ਰੰਗ ਮੰਚ ਫ਼ਰੀਦਕੋਟ ਵੱਲੋਂ ਯੁਵਕ ਸੇਵਾਵਾਂ ਵਿਭਾਗ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਚੌਥਾ ਪੰਜ ਰੋਜ਼ਾ ਨਾਟਕ ਮੇਲੇ ਦੇ ਚੌਥੇ ਦਿਨ ਬੀਤੀ ਰਾਤ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਓਪਨ ਏਅਰ ਥੀਏਟਰ ਵਿਖੇ ਪਹੁੰਚੇ ਕਲਾ ਪ੍ਰੇਮੀਆਂ ਨੂੰ ਫ਼ਿਰਦੌਸ ਰੰਗ ਮੰਚ ਫ਼ਰੀਦਕੋਟ ਦੇ ਡਾਇਰੈਕਟਰ ਰਜਿੰਦਰ ਬੁੱਲਟ ਨੇ ਸਭ ਨੂੰ ਜੀ ਆਇਆ ਨੂੰ ਆਖਦਿਆਂ | ਇਸ ਮੌਕੇ ਵਾਈਸ ਪੰਜਾਬ ਦੇ ਕੁਆਟਰ ਫ਼ਾਈਨਲਿਸਟ ਸਿਮਰਨ ਨੇ ਕਰੀਬ ਪੌਣਾ ਘੰਟਾ ਆਪਣੀ ਦਮਦਾਰ ਅਵਾਜ਼ ਤੇ ਸੱਭਿਆਚਾਰਕ ਗੀਤਾਂ ਨਾਲ ਖੂਬ ਰੰਗ ਬੰਨਿਆ | ਇਸ ਮੌਕੇ ਪੰਜਾਬ ਦੀ ਨਾਮਵਰ ਸ਼ਾਇਰਾ, ਅਦਾਕਾਰਾ ਸਿਮਰਨ ਅਕਸ (ਬਰਨਾਲਾ) ਨਾਲ ਰੂਬਰੂ ਕੀਤਾ ਗਿਆ | ਉਨ੍ਹਾਂ ਮੁੱਖ ਤੌਰ ਨੌਜਵਾਨ ਨੂੰ ਜੀਵਨ 'ਚ ਮਿਹਨਤ ਕਰਨ, ਵਿਲੱਖਣ ਕਰਨ ਵਾਸਤੇ ਪ੍ਰੇਰਿਤ ਕੀਤਾ | ਉਨ੍ਹਾਂ ਆਪਣੀ ਸ਼ਾਇਰੀ ਨਾਲ ਵੀ ਸਰੋਤਿਆਂ ਨੂੰ ਕੀਲ੍ਹੀ ਰੱਖਿਆ | ਇਸ ਮੌਕੇ ਲੋਕ ਗਾਇਕ ਜਗਸੀਰ ਜੀਦਾ ਵੱਲੋਂ ਵਿਅੰਗ ਕੱਸਦੀਆਂ ਬੋਲੀਆਂ ਨੂੰ ਹਰ ਕਿਸੇ ਨੇ ਰੱਜ ਕੇ ਮਾਣਿਆ |
ਇਸ ਮੌਕੇ ਫ਼ਿਰਦੌਸ ਰੰਗਮੰਚ ਫ਼ਰੀਦਕੋਟ ਵੱਲੋਂ ਹਿੰਦੀ ਨਾਟਕ ' ਵੋਹ ਗਲੀਆਂ ' ਪੇਸ਼ ਕੀਤਾ ਗਿਆ | ਇਸ ਨਾਟਕ 'ਚ ਪੰਜਾਬ ਦੇ ਨਾਮਵਰ ਨਿਰਦੇਸ਼ਕ/ਅਦਾਕਾਰ ਰਾਜਿੰਦਰ ਬੁੱਲਟ ਨੇ ਅਜੌਕੀ ਦੌਰ 'ਚ ਔਰਤ ਦੀ ਸੁਰੱਖਿਆ ਤੇ ਕਈ ਸਵਾਲ ਖੜ੍ਹੇ ਕੀਤੇ | ਉਨ੍ਹਾਂ ਸੰਦੇਸ਼ ਦਿੱਤਾ ਕਿ ਔਰਤ ਨੂੰ ਆਪਣੇ ਨਾਲ ਹੁੰਦੇ ਅਨਿਆਂ ਨੂੰ ਰੋਕਣ ਵਾਸਤੇ ਸੁਚੇਤ ਹੋਣਾ ਪਵੇਗਾ ਅਤੇ ਹਰ ਤਰ੍ਹਾਂ ਦੇ ਵਹਿਸ਼ੀਆਂ ਨੂੰ ਮੂੰਹ ਤੋੜ ਜੁਆਬ ਦੇਣਾ ਪਵੇਗਾ | ਕਮਾਲ ਦੇ ਸੰਗੀਤ, ਢੁੱਕਵੇਂ ਮੇਕਅੱਪ, ਪਾਤਰਾਂ ਦੀ ਸੁਭਾਵਿਕ ਅਦਾਕਾਰੀ ਤੇ ਸਟੇਜ ਸੈਟਿੰਗ ਨੇ ਹਰ ਦਰਸ਼ਕ ਨੂੰ ਨਾਟਕ ਦਾ ਪ੍ਰਭਾਵ ਕਬੂਲਣ ਵਾਸਤੇ ਮਜ਼ਬੂਰ ਕੀਤਾ | ਇਸ ਸ਼ਾਮ ਦੇ ਮੁੱਖ ਮਹਿਮਾਨ ਵਜੋਂ ਪ੍ਰਭਜੋਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਹੋਏ | ਉਨ੍ਹਾਂ ਪ੍ਰਬੰਧਕਾਂ ਨੂੰ ਇਸ ਸਫ਼ਲ ਸਮਾਗਮ ਦੀ ਵਧਾਈ ਦਿੰਦਿਆ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ 'ਚ ਸਰਗਰਮ ਕਰਨ ਵਾਸਤੇ ਅਜਿਹੇ ਸਮਾਗਮ ਨਿਰੰਤਰ ਹੋਣੇ ਚਾਹੀਦੇ ਹਨ |
ਉਨ੍ਹਾਂ ਰਾਜਿੰਦਰ ਬੁੱਲਟ, ਗਾਇਕ ਸਿਮਰਨ, ਕਵਿੱਤਰੀ/ਅਦਾਕਾਰ ਸਿਮਰਨ ਅਕਸ ਨੂੰ ਮਨਮੋਹਕ ਪ੍ਰੋਗਰਾਮ ਪੇਸ਼ ਕਰਨ ਤੇ ਉਚੇਚੇ ਤੌਰ ਤੇ ਵਧਾਈ ਦਿੰਦਿਆਂ ਭਵਿੱਖ 'ਚ ਹਰ ਸੰਭਵ ਸਹਿਯੋਗ ਦੇਣ ਦਾ ਵਾਆਦਾ ਕੀਤਾ | ਸਮਾਗਮ ਦੀ ਪ੍ਰਧਾਨਗੀ ਮਨਜੀਤ ਪੁਰੀ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ, ਪਿ੍ੰਸੀਪਲ ਡਾ.ਪਰਮਿੰਦਰ ਸਿੰਘ, ਪਿ੍ੰਸੀਪਲ ਤੇਜਿੰਦਰ ਸਿੰਘ ਕੋਹਰਵਾਲਾ, ਪਿ੍ੰਸੀਪਲ ਗੁਰਮੇਲ ਕੌਰ ਵਾਂਦਰ ਜਟਾਣਾ, ਪੰਜਾਬ ਦੇ ਨਾਮਵਰ ਸ਼ਾਇਰ ਡਾ.ਦਵਿੰਦਰ ਸੈਫ਼ੀ, ਪਾਲ ਸਿੰਘ ਸੰਧੂ ਰੂਪੀਆਂਵਾਲਾ, ਗੁਰਮੇਲ ਸਿੰਘ ਜੱਸਲ, ਕਾਰਜਕਾਰੀ ਪਿ੍ੰਸੀਪਲ ਜਸਵਿੰਦਰਪਾਲ ਸਿੰਘ ਮਿੰਟੂ ਨੇ ਕੀਤੀ |
ਵਿਸ਼ੇਸ਼ ਮਹਿਮਾਨਾਂ 'ਚ ਅਰਵਿੰਦ ਬਰਨਾਲਾ, ਅਮਰਜੀਤ ਸਿੰਘ ਸੰਧੂ ਪੁਲਿਸ ਅਫ਼ਸਰ ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼ ਐਸ.ਐਸ.ਮਿਸਟ੍ਰੈਸ ਰਾਜਵਿੰਦਰ ਕੌਰ, ਤਰਕਸ਼ੀਲ ਆਗੂ ਲਖਵਿੰਦਰ ਹਾਲੀ, ਪ੍ਰੋ.ਜਸਬੀਰ ਕੌਰ ਡਾ.ਪਰਮਪਾਲ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਮੁੱਖ ਅਧਿਆਪਕ ਅਰੁਣ ਦੇਵਗਨ ਆਦਰਸ਼ ਸੀ.ਸੈ.ਸਕੂਲ ਪੱਕਾ, ਅਧਿਆਪਕ ਆਗੂ ਸੁਦੇਸ਼ ਭੂੰਦੜ ਹਾਜ਼ਰ ਸਨ | ਇਸ ਪੋ੍ਰਗਰਾਮ ਦਾ ਮੰਚ ਸੰਚਾਲਨ ਅਮਨਦੀਪ ਕੌਰ ਖੀਵਾ ਤੇ ਜਸਬੀਰ ਸਿੰਘ ਜੱਸੀ ਨੇ ਕੀਤਾ |