ਚੰਡੀਗੜ੍ਹ, 05 ਫਰਵਰੀ 2020 - ਐਨ.ਬੀ.ਟੀ. ਦੇ ਕਿਤਾਬ ਮੇਲੇ ਵਿਚ 'ਪੰਜਾਬ ਤਾਰੀਖ ਗਵਾਚੀ ਸਦੀਆਂ ਦੀ...' ਵਿਸ਼ੇ ਹੇਠ ਹੋਈ ਵਿਚਾਰ-ਚਰਚਾ ਵਿਚ ਨਾਮਚਿੰਨ੍ਹ ਸਾਹਿਤਕਾਰ ਡਾ. ਸੁਭਾਸ਼ ਪਰਿਹਾਰ ਨੇ ਆਪਣੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਛੂੰਹਦਿਆਂ ਕਿਹਾ ਕਿ ਆਪਣੇ ਇਕ ਮਿੱਤਰ ਦੇ ਘਰ ਪਾਸ਼ ਦੀ ਕਿਤਾਬ ਮੇਰੇ ਹੱਥ ਲੱਗੀ ਤੇ ਬੱਸ ਉਸ ਕਿਤਾਬ ਨੇ ਹੀ ਮੈਨੂੰ ਪੰਜਾਬੀ ਸਾਹਿਤਕਾਰ ਬਣਾ ਦਿੱਤਾ।
ਸੁਭਾਸ਼ ਪਰਿਹਾਰ ਨੇ ਆਖਿਆ ਕਿ ਮੈਂ ਤਾਂ ਸਰੀਤਾ ਹੀ ਪੜ੍ਹਦਾ ਰਹਿੰਦਾ ਸੀ, ਪਰ ਪੰਜਾਬੀ ਸਾਹਿਤ ਦੇ ਵਿਹੜੇ ਆ ਕੇ ਮੈਂ ਏਨੇ ਵੱਖ-ਵੱਖ ਵਿਧਾਵਾਂ ਦੇ ਗਿਆਨ ਹਾਸਲ ਕਰ ਲਏ ਤੇ ਹੋਰ ਵੱਧ ਪੜ੍ਹਨ ਦੀ ਲਾਲਸਾ ਵਧ ਗਈ ਹੈ। ਧਿਆਨ ਰਹੇ ਕਿ ਡਾ. ਸੁਭਾਸ਼ ਪਰਿਹਾਰ ਇਕ ਖੋਜੀ ਸਾਹਿਤਕਾਰ ਹਨ, ਜਿਨ੍ਹਾਂ ਆਗਰੇ ਤੋਂ ਲਾਹੌਰ ਤੱਕ ਦੇ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਕਿੱਥੇ-ਕਿੱਥੇ ਕਿਹੜੀ ਸਰਾਂ, ਕਿਹੜੀ ਬੌੜੀ ਤੇ ਕਿਹੜੇ-ਕਿਹੜੇ ਫਲਾਂ ਦੇ ਦਰੱਖਤ ਹੁੰਦੇ ਸਨ, ਇਹ ਵੱਡੀ ਖੋਜ ਕੀਤੀ ਹੈ।
ਇਸੇ ਤਰ੍ਹਾਂ ਮੁਗਲ ਅਤੇ ਸਿੱਖ ਰਾਜ ਦੀਆਂ ਇਤਿਹਾਸਕ ਇਮਾਰਤਾਂ ਦੀ ਖੋਜ ਵੀ ਉਨ੍ਹਾਂ ਦਾ ਵੱਡਾ ਕਾਜ ਹੈ। ਇਸ ਪੂਰੇ ਵਿਚਾਰ ਸੈਸ਼ਨ ਨੂੰ ਆਪਣੇ ਰੁਮਾਂਚਿਕ ਸਵਾਲਾਂ ਨਾਲ ਖੁਸ਼ਵੰਤ ਬਰਗਾੜੀ ਨੇ ਸਰੋਤਿਆਂ ਲਈ ਖਿੱਚ ਦਾ ਕੇਂਦਰ ਬਣਾਈ ਰੱਖਿਆ। ਸਮੁੱਚੇ ਪੈਨਲ ਦਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਸਰੋਤਿਆਂ ਦਾ ਐਨ.ਬੀ.ਟੀ. ਵਲੋਂ ਡਾ. ਨਵਜੋਤ ਕੌਰ ਨੇ ਧੰਨਵਾਦ ਕੀਤਾ।