ਪੀ.ਏ.ਯੂ. ਵਿੱਚ ਪੰਜਾਬ ਦੇ ਲੈਂਡਸਕੇਪ ਆਰਕੀਟੈਕਚਰ ਬਾਰੇ ਕਿਤਾਬ ਰਿਲੀਜ਼ ਹੋਈ
ਲੁਧਿਆਣਾ 19 ਜਨਵਰੀ,੨੦੨੩ - ਕੈਨੇਡਾ ਦੇ ਪ੍ਰਸਿੱਧ ਵਿਗਿਆਨੀ, ਕਲਾਕਾਰ ਅਤੇ ਕਮਿਊਨਿਟੀ ਕਾਰਕੁੰਨ ਡਾਕਟਰ ਰਮਨ ਗਿੱਲ ਦੁਆਰਾ ਲਿਖੀ ਗਈ “ਬਿਗਨਿੰਗਜ ਆਫ ਲੈਂਡਸਕੇਪ ਆਰਕੀਟੈਕਚਰ ਇਨ ਪੰਜਾਬ : ਐਨ ਅਨਟੋਲਡ ਸਟੋਰੀ” ਸਿਰਲੇਖ ਵਾਲੀ ਇੱਕ ਕੌਫੀ ਟੇਬਲ ਕਿਤਾਬ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਦੌਰਾਨ ਰਿਲੀਜ ਕੀਤੀ ਗਈ। ਇਹ ਸਮਾਗਮ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਬਾਗਬਾਨੀ ਪੰਜਾਬ ਸ੍ਰੀਮਤੀ ਸੈਲੇਂਦਰ ਕੌਰ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਕੀਤਾ। ਇਸ ਮੌਕੇ ਸ੍ਰੀ ਹਰੀ ਸਿੰਘ ਸੰਧੂ, ਸੇਵਾਮੁਕਤ ਐਕਸੀਅਨ ਬਾਗਬਾਨੀ, ਪੀ.ਏ.ਯੂ. ਮੁੱਖ ਮਹਿਮਾਨ ਵਜੋਂ ਸਾਮਲ ਹੋਏ ਜਦੋਂਕਿ ਪ੍ਰਸਿੱਧ ਪੰਜਾਬੀ ਸਾਹਿਤਕਾਰ ਸ੍ਰੀ ਗੁਰਭਜਨ ਗਿੱਲ ਅਤੇ ਪ੍ਰਸਿੱਧ ਫੋਟੋਗ੍ਰਾਫਰ ਸ੍ਰੀ ਤੇਜ ਪ੍ਰਤਾਪ ਸਿੰਘ ਸੰਧੂ ਤੋਂ ਇਲਾਵਾ ਲੇਖਕ ਦੇ ਪਰਿਵਾਰ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।
ਪੀ.ਏ.ਯੂ. ਦੇ ਦੂਜੇ ਵਾਈਸ-ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਫੁੱਲ ਬੂਟਿਆਂ ਬਾਰੇ ਪਿਆਰ ਨੂੰ ਯਾਦ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕਿਸੇ ਸਹਿਰ ਜਾਂ ਖੇਤਰ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਦੇ ਸੰਤੁਲਨ ਨੂੰ ਕਾਇਮ ਕਰਨ ਲਈ ਕੋਮਲ ਭਾਵੀ ਡਿਜਾਈਨਰ ਦੀ ਲੋੜ ਹੁੰਦੀ ਹੈ ਜੋ ਖਿੜਦੇ ਰੁੱਖਾਂ ਅਤੇ ਚਹਿਚਹਾਉਂਦੇ ਪੰਛੀਆਂ ਨਾਲ ਪਿਆਰ ਕਰਦਾ ਹੈ । ਉਹਨਾਂ ਕਿਹਾ ਕਿ ਲੈਂਡਸਕੇਪ ਸਿਰਫ ਘਟਨਾ ਨਹੀਂ ਹੈ ਬਲਕਿ ਵਿਧੀਵੱਤ ਯੋਜਨਾ ਅਤੇ ਡਿਜਾਈਨ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਡਾ. ਰੰਧਾਵਾ ਨੇ ਸਰਕਾਰ ਅਤੇ ਕਾਰਪੋਰੇਟ ਸੰਸਥਾਵਾਂ ਲਈ ਪੰਜਾਬ ਵਿੱਚ ਲੈਂਡਸਕੇਪ ਸੁੰਦਰੀਕਰਨ ਪ੍ਰੋਜੈਕਟਾਂ ਦੀ ਅਗਵਾਈ ਕਰਨ ਲਈ ਸ੍ਰੀ ਹਰੀ ਸਿੰਘ ਸੰਧੂ ਨੂੰ ਚੁਣਿਆ ਸੀ।
ਪੁਸਤਕ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਪੁਸਤਕ ਸ੍ਰੀ ਐਚ.ਐਸ. ਸੰਧੂ ਦੇ ਦਿ੍ਰਸ਼ਟੀਕੋਣ ਨੂੰ ਲੇਖਕ ਨੇ ਬਾਖੂਬੀ ਪ੍ਰਗਟਾਉਂਦਿਆਂ ਸ਼ਾਨਦਾਰ ਤਸਵੀਰਾਂ ਅਤੇ ਬਿਹਤਰੀਨ ਪੌਦਿਆਂ ਦੁਆਰਾ ਸਾਹਮਣੇ ਲਿਆਂਦਾ ਹੈ । ਉਨ੍ਹਾਂ ਲੇਖਕ ਨੂੰ ਪੰਜਾਬ ਦੇ ਸੁੰਦਰੀਕਰਨ ਪ੍ਰੋਗਰਾਮ ਅਤੇ ਇਸ ਪਿੱਛੇ ਨਜਰੀਏ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵਧਾਈ ਦਿੱਤੀ।
ਸ੍ਰੀ ਹਰੀ ਸਿੰਘ ਸੰਧੂ ਨੇ ਯੂਨੀਵਰਸਿਟੀ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਸੂਬੇ ਦੇ ਲੈਂਡਸਕੇਪ ਆਰਕੀਟੈਕਚਰ ਨੂੰ ਅਮੀਰ ਬਣਾਉਣ ਲਈ ਕੀਤੇ ਵੱਖ-ਵੱਖ ਪ੍ਰੋਜੈਕਟਾਂ ਦੀ ਯਾਦ ਦਿਵਾਈ। ਪੁਸਤਕ ਰਿਲੀਜ ਸਮਾਰੋਹ ਵਿਚ ਭਾਗ ਲੈਣ ਵਾਲਿਆਂ ਦੁਆਰਾ ਨੇ ਬਹੁਤ ਜੀਵੰਤ ਤਰੀਕੇ ਨਾਲ ਸ਼੍ਰੀ ਸੰਧੂ ਦੇ ਕੰਮ ਅਤੇ ਉਹਨਾਂ ਦੇ ਤਰੀਕਿਆਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ।
ਡਾ. ਰਮਨ ਗਿੱਲ ਨੇ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਕਿਤਾਬ ਬਹੁਤ ਹੀ ਦੁਰਲੱਭ ਪੌਦਿਆਂ ਦੇ ਇਤਿਹਾਸ ਨੂੰ ਦਰਸਾਉਂਦੀ ਹੈ ਜਿਸ ਵਿੱਚ ਪੰਜਾਬ ਵਿੱਚ ਦਰਖਤਾਂ, ਬੂਟੇ, ਅੰਦਰੂਨੀ ਅਤੇ ਬਾਹਰੀ ਸਜਾਵਟ ਵਾਲੇ ਪੌਦੇ ਸਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਜਾਵਟੀ ਪੌਦਿਆਂ, ਪਾਰਕਾਂ ਅਤੇ ਬਗੀਚਿਆਂ ਦੀ ਸ਼ੁਰੂਆਤ ਨਾ ਕੀਤੀ ਗਈ ਹੁੰਦੀ ਤਾਂ ਪੰਜਾਬ ਦਾ ਨਜਾਰਾ ਕਾਫੀ ਵੱਖਰਾ ਹੁੰਦਾ। ਉਹਨਾਂ ਨੇ ਮੌਸਮ, ਟੌਪੋਗ੍ਰਾਫੀ, ਸਾਈਟ ਡਰੇਨੇਜ, ਮਿੱਟੀ, ਸਿੰਚਾਈ, ਪੌਦਿਆਂ ਦੀ ਰਿਹਾਇਸ, ਮਨੁੱਖੀ ਅਤੇ ਵਾਹਨਾਂ ਦੀ ਪਹੁੰਚ, ਆਦਿ ਬਾਰੇ ਵੀ ਜਾਣਕਾਰੀ ਦਿੱਤੀ ।
ਯਾਦ ਰਹੇ ਖਾਸ ਤੌਰ ਤੇ ਇਹ ਪੁਸਤਕ ਸ. ਹਰੀ ਸਿੰਘ ਸੰਧੂ ਦੁਆਰਾ ਦੱਸੀਆਂ ਪਹਿਲੀਆਂ ਯਾਦਾਂ, ਅਨੁਭਵਾਂ, ਦਸਤਾਵੇਜਾਂ, ਲਿਖਤਾਂ, ਪ੍ਰਕਾਸ਼ਨਾਂ ਅਤੇ ਤਸਵੀਰਾਂ ’ਤੇ ਆਧਾਰਿਤ ਹੈ। ਇਸ ਸਮਾਗਮ ਦਾ ਸੰਚਾਲਨ ਮਿਲਖ ਅਧਿਕਾਰੀ ਡਾ. ਰਿਸ਼ੀ ਇੰਦਰ ਸਿੰਘ ਗਿੱਲ ਨੇ ਕੀਤਾ ਅਤੇ ਧੰਨਵਾਦ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ ।