ਚੰਡੀਗੜ੍ਹ, 9 ਜਨਵਰੀ, 2017 : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਤੇਰਾ ਸਿੰਘ ਚੰਨ ਦੀ ਯਾਦ ਵਿਚ ਕਵੀ ਦਰਬਾਰ ਕੀਤਾ ਗਿਆ। ਇਸ ਮੌਕੇ 'ਤੇ ਜਿੱਥੇ ਵੱਖ-ਵੱਖ ਕਵੀਆਂ ਨੇ ਤੇਰਾ ਸਿੰਘ ਚੰਨ ਹੋਰਾਂ ਦੀਆਂ ਲਿਖੀਆਂ ਕਵਿਤਾਵਾਂ ਨੂੰ ਮੰਚ ਤੋਂ ਪੇਸ਼ ਕੀਤਾ, ਉਥੇ ਕੁਝ ਕਵੀਆਂ ਨੇ ਆਪਣੀਆਂ ਲਿਖਤਾਂ ਰਾਹੀਂ ਚੰਨ ਹੋਰਾਂ ਨੂੰ ਯਾਦ ਕੀਤਾ। ਜਦੋਂ ਕਿ ਤੇਰਾ ਸਿੰਘ ਚੰਨ ਦੇ ਸਾਹਿਤਕ ਸਫਰ 'ਤੇ ਵੀ ਗੰਭੀਰ ਵਿਚਾਰਾਂ ਹੋਈਆਂ। ਸਭ ਤੋਂ ਪਹਿਲਾਂ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਹੋਰਾਂ ਨੇ ਸਭਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਰਘਬੀਰ ਸਿੰਘ ਸਿਰਜਣਾ ਨੇ ਤੇਰਾ ਸਿੰਘ ਚੰਨ ਬਾਰੇ ਵਿਸਥਾਰਤ ਚਰਚਾ ਕਰਦਿਆਂ ਕਿਹਾ ਕਿ ਚੰਨ ਹੋਰਾਂ ਦਾ ਸਾਹਿਤਕ ਅਤੇ ਸਮਾਜਿਕ ਸਫਰ ਅੱਛਾ ਅਤੇ ਸੱਚਾ ਸੀ। ਉਹਨਾਂ ਜਾਣਕਾਰੀ ਦਿੱਤੀ ਕਿ ਚੰਨ ਹੋਰੀਂ ਜਿੱਥੇ ਸਾਹਿਤਕ ਸਭਾਵਾਂ ਦੇ ਮੋਢੀ ਰਹੇ, ਉਥੇ ਜਾਤ ਪਾਤ ਦੇ ਵਿਰੋਧੀ ਅਤੇ ਇਨਸਾਨੀਅਤ ਪੱਖੀ ਸਨ। ਉਹਨਾਂ ਆਪਣੀ ਸ਼ਾਇਰੀ ਰਾਹੀਂ, ਆਪਣੀਆਂ ਰਚਨਾਵਾਂ ਰਾਹੀਂ, ਸਭਾਵਾਂ ਰਾਹੀਂ, ਰੰਗਮੰਚ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਪੰਜਾਬੀ ਜੁਬਾਨ ਲਈ ਲਹਿਰਾਂ ਖੜ੍ਹੀਆਂ ਕੀਤੀਆਂ।
ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਕੇਂਦਰੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਲਾਭ ਸਿੰਘ ਖੀਵਾ ਨੇ ਕਿਹਾ ਕਿ ਚੰਨ ਹੋਰੀਂ ਚੰਗੇ ਲੇਖਕਾਂ, ਚੰਗੇ ਕਵੀਆਂ ਨੂੰ ਲੱਭ ਵੀ ਲੈਂਦੇ ਸਨ ਤੇ ਉਹਨਾਂ ਉਭਾਰਦੇ ਵੀ ਸਨ ਤੇ ਉਹਨਾਂ ਨੂੰ ਸਭਾਵਾਂ ਨਾਲ ਜੋੜਦੇ ਵੀ ਸਨ। ਖੀਵਾ ਨੇ ਆਖਿਆ ਕਿ ਤੇਰਾ ਸਿੰਘ ਚੰਨ ਦੀਆਂ ਕਵਿਤਾਵਾਂ ਵਿਚ ਰਿਦਮ, ਸੰਗੀਤ ਤੇ ਸੁਨੇਹਾ ਛੁਪਿਆ ਹੋਇਆ ਹੈ। ਅੱਜ ਇਹ ਪੰਜਾਬੀ ਲੇਖਕ ਸਭਾ, ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਸਭਾਵਾਂ ਦਾ ਜੇਕਰ ਕੋਈ ਵਜੂਦ ਹੈ ਤਾਂ ਉਹ ਤੇਰਾ ਸਿੰਘ ਚੰਨ ਹੋਰਾਂ ਦੀ ਦੇਣ ਹੈ।
ਤੇਰਾ ਸਿੰਘ ਚੰਨ ਹੋਰਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਵਾਈਸ ਪ੍ਰਧਾਨ ਅਤੇ ਟੈਗੋਰ ਥੀਏਟਰ ਦੇ ਡਾਇਰੈਕਟਰ ਬਲਕਾਰ ਸਿੱਧੂ ਨੇ ਕਿਹਾ ਕਿ ਮੈਨੂੰ ਥੀਏਟਰ ਵਾਲੀ ਸੋਝੀ ਚੰਨ ਹੋਰਾਂ ਤੋਂ ਮਿਲੀ। ਮੈਨੂੰ ਚੰਗੇ ਮਾੜੇ ਦੀ ਪਹਿਚਾਣ ਚੰਨ ਹੋਰਾਂ ਨੇ ਕਰਨੀ ਸਿਖਾਈ। ਬਲਕਾਰ ਸਿੱਧੂ ਨੇ ਤੇਰਾ ਸਿੰਘ ਚੰਨ ਨੂੰ ਰੰਗਮੰਚ ਦੀ ਸਿਰਜਣਾ ਦੇ ਮੋਢੀਆਂ ਵਿਚੋਂ ਇਕ ਦੱਸਦਿਆਂ ਕਿਹਾ ਕਿ ਉਹ ਮਨੁੱਖਵਾਦੀ ਹੋਣ ਦੇ ਹਾਮੀ ਸਨ। ਕਰਮ ਸਿੰਘ ਵਕੀਲ ਨੇ ਕਿਹਾ ਕਿ ਮੈਨੂੰ ਸਭਾਵਾਂ ਨਾਲ ਜੋੜਨ ਵਾਲੇ ਤੇਰਾ ਸਿੰਘ ਚੰਨ ਸੀ ਸਨ। ਇੰਝ ਹੀ ਲੇਖਕ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਅਵਤਾਰ ਸਿੰਘ ਪਤੰਗ ਹੋਰਾਂ ਨੇ ਤੇਰਾ ਸਿੰਘ ਚੰਨ ਨਾਲ ਆਪਣੀਆਂ ਨਜ਼ਦੀਕੀਆਂ ਦਾ ਪ੍ਰਗਟਾਵਾ ਪੁਰਾਣੇ ਘਟਨਾਕ੍ਰਮਾਂ ਨੂੰ ਯਾਦ ਕਰਦਿਆਂ ਕੀਤਾ ਅਤੇ ਕਿਹਾ ਕਿ ਤੇਰਾ ਸਿੰਘ ਚੰਨ ਕਥਨੀ ਅਤੇ ਕਰਨੀ ਦੇ ਇਕ ਸਨ। ਇਸ ਮੌਕੇ 'ਤੇ ਜਿੱਥੇ ਤੇਰਾ ਸਿੰਘ ਚੰਨ ਦੇ ਪਰਿਵਾਰ ਵਲੋਂ ਉਹਨਾਂ ਦੇ ਪੁੱਤਰ ਦਿਲਦਾਰ ਸਿੰਘ ਨੇ ਇਸ ਸਮਾਗਮ ਲਈ ਸਭਾ ਦਾ ਧੰਨਵਾਦ ਕੀਤਾ, ਉਥੇ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸ਼ਾਇਰਾ ਮਨਜੀਤ ਇੰਦਰਾ, ਗੁਰਨਾਮ ਕੰਵਰ ਅਤੇ ਹੋਰ ਵੱਖ-ਵੱਖ ਲੇਖਕਾਂ ਨੇ ਵੀ ਤੇਰਾ ਸਿੰਘ ਚੰਨ ਬਾਰੇ ਆਪਣੇ ਵਿਚਾਰ ਰੱਖਦਿਆਂ ਉਹਨਾਂ ਨਾਲ ਆਪਣੀਆਂ ਸਾਂਝ ਵਾਲੀਆਂ ਬਾਤਾਂ ਵੀ ਸਾਂਝੀਆਂ ਕੀਤੀਆਂ, ਜਦੋਂ ਕਿ ਤੇਰਾ ਸਿੰਘ ਚੰਨ ਦੀ ਪੋਤੀ ਸੰਦਲੀ ਨੇ ਉਹਨਾਂ ਦੀ ਇਕ ਨਜ਼ਮ ਵੀ ਪੇਸ਼ ਕੀਤੀ।
ਇਸ ਮੌਕੇ 'ਤੇ ਆਯੋਜਿਤ ਕਵੀ ਦਰਬਾਰ ਵਿਚ ਗੁਰਨਾਮ ਕੰਵਰ ਹੋਰਾਂ ਨੇ ਚੰਨ ਨੂੰ ਸਮਰਪਿਤ ਆਪਣੀ ਨਜ਼ਮ ਪੇਸ਼ ਕਰਦਿਆਂ ਬੋਲੀ ਪਾਈ 'ਸਾਡੇ ਚੰਨ ਦੀਆਂ ਕੌਣ ਕਰੇਗਾ ਰੀਸਾਂ'। ਪਾਲ ਅਜਨਬੀ ਨੇ ਜਿੱਥੇ ਆਪਣੇ ਸ਼ੇਅਰਾਂ ਰਾਹੀਂ ਕਿਹਾ 'ਚੰਨ ਜੀ ਤੁਸੀਂ ਬਹੁਤ ਯਾਦ ਆਉਂਦੇ ਹੋ', ਉਥੇ ਮਨਜੀਤ ਕੌਰ ਮੁਹਾਲੀ ਨੇ ਚੰਨ ਹੋਰਾਂ ਦੀ ਕਵਿਤਾ 'ਹੇ ਪਿਆਰੀ ਭਾਰਤ ਮਾਂ' ਮੰਚ ਤੋਂ ਪੜ੍ਹੀ ਤਾਂ ਇਹੋ ਕਵਿਤਾ ਮਨਜੀਤ ਇੰਦਰਾ ਨੇ ਗਾ ਕੇ ਸੁਣਾਈ। ਚੰਨ ਹੋਰਾਂ ਨੂੰ ਸਮਰਪਿਤ ਇਸ ਕਾਵਿ ਮਹਿਫਿਲ ਵਿਚ ਭਗਤ ਸਿੰਘ ਰੰਗਿਆੜਾ, ਗੁਰਵਿੰਦਰ ਸਿੱਧੂ, ਸੁਸ਼ੀਲ ਦੁਸਾਂਝ, ਸਿਰੀਰਾਮ ਅਰਸ਼, ਮਲਕੀਤ ਬਸਰਾ, ਸੈਵੀ ਰੈਤ, ਦੀਪਕ ਚਨਾਰਥਲ, ਸੁਖਵਿੰਦਰ ਸਿੱਧੂ, ਸਫਰਜੀਤ, ਰਮਨ ਸਿੱਧੂ, ਰਾਜਿੰਦਰ, ਲਾਭ ਸਿੰਘ ਲਹਿਰੀ ਸ਼ਾਇਰਾਂ ਨੇ ਵੀ ਆਪਣੀਆਂ ਕਵਿਤਾਵਾਂ, ਗਜ਼ਲਾਂ ਤੇ ਸ਼ੇਅਰਾਂ ਰਾਹੀਂ ਹਾਜ਼ਰੀ ਲਵਾਈ। ਸਮਾਗਮ ਵਿਚ ਵੱਡੀ ਗਿਣਤੀ ਵਿਚ ਜਿੱਥੇ ਲੇਖਕ ਤੇ ਸਰੋਤੇ ਮੌਜੂਦ ਸਨ, ਉਥੇ ਪ੍ਰੋਫੈਸਰ ਮਨਦੀਪ, ਦਿਲਦਾਰ ਸਿੰਘ, ਪ੍ਰੋਫੈਸਰ ਚੰਦਰ ਮੋਹਨ, ਮਨਜੀਤ ਕੌਰ ਮੀਤ, ਕਮਲ ਦੁਸਾਂਝ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਮੰਚ ਸੰਚਾਲਨ ਦਾ ਕਾਰਜ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਬਾਖੂਬੀ ਨਿਭਾਇਆ।
