ਲੁਧਿਆਣਾ : 16 ਮਈ 2019 - ਸਿਰਕੱਢ ਪੰਜਾਬੀ ਕਵੀ ਤੇ ਬੁੱਧੀਜੀਵੀ ਡਾ: ਸੁਰਿੰਦਰ ਗਿੱਲ ਨੇ ਅੱਜ ਇਥੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਚਿਰਜੀਵੀ ਸਾਹਿੱਤ ਉਹੀ ਬਣਨ ਦੀ ਸਮਰਥਾ ਰੱਖਦਾ ਹੈ ਜੋ ਵਕਤ ਦੀ ਨਬਜ਼ ਤੇ ਹੱਥ ਰੱਖੇ। ਉਨ੍ਹਾਂ ਆਖਿਆ ਕਿ ਵੀਅਤਨਾਮ ਤੇ ਅਮਰੀਕਨ ਹਮਲੇ ਵੇਲੇ ਅਮਰੀਕਨ ਫੌਜੀਆਂ ਦੇ ਮਨੋਰੰਜਨ ਲਈ ਭਾਰਤੀ ਮੂਲ ਦੀ ਵਿਸ਼ਵ ਸੁੰਦਰੀ ਰੀਟਾ ਫੇਰੀਆ ਗਈ ਸੀ ਅਤੇ ਉਸ ਦੇ ਜ਼ਾਲਮਾਂ ਦੇ ਹੱਕ ਵਿੱਚ ਭੁਗਤਣ ਵਾਲੇ ਕਦਮ ਦੀ ਮੇਰੇ ਸਮੇਤ ਕਈ ਲੇਖਕਾਂ ਨੇ ਕਵਿਤਾਵਾਂ ਤੇ ਲੇਖਾਂ ਰਾਹੀਂ ਵਿਰੋਧਤਾ ਕੀਤੀ ਸੀ। ਉਸ ਕਵਿਤਾ ਸਦਕਾ ਹੀ ਮੇਰੀ ਕਵਿਤਾ ਨੂੰ ਵਸ਼ਵ ਸਨਮਾਨ ਮਿਲਿਆ ਤੇ ਹੁਣ ਤੀਕ ਵੀ ਮੈਨੂੰ ਛੱਟਾ ਚਾਨਣਾਂ ਦਾ ਦੇਈ ਜਾਣਾ ਵਾਲੇ ਸੁਰਿੰਦਰ ਗਿੱਲ ਵਜੋਂ ਜਾਣਿਆ ਜਾਂਦਾ ਹੈ।
ਡਾ: ਸੁਰਿੰਦਰ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਿਰਭਉ ਤੇ ਨਿਰਵੈਰ ਬਣਨ ਦਾ ਸੁਨੇਹਾ ਗੁਰੂ ਨਾਨਕ ਦੇਵ ਜੀ ਪੰਜ ਸਦੀਆਂ ਪਹਿਲਾਂ ਦੇ ਗਏ ਸਨ ਪਰ ਅੱਜ ਅਸੀਂ ਭੈ ਮੁਕਤ ਨਹੀਂ ਹਾਂ ਤੇ ਈਰਖਾਲੂ ਸੁਭਾਅ ਦੇ ਗੁਲਾਮ ਹਾਂ।
ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਡਾ: ਸੁਰਿੰਦਰ ਗਿੱਲ ਨੂੰ ਦਸਤਾਰ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਗੁਰਭਜਨ ਗਿੱਲ ਤੇ ਤ੍ਰੈਲੋਚਨ ਲੋਚੀ ਨੇ ਸਨਮਾਨਿਤ ਕੀਤਾ।
ਡਾ: ਸੁਰਿੰਦਰ ਗਿੱਲ ਗੇ 1969 ਚ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ(ਗੁਰਦਾਸਪੁਰ) ਚ ਵਿਦਿਆਰਥੀ ਰਹੇ ਪੰਜਾਬੀ ਲੇਖਕ ਤੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਦੱਸਿਆ ਕਿ ਡਾ: ਸੁਰਿੰਦਰ ਗਿੱਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸ: ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਹਾਸਲ ਕਰ ਚੁਕੇ ਹਨ। ਡਾ: ਗਿੱਲ ਸਾਹਿੱਤ ਸਿਰਜਣਾ ਦੇ ਖੇਤਰ ਚ 1963 ਤੋਂ ਲੈ ਕੇ ਹੁਣ ਤੀਕ ਸ਼ਗਨ, ਸਫ਼ਰ ਤੇ ਸੂਰਜ,ਗੁੰਗਾ ਦਰਦ,ਆਵਾਜ਼, ਹੁਣ ਧੀਆਂ ਦੀ ਵਾਰੀ,ਦੋਸਤੀ ਦੀ ਰੁੱਤ, ਰਸੀਆਂ ਨਿੰਮੋਲ਼ੀਆਂ ਤੇ ਗੀਤ ਦਾ ਬੇਦਾਵਾ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁਕੇ ਹਨ। ਇੱਕ ਬਾਲ ਕਾਵਿ ਸੰਗ੍ਰਹਿ ਬਾਲੜੀਆਂ ਮੁਸਕਾਨਾਂ , ਇੱਕ ਖੋਜ ਪੁਸਤਕ ਡਾ: ਦੀਵਾਨ ਸਿੰਘ ਕਾਲੇਪਾਣੀ: ਜੀਵਨ ਤੇ ਰਚਨਾ ਤੇਇੱਕ ਸਫ਼ਰਨਾਮਾ ਪੰਜ ਪਰਦੇਸ ਲਿਖ ਤੇ ਪ੍ਰਕਾਸ਼ਿਤ ਕਰ ਚੁਕੇ ਹਨ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਡਾ: ਸੁਰਿੰਦਰ ਗਿੱਲ ਦੀ ਸ਼ਾਇਰੀ ਨੇ ਸਮੁੱਚੇ ਪੰਜਾਬੀ ਕਾਵਿ ਜਗਤ ਨੂੰ ਪ੍ਰਭਾਵਿਤ ਕੀਤਾ ਹੈ। ਉਹ ਜਿੱਥੇ ਪਰਬੁੱਧ ਅਧਿਆਪਕ ਸਨ ਉਥੇ ਅਗਾਂਵਧੂ ਸੋਚ ਦੇ ਰਾਹ ਦਿਸੇਰਾ ਵੀ ਸਨ। ਉਨ੍ਹਾਂ ਆਪਣੀ ਸੱਜਰੀ ਕਾਵਿ ਪੁਸਤਕ ਇੱਕ ਸੰਸਾਰ ਇਹ ਵੀ ਤੇ ਗੁਰਭਜਨਗਿੱਲ ਦਾ ਕਾਵਿ ਸੰਗ੍ਰਹਿ ਰਾਵੀ ਉਨ੍ਹਾਂ ਨੂੰ ਭੇਂਟ ਕੀਤਾ। ਡਾ: ਸੁਰਿੰਦਰ ਗਿੱਲ ਨੇ ਆਪਣਾ ਸਫ਼ਰਨਾਮਾ ਪੰਜ ਪਰਦੇਸ ਵੀ ਲੇਖਕਾਂ ਨੂੰ ਸੌਪਿਆ।
ਇਸ ਮੌਕੇ ਉੱਘੇ ਕਵੀ ਤ੍ਰੈਲੋਚਨ ਲੋਚੀ ਨੇ ਡਾ: ਸੁਰਿੰਦਰ ਗਿੱਲ ਨੂੰ ਸਮਰਪਿਤ ਗ਼ਜ਼ਲ ਦੇ ਕੁਝ ਸ਼ਿਅਰ ਸੁਣਾਏ।
ਜ਼ੋਰ ਜ਼ੁਲਮ ਨਾ ਸਹਿਣਾ ਹੁਣ ਨਾਰਾਜ਼ ਹਵਾ!
ਲੈ ਜਾਵੇਗੀ ਸਿਰ ਤੋਂ ਲਾਹ ਕੇ ਤਾਜ਼ ਹਵਾ।
ਘਰ ,ਕਮਰੇ ਤੇ ਦਿਲ ਦੇ ਵਿਹੜੇ ਸਹਿਕ ਰਹੇ,
ਸਦੀਆਂ ਤੋਂ ਜੋ ਸਾਂਭੀ ਫਿਰਦੀ ਰਾਜ਼ ਹਵਾ !
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ: ਜਗਦੀਪ ਕੌਰ ਚੰਡੀਗੜ੍ਹ, ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।