ਪੰਜਾਬੀ ਲੇਖਕ ਮੰਚ ਦੀ ਮਹੀਨਵਾਰ ਮੀਟਿੰਗ 'ਚ ਰਚਨਾਵਾਂ ਦਾ ਦੌਰ ਚੱਲਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਨਵੰਬਰ 2021 - ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਅਹਿਮ ਮੀਟਿੰਗ ਐੱਸ.ਡੀ.ਐੱਮ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਈ | ਇਸ ਮੌਕੇ ਇਲਾਕੇ ਦੇ ਨਵੇਂ-ਪੁਰਾਣੇ ਲੇਖਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਮੰਚ ਦੇ ਪ੍ਰਧਾਨ ਜੀਤ ਕੰਮੇਆਣਾ ਅਤੇ ਸਰਪ੍ਰਸਤ ਜਗੀਰ ਸੱਧਰ ਵੱਲੋਂ ਪਹੁੰਚੇ ਸਮੂਹ ਮੈਂਬਰਾਂ ਅਤੇ ਧੰਨਵਾਦ ਕੀਤਾ ਗਿਆ | ਉਨ੍ਹਾਂ ਮੀਟਿੰਗ ਦੀ ਕਾਰਵਾਈ ਲਿਖਣ ਦਾ ਅਧਿਕਾਰ ਬਲਵਿੰਦਰ ਸਿੰਘ ਫ਼ਿੱਡੇ ਨੂੰ ਦਿੱਤਾ | ਇਸ ਮੌਕੇ ਸਰਵਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ | ਇਸ ਮੌਕੇ ਦਸਬੰਰ ਮਹੀਨੇ 'ਚ ਪੰਜਾਬੀ ਲੇਖਕ ਮੰਚ ਵੱਲੋਂ ਸਲਾਨਾ ਸਮਾਗਮ ਕਰਾਉਣ ਦਾ ਮਤਾ ਪਾਸ ਕੀਤਾ ਗਿਆ | ਜਿਸ ਦੀ ਰੂਪ ਰੇਖਾ ਜਲਦ ਤਿਆਰ ਕੀਤੀ ਜਾਵੇਗੀ |
ਇਸ ਮੌਕੇ ਰਚਨਾਵਾਂ ਦਾ ਦੌਰ ਚੱਲਿਆ | ਬਲਵਿੰਦਰ ਸਿੰਘ ਗਰਾਈ ਨੇ ਕਵਿਤਾ 'ਕਦੇ ਤਾਂ ਬੰਦਿਆਂ ਜਿਉਂ ਕੇ ਵੇਖ, ਸੁਣਾ ਕੇ ਮਹਿਫ਼ਲ ਨੂੰ ਦਾ ਮੁੱਢ ਬੰਨਿਆ | ਫ਼ਿਰ ਲਖਵਿੰਦਰ ਕੋਟ ਸੁਖੀਆ ਨੇ 'ਕਿਸਨ ਅੰਦੋਲਨ ਬਣਜੂ ਇਤਿਹਾਸ ਨਾਲ ਕਿਸਾਨੀ ਸੰਘਰਸ਼ ਦੇ ਹੱਕ 'ਚ ਹਾਮੀ ਭਰੀ | ਮਨਜਿੰਦਰ ਗੋਹਲੀ ਨੇ ਆਪਣੀ ਗਜ਼ਲ ਸੁਣਾ ਕੇ ਦਮਦਾਰ ਲੇਖਣੀ ਦੇ ਮਾਲਕ ਹੋਣ ਸਬੂਤ ਦਿੱਤਾ | ਪ੍ਰਧਾਨ ਜੀਤ ਕੰਮੇਆਣਾ ਨੇ ਭਾਵਪੂਰਤ ਹਾਜ਼ਰੀ ਲਗਵਾਈ | ਸੁਰੀਲੇ ਲੋਕ ਗਾਇਕ ਮੇਜਰ ਮਹਿਰਮ ਨੇ ਤਰੰਨਮ 'ਚ ਆਪਣੀ ਅਰਥ ਭਰਪੂਰ ਗਾਇਕੀ ਨਾਲ ਸਭ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ |
ਖੂਬਸੂਰਤ ਸ਼ਬਦਾਂ ਅਤੇ ਦਮਦਾਰ ਗਾਇਕੀ ਦੇ ਸੁਮੇਲ ਨਾਲ ਮੇਜਰ ਮਹਿਰਮ ਨੇ ਇਸ ਮੀਟਿੰਗ ਨੂੰ ਯਾਦਗਰੀ ਬਣਾ ਦਿੱਤਾ | ਸਾਹਿਬ ਕੰਮੇਆਣਾ ਨੇ ਲੋਕ ਤੱਥਾਂ ਦੀ ਸਹਿਜ ਪੇਸ਼ਕਾਰੀ ਨਾਲ ਪ੍ਰਭਾਵਿਤ ਕੀਤਾ | ਤਾਰਾ ਕੰਮੇਆਣਾ ਨੇ ਸਿਸਟਮ ਰਾਹੀਂ ਸਰਕਾਰ ਨੂੰ ਪ੍ਰਬੰਧਾਂ ਨੂੰ ਚੰਗੇਰੇ ਬਣਾਉਣ ਵਾਸਤੇ ਸੁਝਾਅ ਦਿੱਤੇ | ਨਾਮਵਰ ਫ਼ਿਲਮ ਡਾਇਰੈੱਕਟਰ ਸਰਬਜੀਤ ਸਿੰਘ ਟੀਟੂ ਨੇ ਦੱਸਿਆ ਕਿ ਜਲਦ ਹੀ ਵਧੀਆ ਲੇਖਕਾਂ ਦੇ ਪਿਆਰ ਸਦਕਾ ਸਮਾਜਿਕ ਕੁਰੀਤੀਆਂ ਦੇ ਖਾਤਮੇ ਦੇ ਉਦੇਸ਼ ਨਾਲ ਸਾਹਿਤਕ ਰੰਗ 'ਚ ਰੰਗੀ ਫ਼ਿਲਮ ਤਿਆਰ ਕੀਤੀ ਜਾ ਰਹੀ ਹੈ | ਇਸ ਮੀਟਿੰਗ ਦੌਰਾਨ ਪ੍ਰਸਿੱਧ ਸਾਹਿਤਕਾਰ ਜਗੀਰ ਸੱਧਰ ਨੇ ਜੀਣ ਦੀ ਜਾਂਚ ਆਈ, ਜੀਵਨ ਗੁਜ਼ਾਰ ਕੇ ਮਾਹੌਲ ਨੂੰ ਮਨਮੋਹਕ ਕਰ ਦਿੱਤਾ, ਕਿ੍ਸ਼ਨ ਅਤੇ ਹੈਰੀ ਭੋਲੂਵਾਲਾ ਨੇ ਗੀਤਾਂ ਰਾਹੀਂ ਸਭ ਦਾ ਪਿਆਰ ਪ੍ਰਾਪਤ ਕੀਤਾ |