ਲੁਧਿਆਣਾ: 12 ਮਾਰਚ 2021 - ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਚੌਥਾ ਹਰਭਜਨ ਹਲਵਾਰਵੀ ਪੁਰਸਕਾਰ ਤੇ ਕਵੀ ਦਰਬਾਰ ਸਮਾਗਮ ਸ਼ਨਿੱਚਰਵਾਰ 13 ਮਾਰਚ ਸਵੇਰੇ 11-00 ਵਜੇ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਜਾਵੇਗਾ। ਇਹ ਟਰਸਟ ਆਸਟਰੇਲੀਆ ਵੱਸਦੀ ਸਭਿਆਚਾਰਕ ਹਸਤੀ ਸ: ਦਲਬੀਰ ਸਿੰਘ ਸੁਮਨ ਹਲਵਾਰਵੀ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਹੈ।
ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਕੱਤਰ ਡਾ: ਨਿਰਮਲ ਜੌੜਾ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਸਿੰਘ ਭੱਟੀ, ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁੱਜਣਗੇ ਜਦ ਕਿ ਪ੍ਰਧਾਨਗੀ ਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਕਰਨਗੇ।
ਸਮਾਗਮ ਦੀ ਰੂਪ ਰੇਖਾ ਵਿੱਚ ਇਸ ਵਾਰ ਇੱਕ ਹੋਰ ਵਾਧਾ ਕੀਤਾ ਗਿਆ ਹੈ ਕਿ ਹਰ ਸਾਲ ਕਾਮਰੇਡ ਰਤਨ ਸਿੰਘ ਯਾਦਗਾਰੀ ਭਾਸ਼ਨ ਵੀ ਕਰਵਾਇਆ ਜਾਵੇਗਾ। ਇਸ ਸਾਲ ਪਹਿਲਾ ਭਾਸ਼ਨ ਪੰਜਾਬ ਦਾ ਖੇਤੀ ਸੰਕਟ, ਸੰਘਰਸ਼ ਅੰਤਹੀਣ ਵਿਸ਼ੇ ਤੇ ਡਾ: ਸੁਖਪਾਲ ਸਿੰਘ, ਸੀਨੀਅਰ ਪ੍ਰੋਫੈਸਰ (ਇਕਨਾਮਿਕਸ) ਪੀ ਏ ਯੂ ਲੁਧਿਆਣਾ ਕਰਨਗੇ। ਹਰਭਜਨ ਹਲਵਾਰਵੀ ਪੁਰਸਕਾਰ ਵਿਜੇਤਾ ਤੇ ਕਿਰਤੀ ਕਿਸਾਨ ਮੋਰਚੇ ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪੰਜਾਬੀ ਲੇਖਕਾ ਤੇ ਸਮਾਲੋਚਕ ਡਾ: ਅਰਵਿੰਦਰ ਕੌਰ ਕਾਕੜਾ ਪ੍ਰੋਫੈਸਰ, ਪਬਲਿਕ ਕਾਲਿਜ ਸਮਾਣਾ (ਪਟਿਆਲਾ) ਬਾਰੇ ਡਾ: ਜਗਵਿੰਦਰ ਜੋਧਾ ਸੰਪਾਦਕ (ਪੰਜਾਬੀ) ਪੀ ਏ ਯੂ ਲੁਧਿਆਣਾ ਤੇ ਕਿਸਾਨ ਮਜ਼ਦੂਰ ਸੰਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰ ਗਏ ਨਾਟਕਕਾਰ ਤੇ ਰੰਗ ਕਰਮੀ ਸ: ਹੰਸਾ ਸਿੰਘ ਬਿਆਸ (ਅੰਮ੍ਰਿਤਸਰ)ਬਾਰੇ ਟਰਸਟ ਦੇ ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਸੰਬੋਧਨ ਕਰਨਗੇ।
ਸਹਿਯੋਗੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਬਰਿਸਬੇਨ ਦੇ ਪ੍ਰਤੀਨਿਧ ਸਰਬਜੀਤ ਸੋਹੀ ਤੇ ਟਰਸਟ ਦੇ ਮੀਡੀਆ ਸਕੱਤਰ ਡਾ: ਜਗਵਿੰਦਰ ਜੋਧਾ ਅਨੁਸਾਰ ਇਸ ਮੌਕੇ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਇਸ ਸਾਲ ਕਿਰਤੀ ਕਿਸਾਨ ਸੰਘਰਸ਼ ਵਿੱਚ ਜਾਨਾਂ ਕੁਰਬਾਨ ਕਰ ਗਏ ਕਿਰਤੀਆਂ ਤੇ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਕਵੀ ਦਰਬਾਰ ਵਿੱਚ ਨਾਮਵਰ ਪੰਜਾਬੀ ਕਵੀ ਬੂਟਾ ਸਿੰਘ ਚੌਹਾਨ, ਸੇਵਾ ਸਿੰਘ ਭਾਸ਼ੋ, ਬਲਵਿੰਦਰ ਸੰਧੂ, ਸੁਸ਼ੀਲ ਦੋਸਾਂਝ,ਸਰਬਜੀਤ ਜੱਸ,ਮੁਕੇਸ਼ ਆਲਮ,ਦਲਜਿੰਦਰ ਰਹਿਲ(ਇਟਲੀ) ਡਾ. ਅਜੀਤਪਾਲ ਸਿੰਘ ਜਟਾਣਾ, ਤਰਸੇਮ ਨੂਰ, ਰਮਨਦੀਪ ਕੌਰ ਵਿਰਕ ਤੇ ਸੁਖਦੀਪ ਔਜਲਾ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਹਰਭਜਨ ਹਲਵਾਰਵੀ ਜੀ ਦਾ ਨਿੱਕਾ ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਸ: ਰਣਜੀਤ ਸਿੰਘ ਧਾਲੀਵਾਲ ਤੇ ਸ: ਗੁਰਮੀਤ ਸਿੰਘ ਦਿੱਲੀ ਸ਼ਾਮਿਲ ਹੋਣਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਹਰ ਸਾਲ ਵਾਂਗ ਲਾਈਵ ਟੈਲੀਕਾਸਟ ਕੀਤਾ ਜਾਵੇਗਾ।