ਪਰਵੇਜ਼ ਸੰਧੂ ਵੱਲੋਂ ਵਿੱਛੜੀ ਧੀ ਸਵੀਨਾ ਦੀ ਯਾਦ ‘ਚ ਪੁਸਤਕ ਪ੍ਰਕਾਸ਼ਨ ਮਹੱਤਵਪੂਰਨ ਕਾਰਜ
ਲੁਧਿਆਣਾ, 27 ਅਗਸਤ 2021 - ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਜਾਗੀਰ ਦੀ ਜੰਮੀ ਜਾਈ ਪਰਵੇਜ਼ ਸੰਧੂ ਲੰਮੇ ਸਮੇਂ ਤੋਂ (ਕੈਲੇਫੋਰਨੀਆ)ਤੇ ਵਾਸ਼ਿੰਗਟਨ ਸਟੇਟ ‘ਚ ਕੈਨੇਡੀਅਨ ਸਰਹੱਦ ਨੇੜੇ ਅਮਰੀਕਾ ਚ ਵੱਸਦੀ ਹੈ। ਆਪਣੇ ਪਰਿਵਾਰ ਚ ਸੁੱਖੀਂ ਸਾਂਦੀ ਵੱਸਦਿਆਂ ਧੀ ਸਵੀਨਾ ਨੂੰ ਕੈਂਸਰ ਨੇ ਘੇਰ ਲਿਆ। ਵਿਆਹ ਧਰਿਆ ਧਰਾਇਆ ਰਹਿ ਗਿਆ। ਗੋਟੇ ਲੱਗੀਆਂ ਚੁੰਨੀਆਂ ਨੂੰ ਵੇਖ ਵੇਖ ਉਹ ਕੁਝ ਮਹੀਨੇ ਤਾਂ ਅੱਥਰੂਆਂ ਦੀ ਜੂਨੇ ਪੈ ਗਈ ਪਰ ਮਗਰੋਂ ਸਵੀਨਾ ਦੀ ਰੂਹ ਨੇ ਸਮਝਾਇਆ, ਮਾਏ! ਡੋਲ ਨਾ, ਮੈਂ ਤੇਰੇ ਕੋਲ ਹੀ ਹਾਂ। ਯਾਦ ਰੱਖ, ਤੈਨੂੰ ਰੱਬ ਨੇ ਸਿਰਜਕ ਬਣਾਇਆ ਹੈ।
ਇਹ ਸੁਣ ਕੇ ਪਰਵੇਜ਼ ਪੱਕੇ ਪੈਰੀਂ ਖੜ੍ਹੀ ਹੋ ਗਈ। ਧੀ ਦੇ ਵਿਆਹ ਤੇ ਜਿਹੜੇ ਪੈਸੇ ਲੱਗਣੇ ਸਨ,ਉਸ ਵਿੱਚ ਹੋਰ ਸਾਧਨ ਪਾ ਕੇ ਪੰਜਾਬੀ ਕਿਤਾਬਾਂ ਛਾਪਣ ਦੀ ਯੋਜਨਾ ਬਣਾ ਲਈ।
ਇਹ ਗੱਲ 2015 ਦੀ ਹੈ। ਪਹਿਲੀ ਕਿਤਾਬ ਨਵੇਂ ਕਵੀਆਂ ਦੀ ਚੋਣਵੀਂ ਕਵਿਤਾ ਸੀ। ਪੰਜਾਬੀ ਭਵਨ ‘ ਚ ਹਰਜੀਤ ਕੌਰ ਨੇ ਚੰਗੀ ਹਿੰਮਤ ਕਰਕੇ ਸਮਾਗਮ ਕਰਵਾਇਆ। ਚੰਡੀਗੜ੍ਹ ਵੱਸਦੀ ਵੱਡੀ ਭੈਣ ਸਮੇਤ ਪਰਵੇਜ਼ ਸਮਾਗਮ ਚ ਆਈ।
ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸੀ। ਮੇਰੇ ਦਸ ਬਾਰਾਂ ਵਾਰ ਅਮਰੀਕਾ ਜਾਣ ਦੇ ਬਾਵਜੂਦ ਹਰ ਫੇਰੀ ਤੇ ਚਾਹੁਣ ਦੇ ਬਾਵਜੂਦ ਉਸ ਨਾਲ ਕਦੇ ਮੁਲਾਕਾਤ ਨਾ ਹੋਈ ਜਦ ਕਿ ਉਸ ਦਾ ਵੀਰ ਹਰਜਿੰਦਰ ਕੰਗ ਹਰ ਵਾਰ ਫਰਿਜ਼ਨੋ (ਕੈਲੇਫੋਰਨੀਆ) ਵਿੱਚ ਮਿਲਦਾ।
2015 ਦੀ ਲੁਧਿਆਣਾ ਫੇਰੀ ਵੇਲੇ ਸਾਡੇ ਘਰ ਵੀ ਆਈ। ਪਰਿਵਾਰ ਨਾਲ ਘੁਲ਼ ਮਿਲ਼ ਗਈ।
ਤੁਰਦਿਆਂ ਕਹਿਣ ਲੱਗੀ, ਭਾ ਜੀ ਸਵੀਨਾ ਪ੍ਰਕਾਸ਼ਨ ਲਈ ਤੁਸੀਂ ਕੋਈ ਕਿਤਾਬ ਦਿਉ।
ਉਦੋਂ ਮੇਰੀ ਗ਼ਜ਼ਲ ਪੁਸਤਕ ਮਨ ਦੇ ਬੂਹੇ ਬਾਰੀਆਂ ਦਾ ਨਵਾਂ ਸੰਸਕਰਨ ਛਪਣ ਲਈ ਤਿਆਰ ਸੀ। ਮੈਂ ਓਹੀ ਸੌਂਪ ਦਿੱਤਾ। ਕਿਤਾਬ ਸੋਹਣੀ ਛਪੀ ਪਰ ਕਈ ਅੜਿੱਕਿਆਂ ਬਾਅਦ।
2020 ਦੇ ਸ਼ੁਰੂ ਚ ਉਸ ਫਿਰ ਕਿਹਾ ਕਿ ਹੋਰ ਕਿਤਾਬ ਦਿਉ।
ਮੈਂ ਕਵਿਤਾਵਾਂ ਦੀ ਕਿਤਾਬ ਚਰਖ਼ੜੀ ਦੇ ਦਿੱਤੀ। ਦੋ ਕੁ ਮਹੀਨੇ ਪਹਿਲਾਂ ਹੀ ਪ੍ਰਿੰਟਵੈੱਲ ਅੰਮ੍ਰਿਤਸਰ ਤੋਂ ਛਪ ਕੇ ਆਈ ਹੈ।
ਅੱਜ ਪਰਵੇਜ਼ ਸੰਧੂ ਦੀਆਂ ਕਹਾਣੀਆਂ ਦੀ ਕਿਤਾਬ ਕੋਡ ਬਲੂ ਮਿਲੀ ਹੈ। ਦੂਸਰਾ ਸੰਸਕਰਨ। ਪੁੱਜ ਕੇ ਸੋਹਣਾ ਛਾਪਿਆ ਹੈ ਸਵਰਨਜੀਤ ਸਵੀ ਨੇ। ਪਹਿਲਾ ਸੰਸਕਰਨ ਵੀ ਉਸ ਨੇ ਹੀ ਰੀਝਾਂ ਨਾਲ ਛਾਪਿਆ ਸੀ। ਨਵੇਂ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਵੀ ਉਸ ਨੇ ਹੀ ਸਵੀਨਾ ਪ੍ਰਕਾਸ਼ਨ ਵੱਲੋਂ ਛਾਪਿਆ ਹੈ।
ਸੁਰਿੰਦਰ ਦਾ ਮਿੱਤਰ ਕਵੀ ਵਰਿੰਦਰ ਸਿੰਘ ਸੇਖੋਂ ਜਦ ਕਿਤਾਬਾਂ ਦੇਣ ਆਇਆ ਤਾਂ ਉਸ ਦੱਸਿਆ ਕਿ ਸੁਰਿੰਦਰ ਸਾਊਦੀ ਅਰਬ ਚ ਰਹਿੰਦਾ ਹੈ।
ਖਾੜੀ ਦੇਸ਼ਾਂ ਚ ਸਿਰਜਕ ਵੀਰ ਬੜੇ ਘੱਟ ਹਨ, ਚਲੋ! ਚੰਗੀ ਸ਼ੁਰੂਆਤ ਹੋਈ ਨਾਵਲ ਨਾਲ।
ਪਰਵੇਜ਼ ਸੰਧੂ ਦੇ ਨਾਵਲ ਦੀ ਭੂਮਿਕਾ ਵਜੋਂ ਮੈਂ ਕੁਝ ਕਾਵਿ ਸਤਰਾਂ ਲਿਖੀਆਂ ਸਨ ਜੋ ਮੇਰੀ ਕਿਤਾਬ ਚਰਖ਼ੜੀ ਵਿੱਚ ਵੀ ਸ਼ਾਮਿਲ ਹਨ।
ਤੁਸੀਂ ਵੀ ਪੜ੍ਹੋ।
ਪਰਵੇਜ਼ ਕਹਾਣੀ ਲਿਖਦੀ ਨਹੀਂ, ਪਾਉਂਦੀ ਹੈ ।
ਨਿੱਕੇ-ਨਿੱਕੇ ਵਾਕ ਸ਼ਬਦਾਂ ਦੇ ਸਵੈਟਰ ਬੁਣਦੀ
ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜ ਜੋੜ ਨਿੱਘ ਬਖ਼ਸ਼ਦੀ ।
ਧੁਰ ਅੰਦਰ ਬੈਠੀ ਮਾਸੂਮ ਬਾਲੜੀ ਨੂੰ ਕਹਿੰਦੀ
ਤੂੰ ਬੋਲਦੀ ਕਿਓਂ ਨਹੀਂ ।
ਸੱਚੋ ਸੱਚ ਦੱਸ ਦੇ ਸਾਰਾ ਕੁਝ ।
ਕੌੜਾ ਕੁਸੈਲਾ,
ਦਮ ਘੋਟੂ ਧੂੰਏਂ ਜਿਹਾ ।
ਸੋਨਪਰੀ ਦੀ ਅੰਤਰ ਪੀੜ
ਜੇ ਤੂੰ ਨਹੀਂ ਸੁਣਾਏਂਗੀ
ਤਾਂ ਮਰ ਜਾਏਂਗੀ ।
ਮਰ ਨਾ, ਸੁਣਾ ਦੇ ਬੇਬਾਕੀ ਨਾਲ ।
ਸੁਣਨ ਵਾਲਿਆਂ ਨੂੰ ਸ਼ੀਸ਼ਾ ਵਿਖਾ ।
ਅਪਰਾਧ ਮੁਕਤ ਹੋ ਜਾ ।
ਏਨਾ ਭਾਰ ਚੁੱਕ ਕੇ ਕਿਵੇਂ ਤੁਰੇਂਗੀ ।
ਕਹਾਣੀ ਨਹੀਂ ਲਿਖਦੀ ਪਰਵੇਜ਼ ਪਿਘਲਦੀ ਹੈ
ਤਰਲ ਲੋਹੇ ਵਾਂਗ ਮਨ ਦੀ ਕੁਠਾਲੀ ’ਚ
ਇਸਪਾਤ ਡੌਲਦੀ ਹੈ ।
ਕਲਮਾਂ ਕਹਾਣੀਆਂ ਕਵਿਤਾਵਾਂ ਵਾਂਗ ।
ਸੁੱਤੀ ਲੱਗਦੀ ਹੈ ਪਰ ਦਿਨ ਰਾਤ ਜਾਗਦੀ
ਜਗਤ ਤਮਾਸ਼ਾ ਵੇਖਦੀ ਵਿਖਾਉਂਦੀ ਦਰਦਾਂ ਦੀ ਦੇਵੀ ਜਹੀ ।
ਉਸ ਦੇ ਧੁਰ ਅੰਦਰ
ਕਬਰਾਂ ਦਰ ਕਬਰਾਂ ਨੇ ।
ਕਤਾਰੋ ਕਤਾਰ ਚੁੱਪ ਚਾਪ ।
ਗੁੰਮ-ਸੁੰਗ ਰਹਿੰਦੀਆਂ ਕੋਲ ਕੋਲ ਨੇੜੇ ਨੇੜੇ
ਢੁਕ ਢੁਕ ਬਹਿੰਦੀਆਂ ਚੁੱਪ ਵਾਲੇ ਕੋਰੜੇ ਦੀ
ਮਾਰ ਸਹਿੰਦੀਆਂ । ਪਰ ਜਦੋਂ ਬੋਲਦੀਆਂ
ਪਰਤ ਦਰ ਪਰਤ
ਕੱਲ੍ਹੀ ਕੱਲ੍ਹੀ ਪੀਚ ਗੰਢ
ਸਹਿਜ ਮਤੇ ਖੋਲ੍ਹਦੀਆਂ ।
ਪਰਵੇਜ਼ ਦੀ ਕਹਾਣੀ ਵਿਚ ਬੜੇ ਸੰਸਾਰ
ਉੱਡਣੇ ਪਰਿੰਦਿਆਂ ਦੀ ਪਰ ਕਟੀ ਡਾਰ ।
ਓਪਰੇ ਜਹੇ ਦੇਸ ਵਿੱਚ ਸੱਜਣਾਂ ਦੇ ਭੇਸ ਵਿੱਚ,
ਆਪਣੇ ਹੀ ਮਾਰਦੇ ਨੇ ।
ਜਾਨ ਲੈਣੀ ਤਿੱਖੜੀ ਕਟਾਰ ਕੈਸੀ ਮਾਰੋ ਮਾਰ,
ਜਿੱਤ ਹੈ ਨਾ ਹਾਰ ।
ਪਰਵੇਜ਼ ਦੀ ਕਹਾਣੀ,
ਬਾਤ ਪਾਉਣ ਦੇ ਤਰੀਕੇ ਵਾਂਗ ।
ਮਿੱਠੀ ਮਿੱਠੀ ਝਾੜ,
ਪਾਉਣ ਦੇ ਸਲੀਕੇ ਵਾਂਗ ।
ਸ਼ਬਦ ਸ਼ਬਦ ਵਾਕ ਵਾਕ,
ਤਰਲ ਲੋਹਾ ਜਿਸਮ ਲੰਘੇ,
ਸੋਚ ਲੜੀਓ ਆਰ ਪਾਰ ।
ਨਿੱਕੇ ਨਿੱਕੇ ਕਦਮ ਤੁਰਦੀ,
ਭੁਰਨ ਮਗਰੋਂ,
ਮਘਨ ਮਿੱਟੀ ਫੇਰ ਜੁੜਦੀ ।
ਪੀਸਦੀ ਚੱਕੀ ’ਚ ਆਪਾ,
ਦਰਦ ਗੁੰਨ੍ਹਦੀ ਲੋਹ ਤਪਾਉਂਦੀ ।
ਮੱਠੇ ਮੱਠੇ ਸੇਕ ਉੱਤੇ ਰੋਟ ਲਾਹੁੰਦੀ ਤੇ ਖੁਆਉਂਦੀ ।
ਤਿਤਲੀ ਜਹੀ ਧੀ ਸਵੀਨਾ ਹਰ ਸਵਾਸੇ ਨਾਲ ਤੁਰਦੀ ।
ਗੱਲ ਕਰਦੀ ਬਾਤ ਪਾਉਂਦੀ ।
ਸੁਪਨਿਆਂ ਜਹੇ ਖੰਭ ਲਾ ਕੇ ਤੁਰ ਗਈ ਗਾਥਾ ਸੁਣਾਉਂਦੀ ।
ਮਣਕਾ ਮਣਕਾ ਮਾਲਾ ਫਿਰਦੀ ਯਾਦ ਆਉਂਦੀ ।
ਪਰਵੇਜ਼ ਕਹਾਣੀ ਨਹੀਂ ਲਿਖਦੀ ਪਾਉਂਦੀ ਹੈ ਚਿੱਠੀ ਵਾਂਗ ।
ਲਿਖਤੁਮ ਪਰਵੇਜ਼ ਪੜ੍ਹਤੁਮ ਸਾਰੇ ।
ਸ਼ਬਦ ਸੰਵਾਰੇ ।
ਧਰਤ ਪਰਿੰਦੇ ਇਸ ਦੀ ਅਰਦਲ ਬਹਿੰਦੇ ਸਾਰੇ।