ਮੋਹਾਲੀ, 15 ਜਨਵਰੀ, 2018 :
ਪਿਛਲੇ ਸਾਲ ਫਿਰਕਾਪ੍ਰਸਤਾਂ ਵੱਲੋਂ ਕਤਲ ਕੀਤੀ ਗਈ ਕੰਨੜ ਲੇਖਿਕ ਗੌਰੀ ਲੰਕੇਸ਼ ਦੀ ਤਸਵੀਰ ਹੁਣ ਸਾਰਾ ਸਾਲ ਪੰਜਾਬੀਆਂ ਦੇ ਘਰਾਂ ਦੀਆਂ ਕੰਧਾਂ 'ਤੇ ਚਮਕੇਗੀ। ਸੂਬੇ ਵਿੱਚ ਗਿਆਨ-ਵਿਗਿਆਨ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਪਣੇ ਸਾਲਾਨਾ ਕੈਲੰਡਰ ਵਿੱਚ ਇਸ ਜੁਝਾਰੂ ਲੇਖਿਕਾ ਦੀ ਤਸਵੀਰ ਛਾਪੀ ਹੈ। ਇਸ ਤਸਵੀਰ ਦੇ ਨਾਲ ਹੀ ਉੱਘੇ ਕਵੀ ਜਾਵੇਦ ਅਖਤਰ ਦੀ ਨਜ਼ਮ 'ਕਿਸੀ ਕਾ ਹੁਕਮ ਹੈ' ਦੀਆਂ ਲਾਈਨਾਂ ਵੀ ਛਾਪੀਆਂ ਗਈਆਂ ਹਨ। ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਇਸ ਕੈਲੰਡਰ ਨੂੰ 'ਤਰਕਸ਼ੀਲ' ਮੈਗਜ਼ੀਨ ਦੇ ਨਵੇਂ ਅੰਕ ਨਾਲ ਘਰ-ਘਰ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਸੁਸਾਇਟੀ ਵੱਲੋਂ ਛਾਪੇ ਗਏ ਇਸ ਕੈਲੰਡਰ ਨੂੰ ਅੱਜ ਇਕਾਈ ਮੋਹਾਲੀ ਦੀ ਮਹੀਨਾਵਾਰ ਮੀਟਿੰਗ ਵਿੱਚ ਜਾਰੀ ਕੀਤਾ ਗਿਆ। ਤਰਕਸ਼ੀਲ ਇਕਾਈ ਮੋਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਅਤੇ ਜਰਨੈਲ ਕ੍ਰਾਂਤੀ ਨੇ ਦੱਸਿਆ 5 ਸਤੰਬਰ 2017 ਨੂੰ ਬੰਗਲੌਰ ਵਿਖੇ ਫਿਰਕਾਪ੍ਰਸਤਾਂ ਵੱਲੋਂ ਇਸ ਲੇਖਿਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਤਲਾਂ ਦਾ ਅੱਜ ਤੱਕ ਪਤਾ ਨਹੀਂ ਚੱਲਿਆ। ਉਹਨਾਂ ਕਿਹਾ ਕਿ ਲੰਕੇਸ਼ ਨੂੰ ਮਾਰਨ ਵਾਲਿਆਂ ਨੂੰ ਸ਼ਾਇਦ ਇਹ ਭੁਲੇਖਾ ਸੀ ਕਿ ਉਸ ਦੀ ਆਵਾਜ਼ ਗੋਲੀਆਂ ਮਾਰਨ ਨਾਲ ਖਤਮ ਹੋ ਜਾਵੇਗੀ ਪ੍ਰੰਤੂ ਹੁਣ ਇਹ ਆਵਾਜ਼ ਵੱਖੋ ਵੱਖ ਢੰਗਾਂ ਰਾਹੀਂ ਘਰ ਘਰ ਪਹੁੰਚ ਰਹੀ ਹੈ।
'ਹਵਾਏ ਔਰ ਲਹਿਰੇਂ, ਕਬ ਕਿਸੀ ਦਾ ਹੁਕਮ ਸੁਨਤੀ ਹੈ...
ਕੈਲੰਡਰ ਉੱਤੇ ਲੇਖਿਕਾ ਗੌਰੀ ਲੰਕੇਸ਼ ਦੀ ਤਸਵੀਰ ਦੇ ਨਾਲ ਹੀ ਪ੍ਰਸਿੱਧ ਕਵੀ ਜਾਵੇਦ ਅਖਤਰ ਦੀ ਨਜ਼ਮ 'ਕਿਸੀ ਕਾ ਹੁਕਮ ਹੈ' ਦੀਆਂ ਇਹ ਸਤਰਾਂ ਵੀ ਛਾਪੀਆਂ ਗਈਆਂ ਹਨ। 'ਹਵਾਏ ਔਰ ਲਹਿਰੇਂ, ਕਬ ਕਿਸੀ ਦਾ ਹੁਕਮ ਸੁਨਤੀ ਹੈ। ਹਵਾਏਂ ਹਾਕਮੋਂ ਦੀ ਮੁੱਠੀਓ ਮੇਂ, ਹਥਕੜੀ ਮੇਂ, ਕੈਦਖਾਨੇ ਮੇਂ ਨਹੀਂ ਰੁਕਤੀ ਹੈ।'
ਪੱਤਰਕਾਰ ਰਚਨਾ ਖਹਿਰਾ 'ਤੇ ਕੇਸ ਦਰਜ ਕਰਨ ਦੀ ਨਿਖੇਧੀ
ਤਰਕਸ਼ੀਲ ਸੁਸਾਇਟੀ ਮੋਹਾਲੀ ਦੇ ਮੀਟਿੰਗ ਵਿੱਚ ਦ ਟ੍ਰਿਬਿਊਨ ਦੀ ਪੱਤਰਕਾਰ ਬੀਬੀ ਰਚਨਾ ਖਹਿਰਾ 'ਤੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਗਈ। ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਇਹ ਕੇਸ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਉਹਨਾਂ ਯੂਆਈਡੀਏਆਈ ਅਥਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਗੱਲ ਦੀ ਨਿਰਪੱਖ ਜਾਂਚ ਕਰਵਾਈ ਜਾਂਦੀ ਅਤੇ ਕੁੱਝ ਪੈਸਿਆਂ ਲਈ ਡਾਟਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਪਰੰਤੂ ਅਥਾਰਟੀ ਵੱਲੋਂ ਉਲਟਾ ਇਸ ਤਰੁੱਟੀ ਨੂੰ ਖੋਜਣ ਅਤੇ ਸਾਰਿਆਂ ਸਾਹਮਣੇ ਲਿਆਉਣ ਵਾਲੀ ਪੱਤਰਕਾਰ 'ਤੇ ਹੀ ਕੇਸ ਦਰਜ ਕਰ ਦਿੱਤਾ ਗਿਆ। ਸੁਸਾਇਟੀ ਮੈਂਬਰਾਂ ਨੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।