ਸਾਹਿਤ ਸਿਰਜਨਾ ਮੰਚ ਦੀ ਮੀਟਿੰਗ ਵਿਚ ਚੱਲਿਆ ਰਚਨਾਵਾਂ ਦਾ ਦੌਰ
ਅਸ਼ੋਕ ਵਰਮਾ
ਬਠਿੰਡਾ ,2 ਮਾਰਚ 2023: ਇਥੋਂ ਦੇ ਸਾਹਿਤ ਸਿਰਜਨਾ ਮੰਚ(ਰਜਿ) ਦੀ ਮਹੀਨਾਵਾਰ ਇਕੱਤਰਤਾ ਏਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ । ਮੀਟਿੰਗ ਦੇ ਆਰੰਭ ਵਿਚ ਸ੍ਰੀ ਘਣੀਆਂ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਲੇਖਕਾਂ ਨੂੰ ਜੀਅ ਆਇਆਂ ਕਹਿੰਦਿਆਂ ਮੰਚ ਦੇ ਸਲਾਹਕਾਰ ਜਗਮੇਲ ਸਿੰਘ ਜਠੌਲ ਦੀ ਆਪਣੇ ਪਿੰਡ ਦੇ ਇਤਿਹਾਸ 'ਮੇਰਾ ਪਿੰਡ ਅਜਿੱਤ ਗਿੱਲ ' ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਅਤੇ ਮੀਤ ਪ੍ਰਧਾਨ ਰਾਜਦੇਵ ਕੌਰ ਦੇ ਦੋਹਤੇ ਦੇ ਜਨਮ 'ਤੇ ਵਧਾਈ ਦਿੱਤੀ ਗਈ।
ਇਸ ਮੌਕੇ ਮੰਚ ਵੱਲੋਂ ਲੋਕ ਮੰਚ (ਰਜਿ.) ਪੰਜਾਬ ਦੇ ਸਹਿਯੋਗ ਨਾਲ ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ 'ਟੂਮਾਂ'' 'ਤੇ 19 ਮਾਰਚ, ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਗੋਸ਼ਟੀ ਅਤੇ ਕਵੀ ਦਰਬਾਰ ਦੀ ਮੁੱਢਲੀ ਰੂਪ-ਰੇਖਾ ਤਿਆਰ ਕੀਤੀ ਗਈ। ਇੱਕ ਫੈਸਲੇ ਅਨੁਸਾਰ ਗੋਸ਼ਟੀ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਕਰਨਗੇ ਅਤੇ ਸੁਰਿੰਦਰ ਸਿੰਘ ਸੁੱਨੜ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।
ਇਸ ਮੌਕੇ ਚੱਲੇ ਰਚਨਾਵਾਂ ਦੇ ਦੌਰ ਵਿਚ ਲੀਲਾ ਸਿੰਘ ਰਾਏ ਨੇ ਗੀਤ, ਡਾ. ਜਸਪਾਲਜੀਤ ਨੇ ਗਜ਼ਲ, ਅਮਨਦੀਪ ਕੌਰ ਮਾਨ ਨੇ ਕਵਿਤਾ 'ਭਾਲ,' ਸੁਖਦਰਸ਼ਨ ਗਰਗ ਨੇ ਦੋ ਰੁਬਾਈਆਂ, ਰਮੇਸ਼ ਕੁਮਾਰ ਗਰਗ ਨੇ ਕਹਾਣੀ 'ਲੈਪਟਾੱਪ,' ਸੁਰਿੰਦਰਪ੍ਰੀਤ ਘਣੀਆਂ ਨੇ ਗੀਤ, ਜਗਨ ਨਾਥ ਨੇ ਕਵਿਤਾ 'ਰਾਹ,' ਦਵੀ ਸਿੱਧੂ ਨੇ ਦੋ ਕਵਿਤਾਵਾਂ 'ਛੱਡ ਦਿੱਤਾ' ਅਤੇ 'ਦਾਅਵਾ' ਅਮਰਜੀਤ ਕੌਰ ਹਰੜ ਨੇ ਗ਼ਜ਼ਲ ਪੇਸ਼ ਕੀਤੀ।
ਪੜ੍ਹੀਆਂ ਗਈਆਂ ਰਚਨਾਵਾਂ ਉਪਰ ਚਰਚਾ ਕਰਦਿਆਂ ਡਾ. ਜਸਪਾਲਜੀਤ ਨੇ ਸਬੰਧਤ ਲੇਖਕਾਂ ਨੂੰ ਯੋਗ ਸੁਝਾਅ ਦਿੱਤੇ। ਇਸ ਮੀਟਿੰਗ ਵਿਚ ਅਮਰਜੀਤ ਪੇਂਟਰ, ਹਰਜੀਤਕਮਲ ਗਿੱਲ ਆਦਿ ਵੀ ਹਾਜਰ ਸਨ। ਇਸ ਮੌਕੇ ਉੱਘੇ ਸ਼ਾਇਰ ਹਰੀ ਸਿੰਘ ਮੋਹੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੇ ਅਖੀਰ ਵਿਚ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਹਰੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ।