ਪੂਰਬ, ਪੱਛਮ ਤੇ ਪਰਵਾਸ ਸਾਨੂੰ ਸੁਰਿੰਦਰ ਸੀਰਤ ਦੀ ਕਹਾਣੀ ਸਾਨੂੰ ਵਕਤ ਦੇ ਰੂ ਬ ਰੂ ਖੜ੍ਹਾ ਕਰਦੀ ਹੈ- ਗੁਰਭਜਨ ਗਿੱਲ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 1 ਜੂਨ 2022- ਜੀ. ਜੀ. ਐੱਨ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੈਲੇਫੋਰਨੀਆ (ਅਮਰੀਕਾ)ਵੱਸਦੇ ਬਹੁ ਪੱਖੀ ਪ੍ਰਤਿਭਾ ਵਾਲੇ ਲੇਖਕ ਸੁਰਿੰਦਰ ਸੀਰਤ ਦਾ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’ ਲੋਕ ਅਰਪਿਤ ਕੀਤਾ ਗਿਆ।
ਪੁਸਤਕ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਿੰਦਰ ਸੀਰਤ ਜੰਮੂ ਵੱਸਦਿਆਂ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਸੀ ਅਤੇ ਸਾਹਿੱਤ ਦੀਆਂ ਤਿੰਨ ਵੰਨਗੀਆਂ ਪੰਜਾਬੀ ਗ਼ਜ਼ਲ, ਕਹਾਣੀ ਅਤੇ ਨਾਵਲ ਨਿਗਾਰੀ ਵਿੱਚ ਇੱਕੋ ਜਹੀ ਸ਼ਕਤੀ ਨਾਲ ਅੱਗੇ ਵਧ ਰਿਹਾ ਸੀ। ਹੁਣ ਅਮਰੀਕਾ ਵੱਸਦਿਆਂ ਉਸ ਦੀ ਗ਼ਜ਼ਲ ਨੇ ਆਪਣੀ ਸੰਘਣੀ ਤੇ ਸਰਬਾਂਗੀ ਸੋਚ ਧਾਰਾ ਕਾਰਨ ਬਿਲਕੁਲ ਨਿਵੇਕਲਾ ਸਥਾਨ ਗ੍ਰਹਿਣ ਕਰ ਲਿਆ ਹੈ।
ਉਸ ਦੀਆਂ ਇਸ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਸਾਨੂੰ ਪੂਰਬ ਤੇ ਪੱਛਮ ਦੇ ਸੁਮੇਲ ਵਿੱਚੋਂ ਵਿਕਸਤ ਸਥਿਤੀ ਪਰਵਾਸ ਦੇ ਰੂ ਬ ਰੂ ਖੜ੍ਹਾ ਕਰਦੀਆਂ ਹਨ। ਡਾਃ ਸੁਖਦੇਵ ਸਿੰਘ ਖਾਹਰਾ ਤੇ ਕੈਨੇਡਾ ਵੱਸਦੇ ਸਰਬਾਂਗੀ ਲੇਖਕ ਰਵਿੰਦਰ ਰਵੀ ਨੇ ਵੀ ਇਸ ਪੁਸਤਕ ਨੂੰ ਨਿਵੇਕਲੀ ਕਿਰਤ ਕਿਹਾ ਹੈ।
ਇਸ ਮੌਕੇ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਕਿਹਾ ਕਿ ਗਲਪ ਦੇ ਖੇਤਰ ਵਿਚ ਇਹ ਉਹਨਾਂ ਦੀ ਦੂਸਰੀ ਪੁਸਤਕ ਹੈ ਇਸ ਤੋਂ ਪਹਿਲਾਂ ਉਹਨਾਂ ਦਾ ਨਾਵਲ ‘ਭਰਮ ਭੁਲਈਆਂ’ 1986 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਹੁਣ ਤੱਕ ਉਹਨਾਂ ਦੇ ਸੱਤ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਸੀਰਤ ਦੀ ਲਿਖਤ ਸਾਨੂੰ ਜਟਿਲ ਮਨੁੱਖ ਦੇ ਅੰਦਰੂਨੀ ਸੰਸਾਰ ਨਾਲ ਮਿਲਾਉਂਦੀ ਹੈ।
