ਜੀ ਐੱਸ ਪੰਨੂ
ਪਟਿਆਲਾ 23 ਜਨਵਰੀ 2018 :
ਸੰਸਾਰੀਕਰਨ ਦੇ ਦੌਰ ਵਿੱਚ ਭਾਰਤ ਵਰਗੇ ਵਿਕਾਸ ਸ਼ੀਲ ਦੇਸ਼ਾ ਦੀਆਂ ਭਾਸ਼ਾਵਾਂ ਗੰਭੀਰ ਸੰਕਟ ਦੇ ਦੌਰ ਵਿੱਚੋਂ ਗੁਜਰ ਰਹੀਆਂ ਹਨ| ਸਥਾਪਤ ਨਿਜਾਮ ਸੱਭਿਆਚਾਰਕ ਵੰਨ ਸਵੰਨਤਾ ਨੂੰ ਦਰਕਿਨਾਰ ਕਰਕੇ ਲੋਕਾਂ ਵੱਲੋਂ ਸਦੀਆਂ ਦੇ ਅਮਲ ਵਿੱਚੋਂ ਹਾਸਲ ਕੀਤੇ ਗਿਆਨ, ਰਹੁਰੀਤਾਂ ਅਤੇ ਵਿਰਾਸਤ ਨੂੰ ਮਿਟਾਉਣ ਲਈ ਯਤਨ ਹੀ ਨਹੀ ਕਰ ਰਿਹਾ ਬਲਕਿ ਆਪਣਾ ਅਜੰਡਾ ਠੋਸ ਰਿਹਾ ਹੈ| ਜਿਸਦਾ ਮੁਕਾਬਲਾ ਕਰਨ ਲਈ ਬੁੱਧੀਜੀਵੀ ਵਰਗ ਨੂੰ ਗਿਆਨ ਪੈਦਾ ਕਰਨ ਦੇ ਅਮਲ ਵਿੱਚ ਹਿੱਸੇਦਾਰ ਰਹੇ ਸਮਾਜ ਦੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਨਾਂ ਕੋਲ ਜਾਣਾ ਪਵੇਗਾ ਤਾਂ ਹੀ ਭਾਸ਼ਾ ਅਤੇ ਸਭਿਆਚਾਰ ਨੂੰ ਦਰਪੇਸ ਗੰਭੀਰ ਸੰਕਟਾਂ ਨੂੰ ਠੱਲ ਪਾਈ ਜਾ ਸਕਦੀ ਹੈ| ਉਪਰੋਕਤ ਵਿਚਾਰ ਅੱਜ ਇੱਥੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਕੌਮਾਂਤਰੀ ਪੰਜਾਬੀ ਇਲਮ ਅਤੇ ਬਾਣੀ ਵਿਚਾਰ ਮੰਚ ਦੇ ਸਹਿਯੋਗ ਨਾਲ ਭਾਸ਼ਾ , ਸਮਾਂ ਅਤੇ ਸੰਵਾਦ ਵਿਸ਼ੇ ਤੇ ਕਰਵਾਏ ਕੌਮੀ ਸੈਮੀਨਾਰ ਵਿੱਚ ਉਭਰ ਕੇ ਸਾਹਮਣੇ ਆਏ| ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸਿੱਧ ਭਾਸ਼ਾ ਅਤੇ ਮਾਨਵ ਵਿਗਿਆਨੀ ਡਾ: ਸੁਰਜੀਤ ਲੀਅ ਨੇ ਕੀਤੀ ਉਨਾਂ ਸਪੱਸਟ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾ ਕੋਈ ਵੀ ਸਿੱਖੀ ਜਾ ਸਕਦੀ ਹੈ ਪਰ ਲੋਕਾਂ ਨੂੰ ਗਿਆਨ ਉਨਾਂ ਦੀ ਮਾਤ ਭਾਸ਼ਾ ਵਿੱਚ ਦਿੱਤਾ ਜਾ ਸਕਦਾ ਹੈ| ਅੰਗਰੇਜੀ ਸਥਾਪਤੀ ਦੀ ਭਾਸ਼ਾ ਹੈ ਜਿਸ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਵਿਕਸਿਤ ਕਰਨਾ ਸਮਾਜ ਨੂੰ ਗਿਆਨ ਪੈਦਾ ਕਰਨ ਵਾਲੇ ਮਨੁੱਖੀ ਅਮਲ ਤੋਂ ਦੂਰ ਕਰਨ ਸਮਾਨ ਹੈ| ਉਨਾਂ ਕਿਹਾ ਕੇ ਇੱਕ ਕਿਸਮ ਦੇ ਸਿੱਖਿਆ ਪ੍ਰਬੰਧ ਅਤੇ ਮਾਤ ਭਾਸ਼ਾ ਨੂੰ ਪੜਾਈ ਦੇ ਮਾਧਿਅਮ ਵਜੋਂ ਕਰਵਾਉਣ ਲਈ ਲੇਖਕਾਂ ਅਤੇ ਬੁੱਧੀਜੀਵੀ ਵਰਗ ਨੂੰ ਜੋਰਦਾਰ ਉਪਰਾਲੇ ਜੁਟਾਉਣ ਦੀ ਅਪੀਲ ਕੀਤੀ|
ਵਿਗਿਆਨੀ ਡਾ: ਜੋਗਾ ਸਿੰਘ ਨੇ ਕਿਹਾ ਕਿ ਭਾਸ਼ਾ ਦੇ ਮਸਲੇ ਵਿਚੋ ਆਰਥਿਕ, ਸਮਾਜਕ, ਰਾਜਨੀਤਕ ਅਤੇ ਮਨੋਵਿਗਿਆਨਕ ਕਈ ਪਾਸਾਰ ਸਾਹਮਣੇ ਆਉਂਦੇ ਹਨ| ਭਾਸ਼ਾ ਇੱਕਲੀ ਸੰਚਾਰ ਦਾ ਸੰਕਲਪ ਹੀ ਨਹੀ ਬਲਕਿ ਸੰਵਾਦ ਦਾ ਸੰਕਲਪ ਵੀ ਹੈ| ਉਨਾਂ ਅਫਸੋਸ ਜਤਾਉਂਦਿਆ ਕਿਹਾ ਕਿ ਭਾਰਤ ਦੀ ਸਿਆਸੀ ਜਮਾਤ ਨੇ ਭਾਸ਼ਾ ਦੇ ਸਵਾਲ ਨੂੰ ਗੰਭੀਰਤਾ ਨਾਲ ਲਿਆ ਹੀ ਨਹੀ ਜਿਸ ਕਰਕੇ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਉੱਪਰ ਗੰਭੀਰ ਸੰਕਟ ਮੰਡਰਾ ਰਹੇ ਹਨ|
ਤਾਮਿਲਨਾਡੂ ਤੋਂ ਉਚੇਚੇ ਤੋਰ ਤੇ ਪੁੱਜੇ ਭਾਸ਼ਾਈ ਸਮਾਨਤਾ ਦੇ ਲਈ ਕੰਮ ਕਰ ਰਹੇ ਸੰਗਠਨ ਦੇ ਡਾ.ਏ.ਐਸ. ਨਾਥਨ ਨੇ ਦੱਸਿਆ ਕਿ ਦੇਸ ਵਿਚਲਾ ਭਾਸ਼ਾ ਦਾ ਸਵਾਲ ਤਿੰਨ ਕੈਟਾਗਰੀਆਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ| ਉਨਾਂ ਮੁਤਾਬਕ ਸੰਵਿਧਾਨਕ ਦਰਜਾ ਤੇ ਅਧਿਕਾਰ ਪ੍ਰਾਪਤ ਭਾਸ਼ਾਵਾਂ ਦੇ ਮੁਕਾਬਲੇ ਉਹ ਭਾਸ਼ਾਵਾਂ ਜੋ ਹਾਲੇ ਬੋਲ ਚਾਲ ਦੇ ਪੱਧਰ ਅਤੇ ਘੱਟ ਘੇਰੇ ਦੀਆਂ ਭਾਸ਼ਾਵਾਂ ਹਨ ਉਤੇ ਅਲੋਪ ਹੋ ਜਾਣ ਦਾ ਵੱਧ ਖਤਰਾ ਮੰਡਰਾ ਰਿਹਾ ਹੈ| ਉਨਾਂ ਕਲੀਅਰ ਵੱਲੋਂ ਇਸ ਮੁੱਦੇ ਤੇ ਇਕ ਬਿੱਲ ਡਰਾਫਟ ਕਰਕੇ ਸੰਵਿਧਾਨਕ ਸੋਧ ਰਾਹੀ ਭਾਸ਼ਾਵਾਂ ਨੂੰ ਮਾਨਤਾ ਦਵਾਉਣ ਖਾਤਰ ਸਿਆਸੀ ਜਮਾਤ ਨੂੰ ਪ੍ਰੇਰਿਤ ਕਰਨ ਲਈ ਚਲਾਏ ਜਾ ਰਹੇ ਯਤਨਾਂ ਲਈ ਲੇਖਕਾਂ ਅਤੇ ਬੁੱਧੀਜੀਵੀ ਵਰਗ ਤੋਂ ਸਹਿਯੋਗ ਮੰਗਿਆ|
ਸੈਮੀਨਾਰ ਚ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਵਿਚਾਰ ਪੇਸ ਕਰਦਿਆਂ ਦੇਸ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਮਾਨਤਾ ਦਿੰਦੇ ਹੋਏ ਕਿਹਾ ਕਿ ਇੱਕੀਵੀਂ ਸਦੀ ੋਚ ਖੇਤਰਵਾਦ ਦੀ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਪ੍ਰਭਾਸਿਤ ਕਰਨ ਦੀ ਲੋੜ ਹੈ|ਉਨਾਂ ਪੰਜਾਬੀ ਭਾਸ਼ਾ ਲਈ ਆਪਣੇ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ| ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ: ਸੁਰਜੀਤ ਨੇ ਲੇਖਕ ਸੰਗਠਨਾਂ ਨੂੰ ਲੋਕਾਂ ਤੱਕ ਲਿਜਾਉਣ ਦੀ ਗੱਲ ਕੀਤੀ ਉਥੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਪ੍ਰਧਾਨ ਡਾ: ਸਰਬਜੀਤ ਸਿੰਘ ਨੇ ਪੰਜਾਬੀ ਭਾਸ਼ਾ ਲਈ ਦਰਪੇਸ ਸੰਕਟ ਦਾ ਮੁਕਾਬਲਾ ਕਰਨ ਦੀ ਮੁਹਿੰਮ ਤੇਜ. ਕਰਨ ਤੇ ਜੋਰ ਦਿੱਤਾ| ਇਸ ਸੈਮੀਨਾਰ ਵਿੱਚ ਕੁਰੂਕਸੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ: ਕਰਮਜੀਤ ਸਿੰਘ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਵੀ ਦਰਸਨ ਬੁੱਟਰ,ਵਿਭਾਗ ਦੀ ਡਾਇਰੈਕਟਰ ਡਾ: ਗੁਰਸਰਨ ਕੌਰ, ਅਰਵਿੰਦਰ ਕੌਰ ਕਾਕੜਾ, ਸਇਰ ਧਰਮ ਕੰਮੇਆਣਾ, ਡਾ: ਲਕਸਮੀ ਨਰਾਇਣ ਭੀਖੀ, ਅਮਰਜੀਤ ਸਿੰਘ ਅਤੇ ਡਾ: ਗੁਰਮੀਤ ਕੱਲਰ ਮਾਜਰੀ ਨੇ ਵੀ ਸੰਬੋਧਨ ਕੀਤਾ| ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਮੱਤੇ ਡਾ: ਗੁਰੂਮੇਲ ਸਿੰਘ ਨੇ ਪੇਸ਼ ਕੀਤੇ| ਸੈਮੀਨਾਰ ਵਿੱਚ ਡਾ: ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਬਲਬੀਰ ਜਲਾਲਾਬਾਦੀ, ਗੁਰਪ੍ਰੀਤ ਢਿਲੋ, ਪ੍ਰੀਤਮਹਿੰਦਰ ਸਿੰਘ ਸੇਖੋ, ਅਸਵਨੀ ਬਾਗੜੀਆਂ, ਕੰਵਰ ਜਸਵਿੰਦਰ ਪਾਲ, ਸਤਪਾਲ ਭੀਖੀ, ਸਰਬਜੀਤ ਕੌਰ ਜੱਸ, ਰਾਜਵਿੰਦਰ ਜਟਾਣਾ, ਰਣਜੀਤ ਸਵੀ, ਹਰੀ ਸਿੰਘ ਚਮਕ ਸਮੇਤ ਬਹੁਤ ਸਾਰੇ ਲੇਖਕ ਅਤੇ ਸਾਹਿਤ ਪ੍ਰੇਮੀ ਹਾਜਰ ਸਨ| ਮੰਚ ਸੰਚਾਲਨ ਸੁਸ਼ੀਲ ਦੁਸਾਂਝ ਨੇ ਬਾਖੁਬੀ ਨਾਲ ਕੀਤਾ|