ਸਾਊਦੀ ਅਰਬ ਵੱਸਦੇ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਡਾ: ਸ ਪ ਸਿੰਘ, ਡਾ: ਰਵੇਲ ਸਿੰਘ, ਡਾ: ਹਰਜੋਧ ਸਿੰਘ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ
ਲੁਧਿਆਣਾ: 21 ਸਤੰਬਰ 2021 - ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਨੇੜਲੇ ਪਿੰਡ ਦਾਊਮਾਜਰਾ ਦੇ ਜੰਮਪਲ ਤੇ ਸਾਊਦੀ ਅਰਬ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦਾ ਪਲੇਠਾ ਨਾਵਲ ਨੇਤਰ ਅੱਜ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਡਾ: ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਰਵੇਲ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਗੁਰਭਜਨ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਡਾ: ਹਰਜੋਧ ਸਿੰਘ ਪ੍ਰੋਫ਼ੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕਾਲਿਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸਾਹਿਬਾਨ ਨੇ ਲੋਕ ਅਰਪਨ ਕੀਤਾ।
ਇਸ ਨਾਵਲ ਦਾ ਪ੍ਰਕਾਸ਼ਨ ਅਮਰੀਕਾ ਵੱਸਦੀ ਪੰਜਾਬੀ ਗਲਪਕਾਰ ਪਰਵੇਜ਼ ਸੰਧੂ ਵੱਲੋਂ ਆਪਣੀ ਵਿੱਛੜੀ ਧੀ ਸਵੀਨਾ ਦੀ ਯਾਦ ਵਿੱਚ ਸਥਾਪਿਤ ਸਵੀਨਾ ਪ੍ਰਕਾਸ਼ਨ ਵੱਲੋਂ ਸਵਰਨਜੀਤ ਸਵੀ ਦੀ ਦੇਖ ਰੇਖ ਹੇਠ ਕੀਤਾ ਗਿਆ ਹੈ।
ਲੇਖਕ ਬਾਰੇ ਜਾਣਕਾਰੀ ਦਿੰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਿੰਦਰ ਸਿੰਘ ਦਾਊਮਾਜਰਾ ਸਾਊਦੀ ਅਰਬ ਵਿੱਚ ਕਿਰਤ ਕਰਨ ਗਿਆ ਪੰਜਾਬੀ ਨੌਜਵਾਨ ਹੈ ਜਿਸ ਨੇ ਖਾੜੀ ਦੇਸ਼ਾਂ ‘ਚ ਵੱਸਦਿਆਂ ਪਹਿਲੇ ਪੰਜਾਬੀ ਨਾਵਲਕਾਰ ਹੋਣ ਦਾ ਮਾਣ ਹਾਸਲ ਕੀਤਾ ਹੈ। ਉਸ ਨੇ ਅੱਜ ਸਾਊਦੀ ਅਰਬ ਤੋਂ ਟੈਲੀਫ਼ੋਨ ਤੇ ਸੰਪਰਕ ਕਰਕੇ ਸਮਾਗਮ ਚ ਸ਼ਾਮਿਲ ਲੇਖਕਾਂ ਨੂੰ ਦੱਸਿਆ ਕਿ ਮਾਂ ਬੋਲੀ ਦੀ ਮੁਹੱਬਤ ਅਤੇ ਸ਼ਕਤੀ ਨੇ ਹੀ ਮੇਰੀ ਸੰਵੇਦਨਸ਼ੀਲਤਾ ਨੂੰ ਕਰੜੀ ਮਿਹਨਤ ਦੇ ਬਾਵਜੂਦ ਸਾਂਭ ਕੇ ਰੱਖਿਆ ਹੈ। ਉਸ ਦੇ ਵਿਨੀਪੈਗ(ਕੈਨੇਡਾ) ਵੱਸਦੇ ਦੋਸਤਾਂ ਡਾ: ਨਿਰਮਲ ਸਿੰਘ ਹਰੀ ਅਤੇ ਜਸਪ੍ਰੀਤ ਹਰੀ ਨੇ ਉਸ ਦੇ ਸਿਰਜਣਾਤਮਕ ਆਪੇ ਨੂੰ ਲਗਾਤਾਰ ਜਗਾਈ ਤੇ ਮਘਾਈ ਰੱਖਿਆ ਜਿਸ ਨਾਲ ਉਹ ਨੇਤਰ ਨਾਵਲ ਸੰਪੂਰਨ ਕਰ ਸਕਿਆ।
