ਦਰਪਣ ਸਾਹਿਤ ਸਭਾ ਦੀ ਮਹੀਨਾਵਾਰ ਬੈਠਕ ਹੋਈ
ਪ੍ਰਮੋਦ ਭਾਰਤੀ
ਗੜ੍ਹਸ਼ੰਕਰ 09 ਮਈ 2023 - ਦਰਪਣ ਸਾਹਿਤ ਸਭਾ ਸੈਲਾ ਖੁਰਦ ਦੀ ਮਹੀਨਾਵਾਰ ਬੈਠਕ ਜਨਾਬ ਰੇਸ਼ਮ ਚਿੱਤਰਕਾਰ ਦੀ ਪ੍ਰਧਾਨਗੀ ਹੇਠ ਸੈਲਾ ਖੁਰਦ ਵਿਖੇ ਹੋਈ I ਇਹ ਬੈਠਕ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਨੂੰ ਸਪਰਪਿਤ ਕੀਤੀ ਗਈ । ਸ਼ਿਵ ਕੁਮਾਰ ਵੱਲੋਂ ਪੰਜਾਬੀ ਕਵਿਤਾ ਤੇ ਸਾਹਿਤ ਵਿਚ ਪਾਏ ਯੋਗਦਾਨ ਤੇ ਚਰਚਾ ਕਰਦਿਆਂ ਹਾਜ਼ਰ ਸਾਹਿਤਕਾਰਾਂ ਵਲੋਂ ਸ਼ਿਵ ਕੁਮਾਰ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ I ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਹਾਣੀਕਾਰ ਸੋਹਣ ਸਿੰਘ ਸੂੰਨੀ ਵਲੋਂ ਕਹਾਣੀ ਦੁਸਹਿਰਾ ਸੁਣਾ ਕੇ ਕੀਤੀ ਗਈ ਜੋ ਕਿ ਮੱਥਿਆ ਵਿੱਚ ਕਈ ਪ੍ਰਸ਼ਨ ਚਿੰਨ੍ਹ ਛੱਡ ਗਈ I
ਨੌਜਵਾਨ ਕਵੀ ਤਰਨਜੀਤ ਵਲੋਂ ਸ਼ਿਵ ਕੁਮਾਰ ਦੀ ਯਾਦ ਨੂੰ ਸਮਪਰਿਤ ਭਾਵੁਕ ਕਵਿਤਾ ਪੇਸ਼ ਕੀਤੀ ਗਈ I ਕਵੀ ਰਣਜੀਤ ਪੋਸੀ ਵਲੋਂ ਵੀ ਅਜੋਕੇ ਸਿਸਟਮ ਤੇ ਚੋਟ ਕਰਦੀਆਂ ਭਾਵਪੂਰਣ ਨਜ਼ਮਾਂ ਤੇ ਗ਼ਜ਼ਲਾਂ ਸੁਣਾਈਆਂ I ਗਾਇਕ ਤੇ ਕਵੀ ਮਨਜੀਤ ਅਰਮਾਨ ਨੇ ਇਨਕਲਾਬੀ ਗੀਤ ਸੁਣਾ ਕੇ ਦਿਲਾਂ ਨੂੰ ਚੰਗਾ ਹਲੂਣਾ ਦਿੱਤਾ l ਸ਼ਾਇਰ ਸ਼ਾਮ ਸੁੰਦਰ ਵਲੋਂ ਅਪਣੇ ਹੀ ਅੰਦਾਜ਼ ਵਿਚ ਗ਼ਜ਼ਲ ਪੇਸ਼ ਕੀਤੀ ।
ਗ਼ਜ਼ਲਗੋ ਜਨਾਬ ਬਹਾਦਰ ਕੰਵਲ ਵੱਲੋਂ ਰੂਹ ਨੂੰ ਟੁੰਬਦੀਆਂ ਗ਼ਜ਼ਲਾਂ ਸੁਣਾਈਆਂ I ਅੰਤ ਵਿਚ ਜਨਾਬ ਰੇਸ਼ਮ ਚਿੱਤਰਕਾਰ ਵਲੋਂ ਅਪਣਾ ਪੁਖ਼ਤਾ ਕਲਾਮ ਪੇਸ਼ ਕਰਕੇ ਖ਼ੂਬ ਰੰਗ ਬੰਨਿਆਂ I ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵਲੋਂ ਮਤਾ ਪਾਸ ਕਰਕੇ ਦਿੱਲੀ ਵਿਖੇ ਚੱਲ ਰਹੇ ਔਰਤ ਪਹਿਲਵਾਨਾਂ ਦੇ ਅੰਦੋਲਨ ਦਾ ਪੂਰਣ ਸਮਰਥਨ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੀੜਿਤ ਔਰਤ ਪਹਿਲਵਾਨਾਂ ਨੂੰ ਤੁਰੰਤ ਨਿਆਂ ਦਿੱਤਾ ਜਾਵੇ I