ਅਸ਼ੋਕ ਵਰਮਾ
ਬਠਿੰਡਾ, 04 ਅਪ੍ਰੈਲ 2020 - ਬਖਸ਼ਿੰਦਰ ਕੌਰ ਸਧਾਰਨ ਕੁੜੀ ਸੀ, ਪਰ ਰੱਬ ਦੀਆਂ ਉਸਨੂੰ ਬੜੀਆਂ ਬਖਸ਼ਾਂ ਸੀ। ਰੱਬ ਲੰਬੀ ਉਮਰ ਵੀ ਬਖਸ਼ ਦਿੰਦਾ ਤਾਂ ਉਹ ਆਪਣੀ ਇਕਲੌਤੀ ਧੀ ਚਾਹਤ ਦੀਆਂ ਚਾਹਤਾਂ ਰੀਝਾਂ ਨਾਲ ਪੂਰੀਆਂ ਕਰਦੀ। ਕੁੜੀਮਾਰ ਸੋਚ ਦੇ ਜ਼ਮਾਨੇ ਵਿੱਚ ਉਸਦੀ ਚਾਹਤ ਇਹ ਸੀ ਕਿ ਘਰ ਧੀ ਹੋਵੇ ਰੱਬ ਨੇ ਉਹ ਚਾਹਤ ਵੀ ਪੂਰੀ ਕਰਤੀ ਤੇ ਧੀ ਦਾ ਨਾਂਅ ਵੀ ਚਾਹਤ ਰੱਖਿਆ। ਬਖਸ਼ਿੰਦਰ ਜਮਾਤਾਂ ਭਾਵੇਂ ਮਸਾਂ ਦਸ ਪਾਸ ਸੀ, ਪਰ ਸੋਚ ਉੱਚ ਪੜ੍ਹਾਈ ਵਾਲੀ ਵੱਡੀ ਸੀ। ਉਸ ਨੂੰ ਕੋਈ ਕਹਾਣੀਕਾਰ ਵਜੋਂ ਨਹੀਂ ਜਾਣਦਾ ਸੀ ਅਤੇ ਨਾ ਹੀ ਉਸ ਨੇ ਕੋਈ ਆਪਣੀ ਕਹਾਣੀ ਪ੍ਰਕਾਸ਼ਿਤ ਕਰਵਾਈ ਸੀ,ਪਰ ਉਸਦੀਆਂ ਸਾਲਾਂਬੱਧੀ ਲਿਖੀਆਂ ਰੋਜ਼ਾਨਾ ਡਾਇਰੀਆਂ ਵਿੱਚ ਅਨੇਕਾਂ ਕਹਾਣੀਆਂ ਉਕਰੀਆਂ ਪਈਆਂ ਹਨ, ਜਿੰਨਾਂ 'ਚੋਂ ਉਸਦੀ ਮਨੁੱਖਤਾਵਾਦੀ ਸੋਚ ਆਪ ਮੁਹਾਰੇ ਝਲਕਦੀ ਸੀ।
ਉਸਦੀਆਂ ਕਹਾਣੀਆਂ ਦੇ ਪਾਤਰ ਧੀਆਂ ਦੇ ਸੁਪਨਿਆਂ ਨੂੰ ਸਕਾਰ ਕਰਨ, ਉਚੀਆਂ ਉਡਾਣਾਂ ਭਰਨ ਦਾ ਸੁਨੇਹਾ ਦਿੰਦੀਆਂ,ਉਸਦੀਆਂ ਕਹਾਣੀਆਂ ਦੇ ਪਾਤਰ ਕੁੱਖ ਬਚਾਉਣ ਦੇ ਨਾਲ-ਨਾਲ ਰੁੱਖ ਲਗਾਉਣ ਦਾ ਸੁਨੇਹਾ ਵੀ ਦਿੰਦੀਆਂ ਸਨ।ਉਸਦੀਆਂ ਕਹਾਣੀਆਂ ਦੇ ਪਾਤਰ ਕਿਸੇ ਵੱਡੇ ਆਦਮੀ ਬਣਨ ਦਾ ਸੁਨੇਹਾ ਦੇਣ ਦੀ ਥਾਂ ਪਹਿਲਾਂ ਵਧੀਆ ਇਨਸਾਨ ਬਣਨ ਦਾ ਪਾਠ ਪੜ੍ਹਾਉਂਦੀਆਂ ਸਨ।
ਬਖਸ਼ਿੰਦਰ ਦਾ ਵਿਛੋੜਾ ਉਸਦੇ ਪੇਕੇ ਅਤੇ ਸਹੁਰੇ ਪਿੰਡ ਲਈ ਅਸਹਿ ਬਣਿਆ ਹੋਇਆ ਹੈ।ਬਖਸਿੰਦਰ ਨੇ ਜਿੱਥੇ ਆਪਣੇ ਪੇਕੇ ਪਿੰਡ ਟਿੱਬੀ ਹਰੀ ਸਿੰਘ ਵਾਲਾ ਵਿਖੇ ਮਾਤਾ ਬਲਵੀਰ ਕੌਰ ਦੇ ਘਰ ਅਤੇ ਆਪਣੇ ਭਰਾਵਾਂ ਜੋਗਿੰਦਰ ਸਿੰਘ ਮਾਨ,ਜਗਮੀਤ ਸਿੰਘ ਮਾਨ ਦੇ ਪਰਿਵਾਰ ਵਿੱਚ ਰਹਿੰਦਿਆਂ ਤੇ ਤੇ ਭੈਣ ਰਾਜਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਸਿੱਧੂ ਦੇ ਨਾਲ ਵਿਚਰਦਿਆਂ ਹਮੇਸ਼ਾ ਹੀ ਆਪਣੇ ਪਰਿਵਾਰ ਦਾ ਨਾਂ ਉਚਾ ਕੀਤਾ,ਉਥੇ ਸਹੁਰੇ ਪਿੰਡ ਮੂਸਾ ਵਿਖੇ ਬਲਵੀਰ ਸਿੰਘ ਸਿੱਧੂ ਦੇ ਘਰ ਰਹਿੰਦਿਆਂ ਕਿਸੇ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਸੀ।ਦੋਨਾਂ ਪਰਿਵਾਰਾਂ ਨਾਲ ਸਾਂਝ ਰੱਖਣ ਵਾਲੇ ਸਕੇ-ਸਬੰਧੀ ਡੂੰਘੇ ਸਦਮੇ ਵਿੱਚ ਹਨ ਕਿ ਮਨੁੱਖਤਾਵਾਦੀ ਸੋਚ ਦੀ ਹਮੇਸ਼ਾ ਹਾਮੀ ਭਰਨ ਵਾਲੀ ਬਖਸ਼ਿੰਦਰ ਕੌਰ ਨਾਲ ਅਜਿਹਾ ਕਿਉਂ ਵਾਪਰਿਆ, ਉਸ ਨੇ ਤਾਂ ਆਪਣੀ ਉਸਾਰੂ ਸੋਚ ਸਦਕਾ ਇੱਕਲੌਤੀ ਧੀ ਨੂੰ ਵੀ ਸਵੀਕਾਰ ਕਰਦਿਆਂ ਬਹੁਤਿਆਂ ਵਾਂਗ ਪੁੱਤ ਲਾਲਸ਼ਾ ਵੀ ਨਹੀਂ ਰੱਖੀ ਸੀ, ਸਗੋਂ ਇਕਲੌਤੀ ਧੀ ਨੂੰ ਹੀ ਪੁੱਤਾਂ ਤੋਂ ਵੱਧਕੇ ਸਮਾਜ ਵਿੱਚ ਉਸਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਹਰ ਕੋਸ਼ਿਸ ਕਰਦੀ ਰਹੀ ਅਤੇ ਉਨ੍ਹਾਂ ਕੋਸਿਸ਼ਾਂ ਨੂੰ ਬੂਰ ਵੀ ਪੈਂਦਾ ਦਿਸਿਆ, ਜਦੋਂ ਉਸਦੀ ਧੀ ਚਾਹਤ, ਜੋ ਅਜੇ ਦੂਸਰੀ ਕਲਾਸ ਦੀ ਬੱਚੀ ਹੈ,ਪਰ ਮਾਂ ਨੇ ਉਸ ਨੂੰ ਜ਼ਮਾਨੇ ਦੇ ਹਾਣ ਦਾ ਬਣਾਉਣ ਲਈ ਹਾਈਟੈਕ ਸਹੂਲਤਾਂ ਚਲਾਉਣ ਦੇ ਕਾਬਲ ਬਣਾ ਦਿੱਤਾ।ਆਪਣੀ ਮਾਂ ਦੀਆਂ ਅਸਥੀਆਂ ਦਬਾਕੇ ਜਦੋਂ ਚਾਹਤ ਪੌਦਾ ਲਗਾ ਰਹੀ ਸੀ ਤਾਂ ਉਥੇ ਮੌਜੂਦ ਹਰ ਨਮ ਅੱਖ ਰੱਬ ਤੋਂ ਇਹੋ ਚਾਹ ਰਹੀ ਸੀ ਕਿ ਬਖਸ਼ਿੰਦਰ ਦੀ ਇਸ ਧੀ ਚਾਹਤ ਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ।
ਇਹ ਇਤਫ਼ਾਕ ਹੀ ਹੈ ਕਿ ਧਰਤੀ ਤੇ ਲੋਕਾਂ ਦੇ ਫ਼ਿਕਰਾਂ ਨੂੰ ਚੁੱਪ-ਚਾਪ ਵਰਕਿਆਂ ਉੱਤੇ ਉਤਾਰਨ ਵਾਲੀ ਇਹ ਮੋਹ ਭਰੀ ਰੂਹ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਜਦੋਂ 27 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਈ ਤਾਂ ਕਰੋਨਾਵਾਇਰਸ ਦੀ ਮਾਰ ਦੇ ਡਰੋਂ ਆਲਾ-ਦੁਆਲਾ ਭੈਭੀਤ ਅਤੇ ਸਮਾਜਿਕ ਮੇਲ ਗੇਲ ਬੰਦ ਹੋ ਚੁੱਕਾ ਸੀ। ਇਸ ਰੌਣਕੀਲੀ ਭੈਣ ਨੂੰ ਸਦੀਵੀਂ ਅਲਵਿਦਾ ਵੇਲੇ ਪਰਿਵਾਰਕ ਜੀਅ, ਸਕੇ ਸਬੰਧੀ ਅਤੇ ਗਿਣੇ ਚੁਣੇ ਸਨੇਹੀ ਹੀ ਸਨ। ਪਰਿਵਾਰ ਨੇ ਕੁਦਰਤ ਨੂੰ ਪਿਆਰ ਕਰਨ ਵਾਲੀ ਬਖ਼ਸ਼ਿੰਦਰ ਦੇ ਫੁੱਲ ਕਿਸੇ ਤੀਰਥ ਸਥਾਨ ਉੱਤੇ ਜਲ ਪ੍ਰਵਾਹ ਕਰਨ ਦੀ ਬਜਾਏ ਅਪਣੇ ਹੀ ਖੇਤਾਂ ਦੇ ਸਪੁਰਦ ਕਰਦਿਆਂ ਉਸ ਥਾਂ ਉੱਤੇ ਧੀ ਚਾਹਤ ਦੇ ਹੱਥੋਂ ਰੁੱਖ ਲਗਵਾਕੇ ਉਸਦੀ ਯਾਦ ਨੂੰ ਸਦੀਵੀਂ ਕਰਨ ਦਾ ਸਰਾਹੁਣਯੋਗ ਉਪਰਾਲਾ ਕਰਕੇ ਨਿੱਗਰ ਪਿਰਤ ਪਾਈ।
ਪਰਿਵਾਰਕ ਮੈਂਬਰਾਂ ਨੇ ਧਰਤੀ ਅਤੇ ਧੀਆਂ ਨੂੰ ਇੱਕੋ ਜਿੰਨਾ ਪਿਆਰ ਅਤੇ ਵਾਤਾਵਰਨ ਦੀ ਸ਼ੁਧਤਾ ਨੂੰ ਸਮਰਪਿਤ ਵਿਛੜੀ ਰੂਹ ਨੂੰ ਰੁੱਖ ਦੇ ਰੂਪ ਵਿੱਚ ਮੁੜ ਕੁਦਰਤ ਦੀ ਗੋਦੀ ਪਾਇਆ।
ਪਿੰਡ, ਪਰਿਵਾਰ ਅਤੇ ਸਭਨਾਂ ਜਾਨਣ ਵਾਲਿਆਂ ਨਾਲ ਅੰਤਾਂ ਦਾ ਮੋਹ ਕਰਨ ਅਤੇ ਦੂਸਰਿਆ ਦੇ ਦੁੱਖ ਦਰਦ ਦਾ ਸਦਾ ਖ਼ਿਆਲ ਰੱਖਣ ਵਾਲੀ ਬਖ਼ਸ਼ਿੰਦਰ ਨਮਿੱਤ ਅੰਤਮ ਅਰਦਾਸ ਅਤੇ ਭੋਗ ਦੀ ਰਸਮ 5 ਅਪਰੈਲ, ਐਤਵਾਰ ਨੂੰ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।