ਵਿਚਲੀ ਗੱਲ ਦੱਸਾਂ, ਮੇਰਾ ਇਹ ਗੀਤ ਤਿੰਨ ਚਾਰ ਸਾਲ ਪਹਿਲਾਂ ਦਾ ਲਿਖਿਆ ਹੋਇਆ ਸੀ। ਪਿਛਲੇ ਦਿਨੀਂ ਮੇਰੇ ਕੋਲੋਂ ਗਲਤ ਕਮਾਂਡ ਦੱਬਣ ਤੇ ਵਟਸਐਪ ਚ ਪਏ ਸਾਰੇ ਗੀਤ ਗ਼ਜ਼ਲਾਂ ਤੇ ਕਵਿਤਾਵਾਂ ਉੱਡ ਪੁੱਡ ਗਈਆਂ। ਨੀਂਦ ਖ਼ਰਾਬ ਹੋ ਗਈ। ਨਾਲਾਇਕੀ ਇਹ ਕਿ ਮੈਂ ਕਿਸੇ ਕਾਪੀ ਤੇ ਨਹੀਂ ਸਨ ਉਤਾਰੀਆਂ ਹੋਈਆਂ। ਮਿਹਰਬਾਨ ਸਨੇਹੀਆਂ ਨੇ ਮੇਰਾ 75 ਫੀ ਸਦੀ ਘਰ ਪੂਰਾ ਕਰ ਦਿੱਤਾ।
ਪਹਿਲਾਂ ਗੁਆਚਿਆ ਇਹ ਗੀਤ ਵੀ ਮੁੜ ਆਇਆ। ਅਣਛਪਿਆ ਸੀ, ਇਸੇ ਲਈ ਅਜੀਤ ਨੂੰ ਭੇਜ ਦਿੱਤਾ। ਲੋਹੜੀ ਤੋਂ ਪਹਿਲੇ ਐਤਵਾਰ ਛਪਿਆ ਤਾਂ ਬੇਅੰਤ ਹੁੰਗਾਰੇ ਆਏ। ਸਲਾਹਾਂ ਵੀ ਕਿ ਇਹ ਰੀਕਾਰਡ ਕਰਨਾ ਚਾਹੀਦਾ ਹੈ।
ਪਰ ਮੈਂ ਕਦੇ ਕਿਸੇ ਗਾਇਕ ਨੂੰ ਅੱਜ ਤੀਕ ਸਵਾਲ ਨਹੀਂ ਪਾਇਆ ਕਿ ਤੂੰ ਮੇਰਾ ਗੀਤ ਗਾ। ਜੀਣ ਜਾਗਣ ਮੇਰੇ ਪੁੱਤਰਾਂ ਭਰਾਵਾਂ ਜਹੇ ਗਵੱਈਏ। ਮਨ ਮਿਹਰ ਪੈ ਜਾਵੇ ਤਾਂ ਆਪੇ ਕਰ ਲੈਂਦੇ ਨੇ।
ਨਾਲੇ ਮੇਰੇ ਗੀਤ ਗਾ ਕੇ ਕਿਉਂ ਉਹ ਆਪਣਾ ਵਪਾਰਕ ਭਵਿੱਖ ਖ਼ਰਾਬ ਕਰਨ। ਚਲੋ! ਬਚੇ ਰਹਿਣ।
ਗੀਤ ਪੜ੍ਹ ਕੇ ਬਹੁਤ ਸੁਰੀਲੇ ਤੇ ਸਮਰੱਥ ਗਾਇਕ ਅਸ਼ਵਨੀ ਵਰਮਾ ਲੁਧਿਆਣਵੀ ਨੇ ਆਪ ਹੀ ਕਿਹਾ ਕਿ ਇਸ ਨੂੰ ਮੈਂ ਗਾਵਾਂਗਾ। ਅਸ਼ਵਨੀ ਸੁਰਿੰਦਰ ਛਿੰਦਾ ਜੀ ਦਾ ਸ਼ਾਗਿਰਦ ਹੈ ਤੇ ਮਿਹਨਤੀ ਪੁੱਜ ਕੇ। ਉਸ ਦਾ ਆਪਣਾ ਸਟੁਡੀਓ ਹੈ ਤੇ ਪੁੱਤਰ ਕਰਣ ਪਰਿੰਸ ਸੰਗੀਤਕਾਰ ਹੈ।
ਮੇਰੇ ਦੋ ਗੀਤ
ਕੰਧੇ ਸਰਹੰਦ ਦੀਏ
ਤੇ
ਪੁੱਤ ਪੰਜ ਦਰਿਆਵਾਂ ਦੇ ਰੀਕਾਰਡ ਕਰਕੇ ਅਮਰ ਆਡਿਉ ਤੋਂ ਪਿਛਲੇ ਦਿਨੀਂ ਰਿਲੀਜ਼ ਕਰਵਾ ਚੁਕਾ ਹੈ। ਇਹ ਤੀਸਰਾ ਗੀਤ ਵੀ ਉਸ ਖ਼ੂਬ ਨਿਭਾਇਆ ਹੈ।
ਮੈਂ ਆਪਣੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਨੂੰ ਸੁਣਾਇਆ ਤਾਂ ਉਸ ਨੇ ਬੁਲੰਦ ਆਵਾਜ਼ ਨੂੰ ਸਲਾਹਿਆ। ਕੁਝ ਚੰਗੇ ਸੁਝਾਅ ਵੀ ਦਿੱਤੇ ਜਿਸ ਨਾਲ ਗੀਤ ਚ ਸੁਧਾਰ ਹੋਇਆ ਹੈ। ਮੇਰੀ ਤਸੱਲੀ ਹੈ ਕਿ ਅਸ਼ਵਨੀ ਨੇ ਮੇਰੇ ਬੋਲਾਂ ਨੂੰ ਪੌਣਾਂ ਹਵਾਲੇ ਕਰਨ ਲਈ ਚੁਣਿਆ ਹੈ।
