ਇਸ ਤਪਦੇ ਬਲ ਵਿਚ
ਦੂਸਰਾ ਕਿਹੜਾ ਖਲੋਏਗਾ
ਏਸੇ ਹੀ ਥਲ ਚੋਂ ਉੱਗਿਆ
ਕੋਈ ਬਿਰਖ ਹੋਏਗਾ
ਅਜਮੇਰ ਸਿੰਘ ਔਲਖ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਵਿਚ ਇਹ ਤੁਕਾਂ ਉਭਰਦੀਆਂ ਹਨ।
ਔਲਖ ਦੀ ਸਖਸ਼ੀਅਤ,ਉਸਦੇ ਬੋਲ,ਉਸ ਦੇ ਨਾਟਕਾਂ ਦੇ ਵਿਸ਼ੇ,ਉਸ ਦੇ ਨਾਟਕਾਂ ਦੇ ਕਿਰਦਾਰ,ਉਸ ਦਾ ਰੰਗਮੰਚ ਤਪਦੇ ਥਲ ਵਿੱਚੋਂ ਉੱਗੇ ਬਿਰਖ ਜਿਹਾ ਦਿੰਦੇ ਹਨ।
ਉਸ ਦੀ ਰਚਨਾ ਦੀਆਂ ਜੜ੍ਹਾਂ ਇਸ ਧਰਤੀ ਵਿਚ ਗਹਿਰੀਆਂ ਹਨ।ਉਹ ਇਸ ਧਰਤੀ ਦੇ ਦੁੱਖ ਸੁਖ ਨੂੰ ਜਾਣਦਾ ਹੈ ਤੇ ਧਰਤੀ ਦੇ ਜਾਇਆਂ ਨੂੰ ਛਾਂ ਤੇ ਫਲ ਦੇਣੇ ਚਾਹੁੰਦਾ ਹੈ।
ਉਸ ਦਾ ਆਪਣਾ ਜੀਵਨ ਇਸ ਧਰਤੀ ਦੀਆਂ ਕਠੋਰ ਹਕੀਕਤਾਂ ਨਾਲ ਜੁੜਿਆ ਹੋਇਆ ਹੈ।
ਉਹ ਇਸ ਧਰਤੀ ਦੇ ਵਾਹੀਕਾਰਾਂ ਵਿੱਚ ਜੰਮਿਆਂ ਪਲਿਆ ਹੈ।
ਉਸ ਨੇ ਉਨ੍ਹਾਂ ਦੀ ਜਿੰਦਗੀ ਦੇਖੀ ਹੀ ਨਹੀਂ, ਜੀਉਂਈ ਹੈ।
ਉਹ ਮਿੱਟੀ ਨਾਲ ਮਿੱਟੀ ਹੋਇਆ ਹੈ ਤਦੇ ਹੀ ਤਾਂ ਉਸ ਦੀ ਰਚਨਾ ਅਤੇ ਸਖਸ਼ੀਅਤ ਵਿੱਚੋਂ ਮਿੱਟੀ ਦੀ ਮਹਿਕ ਆਉਂਦੀ ਹੈ।