ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਵੱਲੋਂ ਕਰਵਾਇਆ ਪਲੇਠਾ ਸਮਾਗਮ
ਕਹਾਣੀਕਾਰ ਸਿਮਰਨ ਧਾਲੀਵਾਲ ਦਾ ਰੂ-ਬਰੂ ਰਿਹਾ ਸ਼ਾਨਦਾਰ
ਬਾਬੂਸ਼ਾਹੀ ਨੈੱਟਵਰਕ
ਤਰਨਤਾਰਨ, 28 ਮਈ, 2022:ਜਸਪ੍ਰੀਤ ਤਲਵਾੜ, ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਤੇ ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ,ਤਰਨਤਾਰਨ ਵਿਖੇ ਉੱਘੇ ਕਹਾਣੀਕਾਰ ਸਿਮਰਨ ਧਾਲੀਵਾਲ ਦਾ ਰੂ-ਬਰੂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਰੂ-ਬਰੂ ਦੌਰਾਨ ਮੰਚ ਸੰਚਾਲਨ ਕਰਦਿਆਂ ਸ. ਜਗਮੀਤ ਸਿੰਘ,ਸਹਾਇਕ ਪ੍ਰੋਫ਼ੈਸਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਮਰਨ ਧਾਲੀਵਾਲ ਨੇ ਆਪਣੀ ਸਿਰਜਨ ਪ੍ਰਕਿਰਿਆ ਅਤੇ ਸਾਹਿਤਕਾਰ ਦੀ ਸਮਾਜ ਪ੍ਰਤੀ ਬਣਦੀ ਭੂਮਿਕਾ ਬਾਰੇ ਨਿੱਠ ਕੇ ਗੱਲਬਾਤ ਕੀਤੀ ।
ਉਹਨਾਂ ਨੇ ਕਿਹਾ ਕਿ ਉਹ ਸ਼ੁਰੂਆਤੀ ਦੌਰ ਵਿੱਚ ਬਾਲ-ਸਾਹਿਤ ਜੁੜੇ ਅਤੇ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਉਸਨੂੰ ਸਮਾਜ ਵਿੱਚੋਂ ਮਿਲ ਜਾਂਦੇ ਹਨ । ਸਿਮਰਨ ਧਾਲੀਵਾਲ ਦਾ ਮੰਨਣਾ ਹੈ ਕਿ ਸਿਰਜਨਾ ਇੱਕ ਕਰਤਾਰੀ ਸ਼ਕਤੀ ਹੁੰਦੀ ਜਿਸ ਕਰਕੇ ਇਹ ਸਿੱਖਣ ਨਾਲੋਂ ਕੁੱਦਰਤੀ ਪ੍ਰਵਿਰਤੀ ਦੇ ਰੂਪ ਵਿੱਚ ਵਧੇਰੇ ਵਿਕਸਤ ਹੁੰਦੀ ਹੈ ਅਤੇ ਨਿਰੰਤਰ ਅਭਿਆਸ ਨਾਲ ਕਿਰਤ ਵਿੱਚ ਨਿਖਾਰ ਲਿਆਂਦਾ ਜਾ ਸਕਦਾ ਹੈ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਹਰਵਿੰਦਰ ਸਿੰਘ ਭੱਲਾ,ਪ੍ਰਿੰਸੀਪਲ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ,ਤਰਨਤਾਰਨ ਨੇ ਆਏ ਹੋਏ ਮਹਿਮਾਨਾਂ ਦਾ ਕਾਲਜ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਭਾਸ਼ਾ ਵਿਭਾਗ ਵੱਲੋੰ ਆਪਣਾ ਪਹਿਲਾਂ ਸਾਹਿਤਕ ਸਮਾਗਮ ਇਸ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ ।
ਉਹਨਾਂ ਸਾਹਿਤ ਅਤੇ ਕਲਾ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਦੱਸਦਿਆਂ ਅਜਿਹੇ ਸਮਾਗਮਾਂ ਨੂੰ ਭਾਸ਼ਾ ਵਿਭਾਗ ਦਾ ਸਾਰਥਿਕ ਅਤੇ ਗੁਣਾਤਮਿਕ ਉਪਰਾਲਾ ਦੱਸਿਆ । ਇਸ ਤੋੰ ਬਾਅਦ ਭਾਸ਼ਾ ਵਿਭਾਗ ਦੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ਼ ਸਮਾਗਮ ਵਿਧੀਗਤ ਰੂਪ ਨਾਲ਼ ਸ਼ੁਰੂ ਹੋਣ ਤੋੰ ਬਾਅਦ ਆਏ ਹੋਏ ਮਹਿਮਾਨਾਂ ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ,ਤਰਨਤਾਰਨ ਵੱਲੋਂ ‘ਜੀ ਆਇਆਂ' ਕਹਿੰਦਿਆਂ ਹੋਇਆ ਖੁਸ਼ੀ ਪ੍ਰਗਟ ਕੀਤੀ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਭਾਸ਼ਾ ਵਿਭਾਗ ਦਾ ਪਹਿਲਾ ਸਮਾਗਮ ਹੀ ਬਹੁਤ ਵਧੀਆ ਢੰਗ ਨਾਲ਼ ਆਯੋਜਿਤ ਕਰ ਸਕੇ ਹਾਂ. ਇਸ ਮੌਕੇ ਤੇ ਉਹਨਾਂ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਡਾ. ਹਰਵਿੰਦਰ ਸਿੰਘ ਭੱਲਾ (ਪ੍ਰਿੰਸੀਪਲ) ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ 'ਹਾਂ-ਮੁਖੀ' ਭੂਮਿਕਾ ਨਿਭਾਈ. ਇਸਤੋੰ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਸ ਪ੍ਰਗਟਾਈ ਗਈ ਕਿ ਭਾਸ਼ਾ ਵਿਭਾਗ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ,ਤਰਨਤਾਰਨ ਵੱਲੋਂ ਤਰਨਤਾਰਨ ਦੇ ਸੁਹਿਰਦ ਅਤੇ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ਼ ਭਾਸ਼ਾ ਵਿਭਾਗ ਗਤੀਵਿਧੀਆਂ ਵਿੱਚ ਤੇਜ਼ੀ ਲਿਆਵੇਗਾ. ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਉੱਘੇ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ,ਮੋਗਾ ਡਾ. ਅਜੀਤਪਾਲ ਨੇ ਸਿਮਰਨ ਧਾਲੀਵਾਲ ਦੀ ਸਾਹਿਤਕ ਸੂਝ ਅਤੇ ਉਹਨਾਂ ਦੀ ਕਹਾਣੀਆਂ ਦੇ ਕਲਾਤਮਿਕ ਪੱਖ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ. ਡਾ. ਅਜੀਤਪਾਲ ਨੇ ਆਪਣੀ ਗਜ਼ਲ ਤਰੁੰਨਮ ਵਿੱਚ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ. ਇਸ ਮੌਕੇ ਤੇ ਡਾ. ਹਰਵਿੰਦਰ ਭੱਲਾ ਨੇ ਵੀ ਸੁਰਜੀਤ ਪਾਤਰ ਦੀ ਗਜ਼ਲ ਸੁਣਾ ਕੇ ਸਮਾਗਮ ਨੂੰ ਹੋਰ ਵੀ ਦਿਲਚਸਪ ਅਤੇ ਰੋਚਕ ਬਣਾ ਦਿੱਤਾ. ਸਮਾਗਮ ਉਸ ਵੇਲੇ ਆਪਣੇ ਸਿਖਰ ਤੇ ਪਹੁੰਚ ਕੇ ਸਫਲਤਾ ਹਾਸਲ ਕਰ ਗਿਆ ਜਦੋਂ ਰਿਸਰਚ ਸਕਾਲਰ ਬਲਵਿੰਦਰ ਕੌਰ ਅਤੇ ਗਣਿਤ ਵਿਸ਼ੇ ਦੇ ਪ੍ਰੋਫੈ਼ਸਰ ਕੁਲਵੰਤ ਸਿੰਘ ਨੇ ਸਵਾਲ ਕਰਦਿਆਂ ਭਖਵੀਂ ਬਹਿਸ ਦੀ ਸ਼ੁਰੂਆਤ ਕੀਤੀ. ਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਕਿਹਾ ਕਿ ਮਨੁੱਖ ਨੂੰ ਲਗਾਤਾਰ ਸੁਹਿਰਦ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਅਸਾਵੇਂਪਨ ਦਾ ਪਾੜਾ ਵੱਧ ਨਾ ਜਾਵੇ. ਇਸ ਲਈ ਜ਼ਮੀਨੀ ਪੱਧਰ 'ਤੇ ਯਤਨ ਜ਼ਰੂਰੀ ਹਨ ਜਿਸ ਲਈ ਅਗਵਾਈ ਮੱਧਕਾਲ ਦੇ ਮਹਾਨ ਫਲਸਫੇ ਤੋਂ ਲਈ ਜਾ ਸਕਦੀ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ. ਗੁਰਬਚਨ ਸਿੰਘ ਲਾਲੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ,ਤਰਨਤਾਰਨ ਨੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਵਿੱਦਿਆ ਨਾਲ਼ ਗੰਭੀਰ ਰੂਪ ਵਿੱਚ ਜੁੜਨ ਲਈ ਪ੍ਰੇਰਿਤ ਕੀਤਾ ਤੇ ਅੱਜਕੱਲ੍ਹ ਆ ਰਹੀ ਹਰ ਪ੍ਰਕਾਰ ਦੀ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਅਜਿਹੇ ਮਿਆਰੀ ਸਮਾਗਮ ਇਸ ਗਿਰਾਵਟ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਵਿੱਚ ਸਹਾਈ ਹੋਣਗੇ. ਸਮਾਗਮ ਦੇ ਅੰਤ 'ਤੇ ਖੋਜ ਅਫ਼ਸਰ ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੇ ਪ੍ਰਿੰਸੀਪਲ , ਭਾਸ਼ਾ ਮੰਚ ਅਤੇ ਪੰਜਾਬੀ ਵਿਭਾਗ ਤੋੰ ਮਿਲੇ ਸਾਕਾਰਤਮਕ ਹੁੰਘਾਰੇ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ. ਤਰਨਤਾਰਨ ਜ਼ਿਲ੍ਹੇ ਵਿੱਚ ਭਾਸ਼ਾ ਵਿਭਾਗ ਦਾ ਪਲੇਠਾ ਸਮਾਗਮ ਹੋਣ ਦੇ ਬਾਵਜੂਦ ਇਹ ਸਮਾਗਮ ਆਪਣੇ ਉਦੇਸ਼ ਦੀ ਪ੍ਰਾਪਤੀ ਅਤੇ ਸਰੋਤਿਆਂ ਦੀ ਭਰਪੂਰ ਦਿਲਚਸਪੀ ਸਦਕਾ ਯਾਦਗਾਰੀ ਹੋ ਨਿਬੜਿਆ. ਇਸ ਮੌਕੇ ਤੇ ਡਾ. ਰੁਪਿੰਦਰ ਕੌਰ,ਡਾ. ਹੀਰਾ ਸਿੰਘ,ਬਲਜੀਤ ਸਿੰਘ,ਰਮਨਜੀਤ ਕੌਰ,ਡਾ. ਗੁਰਿੰਦਰਜੀਤ ਕੌਰ,ਮਿਸ ਸੰਦੀਪ ਕੌਰ,ਸ. ਕੁਲਵੰਤ ਸਿੰਘ,ਸ਼੍ਰੀਮਤੀ ਪ੍ਰਭਜੀਤ ਕੌਰ, ਸ਼੍ਰੀ ਮੈਨੀ, ਮਿਸ ਰਾਧਿਕਾ,ਸ਼੍ਰੀਮਤੀ ਸਿਮਰਨ, ਸ਼੍ਰੀ ਕਮਲ, ਸ਼੍ਰੀਮਤੀ ਕੁਲਵਿੰਦਰ ਕੌਰ, ਨਵਦੀਪ ਸਿੰਘ ਜੂਨੀਅਰ ਸਹਾਇਕ ਤੋੰ ਇਲਾਵਾ ਸਾਹਿਤਕ ਜਗਤ ਤੋਂ ਰਮਨਦੀਪ ਕੌਰ ਪੈਰੀ, ਸ਼੍ਰੀਮਤੀ ਪਰਮਜੀਤ ਕੌਰ, ਸ. ਅਕਾਸ਼ਦੀਪ ਸਿੰਘ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ.