ਭਾਸ਼ਾ ਵਿਭਾਗ ਦਫ਼ਤਰ ਵਿਖੇ ਤ੍ਰੈਮਾਸਿਕ ਮੈਗਜ਼ੀਨ 'ਚਿਰਾਗ਼' ਦਾ 118ਵਾਂ ਅੰਕ ਲੋਕ-ਅਰਪਣ
ਹੁਸ਼ਿਆਰਪੁਰ, 11 ਜਨਵਰੀ 2023 - ਸਾਹਿਤ ਰਾਹੀਂ ਸਮਾਜ ਵਿੱਚ ਸੰਵੇਦਨਾ ਪੈਦਾ ਕਰਨ ਲਈ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਪਿਛਲੇ ਤਿੰਨ ਦਹਾਕੇ ਤੋਂ ਲਗਾਤਾਰ ਸਾਹਿਤਕ ਪੈੜਾਂ ਪਾ ਰਹੇ ਤ੍ਰੈਮਾਸਿਕ ਮੈਗਜ਼ੀਨ 'ਚਿਰਾਗ਼' ਦਾ 118ਵਾਂ ਅੰਕ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਵਿਖੇ ਲੋਕ-ਅਰਪਣ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਮੈਗਜ਼ੀਨ ਦੇ ਸੰਪਾਦਕ ਡਾ. ਕਰਮਜੀਤ ਸਿੰਘ ਅਤੇ ਖੋਜ ਅਫ਼ਸਰ ਤੇ ਸੰਪਾਦਕੀ ਬੋਰਡ ਮੰਡਲ ਮੈਂਬਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਨਵੇਂ ਵਰ੍ਹੇ ਦੇ ਪਲੇਠੇ ਅੰਕ ਵਿੱਚ ਇਸ ਵਾਰ ਕਵੀ ਪੀਰਯਾਦਾ ਸੱਜਦ ਹਾਮਿਦ ਸ਼ਾਹ, ਮਹਿੰਦਰ ਸਿੰਘ ਦੀਵਾਨਾ, ਇੰਦਰਜੀਤ ਚੁਗਾਵਾਂ, ਜਗਦੀਪ ਸਿੱਧੂ, ਡਾ. ਸੰਦੀਪ ਸ਼ਰਮਾ, ਕਹਾਣੀਕਾਰਾ ਸਰਘੀ, ਰਮਨਦੀਪ ਵਿਰਕ, ਪਰਮਜੀਤ ਕੌਰ ਦਿਓਲ, ਲੇਖ ਦਲਜੀਤ ਕੌਰ ਜੌਹਲ, ਡਾ. ਮੀਤ ਖੱਟੜਾ, ਡਾ. ਰਵਿੰਦਰ ਗਾਸੋ ਅਤੇ ਖ਼ਾਸ ਤੌਰ ’ਤੇ ਪਤਨਸ਼ੀਲ਼ ਜਾਗੀਰਦਾਰੀ ਦਾ ਪ੍ਰਤੀਨਿੱਧ ਗਾਇਕ:ਸਿੱਧੂ ਮੂਸੇਵਾਲਾ ’ਤੇ ਸ਼ਿਵ ਇੰਦਰ ਸਿੰਘ ਦੁਆਰਾ ਲਿਖਿਆ ਬਹੁਤ ਭਾਵਪੂਰਤ ਲੇਖ ਸ਼ਾਮਿਲ ਹੈ।ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਾਹਿਤਕ ਤੇ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਪੜ੍ਹਨ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਜਾਂ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਮੈਗਜ਼ੀਨ ਪੜ੍ਹਨੇ ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਲਈ ਇਸ ਲਈ ਵੀ ਜ਼ਰੂਰੀ ਹਨ ਕਿਉਂਕਿ ਇੱਕ ਮੈਗਜ਼ੀਨ ਵਿੱਚ ਬਹੁਤ ਸਾਰੇ ਲੇਖਕਾਂ ਤੇ ਕਿਤਾਬਾਂ ਦਾ ਮਸੌਦਾ ਇਕੱਠਾ ਪੜ੍ਹਨ ਨੂੰ ਮਿਲ ਜਾਂਦਾ ਜਾਂਦਾ ਹੈ।ਸਮਕਾਲੀ ਦੌਰ ਵਿੱਚ ਲਿਖੇ ਜਾ ਰਹੇ ਸਾਹਿਤ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਲੋਕ-ਅਰਪਣ ਕਰ ਰਹੇ ਲੇਖਕਾਂ 'ਚ ਗੰਭੀਰ ਚਰਚਾ ਹੋਈ।ਇਸ ਸਮੇਂ ਸ਼ਾਇਰ ਮਦਨ ਵੀਰਾ, ਜਸਬੀਰ ਸਿੰਘ ਧੀਮਾਨ, ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ ਵੀ ਹਾਜ਼ਰ ਸਨ।