ਨਾਵਲ ਲੋਕ ਅਰਪਨ ਕਰਦਿਆਂ ਡਾ: ਸ ਪ ਸਿੰਘ ਨੇ ਕਿਹਾ ਕਿ ਖਾੜੀ ਦੇਸ਼ਾਂ ਚ ਵੱਸਦੇ ਪਰਵਾਸੀ ਲੇਖਕਾਂ ਦੀ ਸੂਰਮਗਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਮਾਰੂਥਲ ਵਿੰਚ ਕੰਵਲ ਫੁੱਲ ਉਗਾ ਰਹੇ ਹਨ। ਨੇਤਰ ਨਾਵਲ ਨੂੰ ਲੋਕ ਅਰਪਨ ਕਰਦਿਆਂ ਮੈਨੂੰ ਉਸ ਸੁਪਨੇ ਦੀ ਪੂਰਤੀ ਹੋ ਰਹੀ ਹੈ ਜੋ ਲਗਪਗ ਚਾਲੀ ਸਾਲ ਪਹਿਲਾਂ ਮੈਂ ਪਰਵਾਸੀ ਸਾਹਿੱਤ ਅਧਿਐਨ ਦੇ ਰੂਪ ਵਿੱਚ ਲਿਆ ਸੀ। ਉਦੋਂ ਤੀਕ ਅਜੇ ਵਲਾਇਤ ਹੀ ਪਰਵਾਸੀ ਸਾਹਿੱਤ ਦਾ ਕੇਂਦਰ ਸੀ ਪਰ ਹੁਣ ਕੈਨੇਡਾ, ਅਮਰੀਕਾ ,ਆਸਟਰੇਲੀਆ ਤੇ ਨਿਉਜ਼ੀਲੈਂਡ ਵੀ ਸਰਗਰਮ ਦੇਸ਼ ਹਨ। ਉਨ੍ਹਾਂ ਕਿਹਾ ਕਿ ਪਰਵਾਸ ਤ੍ਰੈਮਾਸਿਕ ਪੱਤਰ ਵਿੱਚ ਇਸ ਨਾਵਲ ਨੂੰ ਮੁਲਾਂਕਣ ਅਧੀਨ ਲਿਆਂਦਾ ਜਾਵੇਗਾ।
ਡਾ: ਰਵੇਲ ਸਿੰਘ ਨੇ ਕਿਹਾ ਕਿ ਇਸ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਅਨੇਕ ਸਰਗਰਮੀਆਂ ਤੇ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਪੂਰੇ ਗਲੋਬ ਤੇ ਵੱਸਦੇ ਲੇਖਕਾਂ ਨੂੰ ਇੱਕ ਲੜੀ ਵਿੱਚ ਪਰੋਇਆ ਹੈ। ਇਸ ਪਿਛਲੀ ਸ਼ਕਤੀ ਡਾ: ਸ ਪ ਸਿੰਘ ਜੀ ਹਨ ਜੋ ਇਸ ਮਹਾਨ ਵਿਦਿਅਕ ਸੰਸਥਾ ਦੇ ਪ੍ਰਧਾਨ ਵੀ ਹਨ।
ਡਾ: ਹਰਜੋਧ ਸਿੰਘ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਵੀ ਇਸ ਨਾਵਲ ਬਾਰੇ ਵਿਚਾਰ ਗੋਸ਼ਟੀ ਕਰਕੇ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਨੂੰ ਇਸ ਰਚਨਾ ਲਈ ਮੁਬਾਰਕ ਦਿੱਤੀ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਆਏ ਮਹਿਮਾਨ ਲੇਖਕਾਂ ਗੁਰਭਜਨ ਗਿੱਲ,ਡਾ: ਰਵੇਲ ਸਿੰਘ, ਡਾ: ਹਰਜੋਧ ਸਿੰਘ, ਦਿੱਲੀ ਯੂਨੀਵਰਸਿਟੀ ਦੇ ਖੋਜ ਵਿਦਿਆਰਥੀ ਮਨਜੀਤ ਸਿੰਘ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਵੀਨਾ ਪ੍ਰਕਾਸ਼ਨ ਦੀ ਇਸ ਮਹੱਤਵਪੂਰਨ ਪ੍ਰਕਾਸ਼ਨ ਨੂੰ ਲੋਕ ਅਰਪਨ ਕਰਨ ਲਈ ਸਮਾਂ ਦਿੱਤਾ ਹੈ।
ਇਸ ਮੌਕੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਪੋਸਟ ਗਰੈਜੂਏਟ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ,ਪ੍ਰੋ: ਸ਼ਰਨਜੀਤ ਕੌਰ ਤੇ ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਹਾਜ਼ਰ ਸਨ।