ਵੱਡੇ ਨਾਵਾਂ ਵਾਲੇ ਗਾਇਕਾਂ ਦੀ ਸ਼੍ਰੇਣੀ ਚ ਆਉਣੋਂ ਅਸ਼ਵਨੀ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਉਸ ਕੋਲ ਸੁੱਚਮ ਤੇ ਸਹਿਜ ਸੰਤੋਖ ਹੈ। ਮੈਂ ਉਸ ਨੂੰ ਸਿਰਫ਼ ਇੱਕ ਵਾਰ ਮਿਲਿਆਂ ਹੁਣ ਤੀਕ ਸਿਰਫ਼ ਦੋ ਤਿੰਨ ਮਿੰਟ ਪਰ ਪਾਲੀ ਦੇਤਵਾਲੀਆ ਤੇ ਸਰਬਜੀਤ ਵਿਰਦੀ ਉਸ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ, ਕੁਝ ਤਾਂ ਗੱਲ ਹੋਵੇਗੀ।
......ਗੁਰਭਜਨ ਗਿੱਲ
ਰੁਬਾਈ
ਜਬਰ ਦੀ ਤੇਜ਼ ਹਨ੍ਹੇਰੀ ਅੱਗੇ, ਵਿਰਸਾ ਹਿੱਕਾਂ ਤਾਣ ਬੋਲਦਾ।
ਕੰਬ ਉੱਠਦੇ ਨੇ ਰਾਜ ਘਰਾਣੇ, ਜਦ ਧਰਤੀ ਦਾ ਮਾਣ ਬੋਲਦਾ।
ਤਖ਼ਤ ਲਾਹੌਰ ਤੇ ਦਿੱਲੀ ਨੂੰ ਵੀ ਅੱਜ ਫਿਰ ਦੁੱਲਾ ਪਿਆ ਵੰਗਾਰੇ,
ਜਾਬਰ ਅੱਗੇ ਨਾਬਰ ਸੂਰਾ ਆਪਣਾ ਫ਼ਰਜ਼ ਪਛਾਣ ਬੋਲਦਾ।
ਗੀਤ
ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ।
ਮੁਗਲਾਂ ਨੇ ਵੇਸ ਭੇਸ ਨੂੰ ਵਟਾ ਲਿਆ।
ਪਿੰਡੀ ਵਾਂਗੂੰ ਸਾਰੇ ਪਿੰਡੀਂ ਘੇਰਾ ਪਾ ਲਿਆ।
ਲੁੱਟਦੇ ਸਿਆਸਤਾਂ ਦੇ ਤੰਬੂ ਤਾਣ ਕੇ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ।
ਦਿੱਲੀ ਤੇ ਲਾਹੌਰ ਵਾਲੇ ਇੱਕੋ ਬਾਤ ਹੈ।
ਪਾਪੀਆਂ ਦੀ ਹਰ ਥਾਂ ਤੇ ਇੱਕੋ ਮਾਤ ਹੈ।
ਇਨ੍ਹਾਂ ਦੇ ਨੇ ਹੁੰਦੇ ਇੱਕੋ ਘਰੇ ਨਾਨਕੇ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ।
ਲੱਭੇ ਤੈਨੂੰ ਦੁੱਲਿਆ ਵੇ ਭੈਣ ਸੁੰਦਰੀ।
ਖ਼ਤਰੇ ਚ ਜੀਹਦੀ ਸ਼ਗਨਾਂ ਦੀ ਮੁੰਦਰੀ।
ਦਾਜ ਦੇ ਲਈ ਸਹੁਰੇ ਮਿਹਣੇ ਦੇਣ ਜਾਣ ਕੇ।
ਦੁੱਲਿਆ ਤੂੰ ਰੇੜਕਾ ਮੁਕਾਈਂ ਆਣ ਕੇ।
ਅਕਬਰ ਪਹਿਲਾਂ ਤੋਂ ਸ਼ੈਤਾਨ ਹੋ ਗਿਆ।
ਤੇਰਾ ਵੀ ਕਬੀਲਾ ਬੇਈਮਾਨ ਹੋ ਗਿਆ।
ਹੋਏ ਨੇ ਨਿਕੰਮੇ ਬਹੁਤਾ ਸੁਖ ਮਾਣ ਕੇ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ।