ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਉੱਘੇ ਕਵੀ ਅਤੇ ਸਮੀਖਿਅਕ ਗੁਰਦੇਵ ਚੌਹਾਨ ਨਾਲ਼ ਰਚਾਇਆ ਗਿਆ ਸੰਵਾਦ
ਪਟਿਆਲਾ, 18 ਮਾਰਚ 2024- ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਪ੍ਰਸਿੱਧ ਕਵੀ, ਸਮੀਖਿਅਕ ਅਤੇ ਸੰਪਾਦਕ ਗੁਰਦੇਵ ਚੌਹਾਨ ਨਾਲ਼ ਸੰਵਾਦ ਰਚਾਇਆ ਗਿਆ। ਸੰਵਾਦ ਦੌਰਾਨ ਉਨ੍ਹਾਂ ਅੰਮ੍ਰਿਤਾ ਪ੍ਰੀਤਮ ਅਤੇ ਸਿ਼ਵ ਕੁਮਾਰ ਬਟਾਲਵੀ ਵਰਗੇ ਉੱਘੇ ਲੇਖਕਾਂ ਨਾਲ਼ ਆਪਣੀਆਂ ਮੁਲਾਕਾਤਾਂ ਦੇ ਅਨੁਭਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਅੰਮ੍ਰਿਤਾ ਪ੍ਰੀਤਮ ਨੇ ਉਨ੍ਹਾਂ ਨੂੰ ਪੰਜਾਬੀ ਵਿੱਚ ਕਵਿਤਾ ਲਿਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਉਸ ਚਿੱਠੀ ਬਾਰੇ ਵੀ ਜਿ਼ਕਰ ਕੀਤਾ ਜੋ ਉਨ੍ਹਾਂ ਇੱਕ ਵਾਰ ਅਮ੍ਰਿਤਾ ਪ੍ਰੀਤਮ ਨੂੰ ਲਿਖਿਆ ਸੀ। ਅਮ੍ਰਿਤਾ ਪ੍ਰੀਤਮ ਵੱਲੋਂ ਖੁਦ ਇਸ ਨੂੰ ਪ੍ਰਕਾਸਿ਼ਤ ਕੀਤਾ ਸੀ। ਭਾਸ਼ਾ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਬਿਨਾਂ ਕੋਈ ਸਫਲ ਨਹੀਂ ਹੋ ਸਕਦਾ। ਉਨ੍ਹਾਂ ਅਨੁਵਾਦਕ ਵਜੋਂ ਆਪਣੇ ਅਨੁਭਵ ਵੀ ਸਾਂਝੇ ਕੀਤੇ। ਉਨ੍ਹਾਂ ਵਿਸ਼ਵ ਪੱਧਰ ਦੇ ਲੇਖਕ ਫਿਦੂਰ ਦੋਸਤੋਵਸਕੀ, ਐਂਟਨ ਚੇਕੋਵ, ਫ੍ਰਾਂਜ਼ ਕਾਫਕਾ, ਐਡਮ ਗੁਰੋਵਸਕੀ, ਵਰਜੀਨੀਆ ਵੁਲਫ ਆਦਿ ਦੇ ਹਵਾਲੇ ਨਾਲ਼ ਆਪਣੇ ਪਾਠਕ ਹੋਣ ਦੀਆਂ ਪਰਤਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਦਾ ਇਹ ਸੰਵਾਦ ਕਵਿਤਾ ਪਾਠ ਨਾਲ਼ ਸਿਖਰ ਪਹੁੰਚਿਆ। ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਸਵਾਗਤੀ ਟਿੱਪਣੀ ਦੌਰਾਨ ਦੱਸਿਆ ਕਿ ਗੁਰਦੇਵ ਚੌਹਾਨ ਪਿਛਲੇ ਲਗਭਗ ਪੰਜਾਹ ਸਾਲਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖ ਰਹੇ ਹਨ।