ਕੇਂਦਰੀ ਪੰਜਾਬੀ ਲੇਖਕ ਸਭਾ ਮਨਾਵੇਗੀ ਤੇਰਾ ਸਿੰਘ ਚੰਨ ਦੀ ਸ਼ਤਾਬਦੀ : ਸੁਸ਼ੀਲ ਦੁਸਾਂਝ
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਤੇਰਾ ਸਿੰਘ ਚੰਨ ਦੀ ਸ਼ਤਾਬਦੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਲੇਖਕ ਸਭਾ ਵਲੋਂ ਤੇਰਾ ਸਿੰਘ ਚੰਨ ਦੀ ਯਾਦ ਵਿਚ ਆਯੋਜਿਤ ਕਵੀ ਦਰਬਾਰ ਦੌਰਾਨ ਉਹਨਾਂ ਦੇ ਪੁੱਤਰ ਦਿਲਦਾਰ ਸਿੰਘ ਤੇ ਪ੍ਰੋਫੈਸਰ ਮਨਦੀਪ ਹੋਰਾਂ ਵਲੋਂ ਜਦੋਂ ਇਹ ਗੱਲ ਜ਼ਾਹਰ ਕੀਤੀ ਗਈ ਕਿ ਸਾਡੀ ਇੱਛਾ ਹੈ ਕਿ ਚੰਨ ਹੋਰਾਂ ਦਾ 100ਵਾਂ ਜਨਮ ਦਿਨ ਵੱਡੇ ਸਾਹਿਤਕ ਸਮਾਗਮ ਦੇ ਰੂਪ ਵਿਚ ਮਨਾਇਆ ਜਾਵੇ ਤਦ ਸਭਾ ਵਿਚ ਮੌਜੂਦ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਹਾਮੀ ਤੋਂ ਬਾਅਦ ਕੇਂਦਰੀ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਐਲਾਨ ਕੀਤਾ ਕਿ ਅਸੀਂ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਚੰਨ ਹੋਰਾਂ ਦੀ ਸ਼ਤਾਬਦੀ ਮਨਾਵਾਂਗੇ। ਇਸ ਮੌਕੇ 'ਤੇ ਲੁਧਿਆਣਾ ਸਾਹਿਤਕ ਅਕਾਦਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਤੇਰਾ ਸਿੰਘ ਚੰਨ ਪੰਜਾਬੀ ਲੇਖਕ ਸਭਾ ਦੇ ਜਿੱਥੇ ਮੋਢੀ ਸਨ, ਉਥੇ ਕੇਂਦਰੀ ਲੇਖਕ ਸਭਾ ਦੇ ਬਾਨੀਆਂ ਵਿਚੋਂ ਸਨ। ਇਸ ਮੌਕੇ 'ਤੇ ਪੰਜਾਬੀ ਲੇਖਕ ਸਭਾ ਨੇ ਸੁਸ਼ੀਲ ਦੁਸਾਂਝ ਹੋਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।