ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੁਧਿਆਣਾ ਵਿੱਚ ਲੋਕ ਅਰਪਣ
ਲੁਧਿਆਣਾਃ 9 ਅਗਸਤ 2023 - ਮੋਹਾਲੀ ਵੱਸਦੇ ਨੌਜਵਾਨ ਪੰਜਾਬੀ ਕਵੀ ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਲਫ਼ਜ਼ਾਂ ਦੀ ਦੁਨੀਆਂ ਸਾਹਿੱਤ ਸਭਾ ਨਕੋਦਰ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ , ਗੁਰਭਗਤ ਸਿੰਘ ਗਿੱਲ ਪੂਰਬਾ (ਸ਼੍ਰੀ ਭੈਣੀ ਸਾਹਿਬ)ਪ੍ਰੋਃ ਜਸਬੀਰ ਸਿੰਘ ਸ਼ਾਇਰ(ਨਕੋਦਰ) ਤੇ ਸਰਮਿੰਦਰ ਸਿੰਘ ਚੰਡੀਗੜ੍ਹ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ। ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਪੁੱਜੇ।
ਇਸ ਮੌਕੇ ਬੋਲਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਅੱਚ ਪੁਸਤਕ ਪ੍ਰੇਮ ਦਿਹਾੜਾ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਲਈ ਸਾਨੂੰ ਵੀ ਹਿੰਮਤ ਕਰਕੇ ਨੌਜਵਾਨ ਪੀੜ੍ਹੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨ ਲਈ ਯਤਨ ਕੇਜ਼ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਾਡੀਆਂ ਸਾਹਿੱਤਕ ਸੰਸਥਾਵਾਂ ਨੂੰ ਵਿਸ਼ੇਸ਼ ਸਾਹਿੱਤ ਸਿਖਲਾਈ ਕਾਰਜਸ਼ਾਲਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਸ਼ਬਦ ਸਲੀਕੇ ਦਾ ਸੰਚਾਰ ਵਧੇ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਲਫ਼ਜ਼ਾਂ ਦੀ ਦੁਨੀਆਂ ਸਾਹਿੱਤ ਸਭਾ ਨਕੋਦਰ (ਜਲੰਧਰ)ਦੇ ਪ੍ਰਧਾਨ ਪ੍ਰੋਃ ਜਸਬੀਰ ਸਿੰਘ ਸ਼ਾਇਰ ਤੇ ਸਾਥੀਆਂ ਨੇ ਵਿਸ਼ੇਸ਼ ਹੰਭਲਾ ਮਾਰ ਕੇ ਨਵਿਆਂ ਪੁਰਾਣਿਆਂ ਲੇਖਕਾਂ ਵਿਚਕਾਰ ਮਜ਼ਬੂਤ ਪੁਲ਼ ਉਸਾਰਨ ਦਾ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਸਵੈਚ ਦੀ ਸ਼ਾਇਰੀ ਦਾ ਮੁੱਖ ਧੁਰਾ ਮੁਹਿਬਤ ਹੈ ਤੇ ਇਹੀ ਮੁਹੱਬਤ ਸਿਰਜਣਾ ਵਿੱਚ ਢਲ ਕੇ ਸਮਾਜ ਲਈ ਸਾਰਥਕ ਸੇਧ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਤੋਂ ਪੂਰਬਲੇ ਲੇਖਕਾਂ ਨੇ ਜਿਸ ਸਨੇਹ ਨਾਲ ਸਾਨੂੰ ਅਗਵਾਈ ਦਿੱਤੀ, ਸਾਡਾ ਵੀ ਧਰਮ ਬਣਦਾ ਹੈ ਕਿ ਅਗਲੀ ਪੁਸ਼ਤ ਦੀ ਅਗਵਾਈ ਕਰੀਏ।
ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ (ਮਾਛੀਵਾੜਾ)ਨੇ ਆਖਿਆ ਕਿ ਲੇਖਕ ਨੂੰ ਆਪਣੀ ਸਿਰਜਣਾ ਦਾ ਮੁਲਾਂਕਣ ਕਰਨ ਦੇ ਕਾਬਲ ਬਣਨਾ ਚਾਹੀਦਾ ਹੈ। ਚੰਗੀ ਗੱਲ ਹੈ ਕਿ ਹਰਪ੍ਰੀਤ ਸਿੰਘ ਸਵੈਚ ਨੇ ਕੱਚੀਆਂ ਕਹਾਣੀਆਂ ਲਿਖਣ ਦੀ ਥਾਂ ਸਮਰੱਥ ਕਵਿਤਾ ਦਾ ਮਾਰਗ ਚੁਣਿਆ ਹੈ। ਮੈਨੂੰ ਉਸ ਦੀ ਇਹ ਗੱਲ ਬੇਹੱਦ ਚੰਗੀ ਲੱਗੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਹਰਪ੍ਰੀਤ ਸਿੰਘ ਸਵੈਚ ਦੀ ਕਵਿਤਾ ਇਨਸਾਨੀ ਕਦਰਾਂ ਕੀਮਤਾਂ ਨਾਲ ਲਬਰੇਜ਼ ਹੈ। ਉਨ੍ਹਾਂ ਸਵੈਚ ਦੀ ਇੱਕ ਕਵਿਤਾ ਵੀ ਪੜ੍ਹ ਕੇ ਸੁਣਾਈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨਵੀਆਂ ਸੰਭਾਵਨਾਵਾਂ ਤੇ ਅਨੁਭਵ ਲੈ ਕੇ ਆਉਂਦੀ ਹੈ, ਜਿਸ ਸਦਕਾ ਉਨ੍ਹਾਂ ਦਾ ਸੁਆਗਤ ਕਰਨਾ ਬਣਦਾ ਹੈ। ਉਨ੍ਹਾਂ ਹਰਪ੍ਰੀਤ ਸਿੰਘ ਸਵੈਚ ਨੂੰ ਪਲੇਠਾ ਕਾਵਿ ਸੰਗ੍ਰਹਿ ਛਪਣ ਤੇ ਮੁਬਾਰਕ ਦਿੱਤੀ।
ਲਫ਼ਜ਼ਾਂ ਦੀ ਦੁਨੀਆ ਸਾਹਿੱਤ ਸਭਾ ਨਕੋਦਰ ਦੇ ਪ੍ਰਧਾਨ ਪ੍ਰੋਃ ਜਸਬੀਰ ਸਿੰਘ ਸ਼ਾਇਰ ਨੇ ਕਿਹਾ ਕਿ ਹਰਪ੍ਰੀਤ ਸਿੰਘ ਸਵੈਚ ਦੇ ਕਵੀ ਮਨ ਨੂੰ ਲੋਕ ਦਿਖਾਵਾ, ਧਾਰਮਿਕਤਾ ਦੇ ਪਰਦੇ ਹੇਠ ਪਾਖੰਡ, ਅਤੇ ਅਮੀਰਾਂ ਹੱਥੋਂ ਗਰੀਬ ਦੀ ਲੁੱਟ ਫੁੱਟੀ ਅੱਖ ਨਹੀਂ ਭਾਉਂਦੀ। ਉਹ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਦੇ ਖ਼ਿਲਾਫ਼ ਅਜਿਹੇ ਸਮਾਜ ਦੀ ਸਿਰਜਣਾ ਦਾ ਅਭਿਲਾਖੀ ਹੈ ਜਿੱਥੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਆਜ਼ਾਦੀ ਦੇ ਨਾਲ ਨਾਲ ਸਰਬ ਪੱਖੀ ਸੰਤੁਲਤ ਵਿਕਾਸ ਦੇ ਮੌਕੇ ਵੀ ਮਿਲਣ। ਪ੍ਰੋਃ ਜਸਬੀਰ ਸਿੰਘ ਸ਼ਾਇਰ ਨੇ ਲੇਖਕ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਸੀਨੀਅਰ ਰੀਪੋਰਟਰ ਹੈ ਅਤੇ ਪੰਜਾਬੀ ਸਾਹਿੱਤ ਤੋਂ ਇਲਾਵਾ ਰਾਜਨੀਤੀ ਸ਼ਾਸਤਰ ਵਿੱਚ ਵੀ ਪੋਸਟ ਗਰੈਜੂਏਟ ਹੈ। ਉਹ ਆਪਣੇ ਮਿੱਤਰ ਸਃ ਹਰਮਿੰਦਰ ਸਿੰਘ ਦੀ ਸੰਸਥਾ ਸਰਘੀ ਵੈਲਫੇਅਰ ਸੋਸਾਇਟੀ ਦਾ ਵੀ ਸਰਗਰਮ ਸਾਥੀ ਹੈ। ਸਵਾਚ ਡਾਃ ਸੁਰਜੀਤ ਪਾਤਰ ਜੀ ਦੀ ਮਦਦ ਨਾਲ “ਪੰਜਾਬੀ ਜ਼ਬਾਨ ਸਾਡੀ ਪਛਾਣ” ਨਾਮ ਹੇਠ ਦਸਤਾਵੇਜ਼ੀ ਫ਼ਿਲਮ ਵੀ ਬਣਾ ਚੁਕਾ ਹੈ।
ਆਪਣੀ ਕਾਵਿ ਪੁਸਤਕ ਬਾਰੇ ਜਾਣਕਾਰੀ ਦੇਦਿਆਂ ਹਰਪ੍ਰੀਤ ਸਿੰਘ ਸਵੈਚ ਨੇ ਕਿਹਾ ਕਿ ਉਸ ਦੇ ਲੇਖ ਭਾਵੇਂ ਦੇਸ਼ ਦੀਆਂ ਮੁੱਖ ਅਖ਼ਬਾਰਾਂ ਵਿੱਚ ਛਪਦੇ ਹਨ ਪਰ ਉਸ ਦੀ ਦਿਲੀ ਰੀਝ ਸੀ ਕਿ ਉਸ ਦੀ ਪਹਿਲੀ ਕਿਤਾਬ ਕਵਿਤਾਵਾਂ ਦੀ ਹੀ ਛਪੇ। ਉਸਦੀ ਇਹ ਰੀਝ ਅੱਜ ਪੂਰੀ ਹੋਈ ਹੈ। ਉਨ੍ਹਾਂ ਆਖਿਆ ਕਿ ਮੈਂ ਅਜੇ ਕਾਵਿ ਖੇਤਰ ਵਿੱਚ ਪਹਿਲੀ ਪੂਣੀ ਕੱਤੀ ਹੈ ਪਰ ਚੰਗੇ ਲੇਖਕਾਂ ਦੀ ਅਗਵਾਈ ਸਦਕਾ ਉਹ ਭਵਿੱਖ ਵਿੱਚ ਹੋਰ ਸਾਰਥਕ ਪੱਕੇ ਕਦਮ ਪੁੱਟੇਗਾ। ਇਸ ਮੀਟਿੰਗ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਐਕਟਿੰਗ ਵਾਈਸ ਚਾਂਸਲਰ ਡਾਃ ਜਗਤਾਰ ਸਿੰਘ ਧੀਮਾਨ, ਹਰਮਿੰਦਰ ਸਿੰਘ ਆਰ ਟੀ ਆਈ ਮਾਹਿਰ ਸਃ ਹਰਮਿੰਦਰ ਸਿੰਘ ਚੰਡੀਗੜ੍ਹ, ਬਲਰਾਜ ਸਿੰਘ ਨਕੋਦਰ, ਪੁਸਤਕ ਪ੍ਰੇਮੀ ਗੁਰਭਗਤ ਸਿੰਘ ਗਿੱਲ ਪੂਰਬਾ (ਸ਼੍ਰੀ ਭੈਣੀ ਸਾਹਿਬ) ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ(ਲੁਧਿਆਣਾ) ਤੇ ਸਃ ਬਲਕਾਰ ਸਿੰਘ ਹਾਜ਼ਰ ਸਨ।