ਇਸ ਮੌਕੇ ਸੁਰਿੰਦਰ ਸੀਰਤ ਨੇ ਆਪਣੇ ਰਚਨਾ ਸੰਸਾਰ ਬਾਰੇ, ਅਮਰੀਕਾ ਦੇ ਜਨ ਜੀਵਨ, ਪਰਵਾਸ ਦੇ ਅਨੁਭਵ, ਅਮਰੀਕਾ ਵਿਚ ਪੰਜਾਬੀ ਸਾਹਿਤ ਦੀ ਸਥਿਤੀ, ਸਾਹਿਤ ਸਭਾਵਾਂ ਦੀ ਕਾਰਗੁਜਾਰੀ ਬਾਰੇ ਚਰਚਾ ਕੀਤੀ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਤੇਜਿੰਦਰ ਕੌਰ ਨੇ ਇਸ ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਇਸ ਕਹਾਣੀ ਸੰਗ੍ਰਹਿ ਪੂਰਬ ਪੱਛਮ ਤੇ ਪਰਵਾਸ’ ਵਿਚ ਕੁਲ ਗਿਆਰਾਂ ਕਹਾਣੀਆਂ ਹਨ ਅਤੇ ਪਹਿਲੀ ਕਹਾਣੀ ਦੇ ਸਿਰਲੇਖ ਦੇ ਆਧਾਰ ਤੇ ਹੀ ਕਹਾਣੀ ਸੰਗ੍ਰਹਿ ਦਾ ਸਿਰਲੇਖ ਰੱਖਿਆ ਗਿਆ ਹੈ। ਇਹਨਾਂ ਕਹਾਣੀਆਂ ਵਿਚ ਭਾਰਤ ਤੋਂ ਹਿਜ਼ਰਤ ਕਰਕੇ ਅਮਰੀਕਾ ਆਣ ਵੱਸੇ ਪਰਵਾਸੀਆਂ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਚਿਤਰਿਆ ਗਿਆ ਹੈ।
ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਮਨਜੀਤ ਸਿੰਘ ਛਾਬੜਾ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਹਨਾਂ ਕਹਾਣੀਆਂ ਨੂੰ ਪੜਦਿਆਂ ਸਾਨੂੰ ਇਸ ਵਿੱਚੋਂ ਜੰਮੂ ਕਸ਼ਮੀਰ ਖਿਤੇ ਦੀ ਅਨੂਠੀ ਰੰਗਤ ਵਾਲੀ ਪੰਜਾਬੀ ਨੂੰ ਮਾਨਣ ਦਾ ਵੀ ਮੌਕਾ ਮਿਲਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੇ ਕਿਹਾ ਕਿ ਸੁਰਿੰਦਰ ਸੀਰਤ ਨਿਰੰਤਰ ਸਰਗਰਮ ਰਹਿਣ ਵਾਲਾ ਲੇਖਕ ਹੈ। ਅਮਰੀਕਾ ਪਰਵਾਸ ਤੋਂ ਪਹਿਲਾਂ ਉਸਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਸਾਹਿਤਕ ਜਗਤ ਵਿਚ ਆਪਣੀ ਪਛਾਣ ਕਾਇਮ ਕੀਤੀ ਸੀ। ਸ਼ਾਇਰੀ ਵਿਚ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰੇਰਨਾ ਸਦਕਾ ਗ਼ਜ਼ਲ ਉਸਦੀ ਮਨਪੰਸਦ ਸਿਨਫ਼ ਬਣੀ ਹੈ। ਗਲਪ ਦੇ ਖੇਤਰ ਵਿਚ ਉਸਨੇ ਨਾਵਲ ਅਤੇ ਕਹਾਣੀ ਦੋਹਾਂ ਹੀ ਵਿਧਾਵਾਂ ਵਿਚ ਵਰਨਣ ਯੋਗ ਹਾਜ਼ਰੀ ਲਗਵਾਈ ਹੈ। ਇਸ ਮੌਕੇ ਸ. ਸਾਹਿਬ ਥਿੰਦ, ਪ੍ਰਧਾਨ ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਰੀ, ਕੈਨੇਡਾ, ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ,ਸ਼ਰਨਜੀਤ ਕੌਰ ਅਤੇ ਡਾ. ਮਨਦੀਪ ਕੌਰ ਰੰਧਾਵਾ ਵੀ ਹਾਜ਼ਰ ਸਨ।