ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਨਮਾਨ ਸਮਾਰੋਹ ਪੁਸਤਕ ਲੋਕ ਅਰਪਣ ਅਤੇ ਗੋਸ਼ਟੀ ਕਰਵਾਈ
ਬਰਨਾਲਾ 09 ਜਨਵਰੀ 2022 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਲੋਕ ਕਵੀ ਸਿੰਦਰ ਧੌਲਾ ਦੇ ਗੀਤ ਸੰਗ੍ਰਹਿ ਜਿੱਤਾਂਗੇ ਜੰਗ ਉਪਰ ਗੋਸ਼ਟੀ ਕਰਵਾਈ ਗਈ ਜਿਸ ਉਪਰ ਪਰਚਾ ਪਡ਼੍ਹਦਿਆਂ ਸ ਤੇਜਾ ਸਿੰਘ ਤਿਲਕ ਨੇ ਕਿਹਾ ਸਿੰਦਰ ਧੌਲਾ ਦੇ ਗੀਤ ਕਿਰਤੀ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਰੋਹ ਪੈਦਾ ਕਰਦੇ ਹਨ । ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਿੰਦਰ ਧੌਲਾ ਦੇ ਗੀਤ ਲੋਕ ਸੰਘਰਸ਼ਾਂ ਦੀ ਉਪਜ ਹਨ ਜਿਨ੍ਹਾਂ ਅੰਦਰ ਸਮਾਜਿਕ ਚੇਤਨਾ ਵੀ ਮੌਜੂਦ ਹੈ ।
ਉਪਰੰਤ ਲੋਕ ਕਵੀ ਰਾਮ ਸਿੰਘ ਹਠੂਰ ਦੇ ਗੀਤ ਸੰਗ੍ਰਹਿ ਅੰਨ ਦੇ ਭੰਡਾਰ ਦਾ ਲੋਕ ਅਰਪਣ ਕੀਤਾ ਗਿਆ ।ਜਿਸ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਰਾਮ ਸਿੰਘ ਹਠੂਰ ਦੀਆਂ ਰਚਨਾਵਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਦੀ ਗੱਲ ਕਰਦੀਆਂ ਸਮਾਜਿਕ ਕਾਣੀ ਵੰਡ ਨੂੰ ਉਜਾਗਰ ਕਰਦੀਆਂ ਹਨ। ਡਾ ਕੁਲਵੰਤ ਸਿੰਘ ਜੋਗਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਾਮ ਸਿੰਘ ਹਠੂਰ ਬਾਬਰ ਕਿਆਂ ਨਾਲ ਨਹੀਂ ਸਗੋਂ ਆਪਣੀਆਂ ਲਿਖਤਾਂ ਨਾਲ ਬਾਬੇ ਕਿਆਂ ਦੀ ਧਿਰ ਤੇ ਆਸਰਾ ਬਣਦਾ ਹੈ ।ਇਨ੍ਹਾਂ ਤੋਂ ਇਲਾਵਾ ਜਗਰਾਜ ਧੌਲਾ ਭੋਲਾ ਸਿੰਘ ਸੰਘੇੜਾ ਦਰਸ਼ਨ ਸਿੰਘ ਗੁਰੂ ਕੰਵਰਜੀਤ ਭੱਠਲ ਪਰਮਜੀਤ ਮਾਨ ਰਾਮ ਸਰੂਪ ਸ਼ਰਮਾ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਭਾ ਦੀ ਰਵਾਇਤ ਮੁਤਾਬਕ ਸਭਾ ਦੇ ਮੁੱਖ ਸਲਾਹਕਾਰ ਤੇਜਾ ਸਿੰਘ ਤਿਲਕ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਡਾ ਰਵੀ ਸ਼ੇਰਗਿੱਲ ਦੇ ਕਹਾਣੀ ਸੰਗ੍ਰਹਿ ਕਿਤੇ ਉਹ ਨਾ ਹੋਵੇ ਦੇ ਲੋਕ ਅਰਪਣ ਦੀ ਖ਼ੁਸ਼ੀ ਵਿੱਚ ਗੁਰਜੰਟ ਸਿੰਘ ਸੋਹਲ ਗੱਜਣ ਸਿੰਘ ਦਾਨਗਡ਼੍ਹ ਹਰੀ ਸਿੰਘ ਮਾਨ ਧਨੌਲਾ ਦੇ ਕਵੀਸ਼ਰੀ ਜਥੇ ਦਾ ਸਨਮਾਨ ਕੀਤਾ ਗਿਆ ।ਸਭਾ ਦੇ ਖਜ਼ਾਨਚੀ ਅਤੇ ਸਮਰੱਥ ਗੀਤਕਾਰ ਹਾਕਮ ਸਿੰਘ ਰੂੜੇਕੇ ਦੀ ਸਪੁੱਤਰੀ ਬੀਬੀ ਸੁਖਦੀਪ ਕੌਰ ਅਤੇ ਸ਼ਵਿੰਦਰ ਸਿੰਘ ਫਤਹਿਗੜ੍ਹ ਸਾਹਿਬ ਦੇ ਵਿਆਹ ਦੀ ਖੁਸ਼ੀ ਨੂੰ ਸਮਰਪਿਤ ਲੋਕ ਕਵੀ ਸਾਗਰ ਸਿੰਘ ਸਾਗਰ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਰਾਮ ਸਿੰਘ ਹਠੂਰ ਨੇ ਆਪਣੀ ਕਿਤਾਬ ਲੋਕ ਅਰਪਣ ਹੋਣ ਦੀ ਖੁਸ਼ੀ ਵਿਚ ਲੇਖਿਕਾ ਅਤੇ ਪ੍ਰਸਿੱਧ ਪੰਜਾਬੀ ਟਾਈਪਿਸਟ ਬੀਰਪਾਲ ਕੌਰ ਹੰਢਿਆਇਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਜਗਜੀਤ ਕੌਰ ਢਿੱਲਵਾਂ ਸੁਖਵਿੰਦਰ ਸਿੰਘ ਢਿੱਲਵਾਂ ਜਤਿੰਦਰ ਸਿੰਘ ਰੁਪਾਲ ਗਮਦੂਰ ਸਿੰਘ ਚਰਨੀ ਬੇਦਿਲ ਦਲਵਾਰ ਸਿੰਘ ਧਨੌਲਾ ਐੱਸਪੀ ਕਾਲੇਕੇ ਪਰਗਟ ਸਿੰਘ ਕਾਲੇਕੇ ਸੁਖਵਿੰਦਰ ਸਿੰਘ ਸਨੇਹ ਸੁਰਜੀਤ ਸਿੰਘ ਦੇਹੜ ਰਘਵੀਰ ਸਿੰਘ ਗਿੱਲ ਕੱਟੂ ਮੀਤ ਸਕਰੌਦੀ ਡਾ ਉਜਾਗਰ ਸਿੰਘ ਮਾਨ ਲਖਵਿੰਦਰ ਸਿੰਘ ਠੀਕਰੀਵਾਲ ਰਾਮ ਸਿੰਘ ਬੀਹਲਾ ਆਦਿ ਕਵੀ ਅਤੇ ਲੇਖਕ ਵੀ ਹਾਜ਼ਰ ਸਨ ।