- ਜ਼ਿਲ੍ਹਾ ਮੁਖੀ ਜੀਓਜੀ ਮੇਜਰ ਜਨਰਲ (ਸੇਵਾ ਮੁਕਤ) ਬਲਵਿੰਦਰ ਸਿੰਘ ਵੱਲੋਂ ਲਿਖੀ ਗਈ ਹੈ ਕਿਤਾਬ
ਜਲੰਧਰ, 11 ਦਸੰਬਰ 2020 - ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਜ਼ਿਲ੍ਹਾ ਮੁਖੀ ਜੀਓਜੀ ਮੇਜਰ ਜਨਰਲ (ਸੇਵਾ ਮੁਕਤ) ਬਲਵਿੰਦਰ ਸਿੰਘ ਵੱਲੋਂ ਲਿਖਿਤ ਕੌਫੀ ਟੇਬਲ ਪੁਸਤਕ 'ਏਕ ਓਂਕਾਰ- ਇਕ ਸੁਪਰੀਮ ਰਿਆਲਿਟੀ' ਰਿਲੀਜ਼ ਕੀਤੀ।
ਵਿਰਸਾ ਵਿਹਾਰ ਵਿਚ ਕੌਫੀ ਟੇਬਲ ਪੁਸਤਕ ਦੇ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬਿਤਾਏ ਸਮੇਂ 'ਤੇ ਚਾਨਣਾ ਪਾਉਂਦੀ ਹੈ, ਜਿਨ੍ਹਾਂ ਆਪਣੇ ਜੀਵਨ ਦੇ 14 ਸਾਲ ਇਥੇ ਬਿਤਾਏ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ।
ਉਨ੍ਹਾਂ ਕਿਹਾ ਕਿ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਚਿੱਤਰਾਂ ਦੇ ਮਾਧਿਅਮ ਨਾਲ ਸਾਡੇ ਸਮਾਜ ਨੂੰ ਉਨ੍ਹਾਂ ਦੇ ਸਰਬ ਵਿਆਪੀ ਸੰਦੇਸ਼ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਸੱਚੇ ਸਮਾਜ ਸੁਧਾਰਕ ਅਤੇ ਮਹਾਨ ਅਧਿਆਤਮਕ ਦੂਤ ਸਨ, ਜਿਨ੍ਹਾਂ ਆਪਣੇ ਜੀਵਨ ਅਤੇ ਫ਼ਲਸਫ਼ੇ ਰਾਹੀਂ ਪਿਆਰ, ਦਿਆ, ਆਪਸੀ ਸਹਿਣਸ਼ੀਲਤਾ, ਵਿਸ਼ਵਵਿਆਪੀ ਭਾਈਚਾਰੇ ਅਤੇ ਮਨੁੱਖਤਾ ਦੀ ਏਕਤਾ ਦਾ ਪ੍ਰਚਾਰ ਕੀਤਾ।
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ ਅਤੇ ਅੰਧਵਿਸ਼ਵਾਸਾਂ ਤੋਂ ਮੁਕਤ ਜਾਤੀ-ਰਹਿਤ ਸਮਾਜ ਦੀ ਕਲਪਨਾ ਕਰਦਿਆਂ ਪਖੰਡ, ਝੂਠ ਅਤੇ ਜਾਤ-ਪਾਤ ਦਾ ਸਖਤ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੰਗਤ ਅਤੇ ਪੰਗਤ’ ਦੇ ਸੰਕਲਪ ਰਾਹੀਂ ਸਮਾਜਿਕ ਬਰਾਬਰੀ ਲਿਆਉਣ ਲਈ ਅਣਥੱਕ ਯਤਨ ਕੀਤੇ, ਜਿਸ ਨਾਲ ਸਮਾਜ ਵਿੱਚੋਂ ਜਾਤੀਵਾਦ ਦੀ ਬੁਰਾਈ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਿੱਖਿਆ ਸ਼ਾਸਤਰੀ ਅਰਵਿੰਦ ਰਾਜਪੂਤ, ਹਰਪ੍ਰੀਤ ਬੱਲ, ਕੰਵਲਜੀਤ ਕੌਰ, ਲਵੀਨਾ, ਸ਼ਰਨ ਰਾਜਪੂਤ, ਆਰੀਅਨ, ਬਖਸ਼ੀਸ਼ ਸਿੰਘ, ਗਗਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਅਮਰਜੀਤ ਸਿੰਘ ਅਤੇ ਹੋਰਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਕੌਫੀ ਟੇਬਲ ਪੁਸਤਕ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ।