ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਕਵਿਤਾ ਚੇਤੇ ਆਈ-ਗੁਰਭਜਨ ਸਿੰਘ ਗਿੱਲ ਦੀ ਕਲਮ ਤੋਂ
ਪਿਆਰਿਉ! ਜਰਨੈਲ ਸਿੰਘ ਅਰਸ਼ੀ 4 ਅਕਤੂਬਰ 1925 ਤੇਂ 14 ਜਨਵਰੀ 1951 ਤੀਕ ਸੰਸਾਰ ’ਤੇ ਰਹੇ।
ਉਹ ਜੰਗੇ ਆਜ਼ਾਦੀ ਦੇ ਦਲੇਰ ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ ।
ਉਨ੍ਹਾਂ ਦਾ ਜਨਮ ਹਰਨਾਮ ਸਿੰਘ ਥਿੰਦ ਅਤੇ ਮਾਤਾ ਧੰਨ ਕੌਰ ਜੀ ਦੇ ਘਰ ਪਿੰਡ ਰਛੀਨ (ਲੁਧਿਆਣਾ) ਨੇੜੇ ਮੰਡੀ ਅਹਿਮਦਗੜ੍ਹ ਵਿਖੇ ਹੋਇਆ ਸੀ। ਉਨ੍ਹਾਂ ਨੇ 15 ਜੂਨ 1939 ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਲੰਮਾ ਸਮਾਂ ਕਲਕੱਤੇ ਰਹੇ।
ਢਾਈ ਸਾਲ ਤੱਕ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਘੰਟਾ ਘਰ ਚੌਂਕ ਲੁਧਿਆਣਾ ਤੋਂ ਪ੍ਰਕਾਸ਼ਿਤ ਕਰਦੇ ਰਹੇ। ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਅਤਾਇਬ ਚਿਤਰਕਾਰ ਵਰਗੇ ਸਮਰੱਥ ਲੇਖਕ ਸਿਖਾਂਦਰੂ ਸਮਿਆਂ ‘ਚ ਲਲਕਾਰ ਦੇ ਦਫ਼ਤਰ ਫੇਰਾ ਰੱਖਦੇ।
ਉਨ੍ਹਾਂ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ 'ਲਲਕਾਰ' ਉਨ੍ਹਾਂ ਦੀ ਇਕਲੌਤੀ ਕਾਵਿ ਰਚਨਾ ਹੈ। ਇਸ ਦਾ ਮੁੱਖ ਬੰਦ 1945 ’ਚ ਪ੍ਰੋਃ ਮੋਹਨ ਸਿੰਘ ਜੀ ਨੇ ਲਿਖਿਆ ਸੀ। ਕਲਕੱਤੇ ਵੱਸਦੇ ਕਵੀ ਮਿੱਤਰ ਸਵਰਗੀ ਹਰਦੇਵ ਸਿੰਘ ਗਰੇਵਾਲ ਜੀ ਮੁਤਾਬਕ
ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਸਨ ਪਰ ਪਾਠਕਾਂ ਦੀ ਪਹੁੰਚ ਤੋਂ ਦੂਰ ਹਨ।
ਮੇਰਾ ਸੁਭਾਗ ਸੀ ਕਿ ਮੈਂ ਯੁਵਕ ਕੇਂਦਰ ਜਲੰਧਰ ਵੱਲੋਂ ਪ੍ਰਕਾਸ਼ਿਤ ਲਲਕਾਰ ਦਾ ਪਾਠ 1970 ਵਿੱਚ ਹੀ ਪੜ੍ਹ ਲਿਆ ਸੀ।
1971 ਵਿੱਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਜ ਵਿੱਚ ਪੜ੍ਹਨ ਆਇਆ ਤਾਂ ਅਰਸ਼ੀ ਜੀ ਦਾ ਵੱਡਾ ਪੁੱਤਰ ਇਕਬਾਲ ਸਿੰਘ 1972 ’ਚ ਮੇਰਾ ਸਹਿਪਾਠੀ ਬਣਿਆ।
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਚ ਪ੍ਰਿੰਸੀਪਲ ਕ ਸ ਜੌਲੀ ਵਿਰੁੱਧ ਹੋਈ ਹੜਤਾਲ ਦਾ ਉਹ ਆਗੂ ਸੀ, ਗੋਪਾਲ ਪੁਰ ਵਾਲੇ ਦਰਸ਼ਨ ਨਾਲ।
ਉਹ ਦੋਵੇਂ ਏਥੇ ਸਾਡੇ ਸੰਗੀ ਬਣੇ। ਇਕਬਾਲ ਸੁਰਗਵਾਸ ਹੋ ਚੁਕਾ ਹੈ ਤੇ ਦਰਸ਼ਨ ਲੰਡਨ ਵੱਸਦੈ। ਅਰਸ਼ੀ ਜੀ ਦਾ ਨਿੱਕਾ ਪੁੱਤਰ ਨਵਤੇਜ ਸਿੰਘ ਪਿਛਲੇ ਸਾਲ ਸਦੀਵੀਂ ਅਲਵਿਦਾ ਕਹਿ ਗਿਆ ਸੀ। ਉਸ ਦਾ ਬੇਟਾ ਰੁਪਿੰਦਰ ਸਿੰਘ ਰੂਪੀ ਰਛੀਨ ਪੱਤਰਕਾਰੀ ਕਰਦਾ ਹੈ ਅਹਿਮਦਗੜ੍ਹ ਮੰਡੀ ਤੋਂ।
ਜਰਨੈਲ ਸਿੰਘ ਅਰਸ਼ੀ ਜੀ ਦੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਕਵਿਤਾ ਅੱਜ ਵੀ ਸਾਰਥਰ ਹੈ।
ਪੜ੍ਹੋ ਤੇ ਪੜ੍ਹਾਉ।
ਗੁਰਭਜਨ ਗਿੱਲ
8.11.2022
ਗੁਰੂ ਨਾਨਕ ਨੂੰ
ਜਰਨੈਲ ਸਿੰਘ ਅਰਸ਼ੀ
ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ ।
ਫਸ ਗਈ ਬੇੜੀ ਵਿਚ ਭੰਵਰ ਦੇ, ਦਿਸਦਾ ਨਹੀਂ ਕਿਨਾਰਾ ਨਾਨਕ ।
ਆਪਣੀ ਮਿਹਰ ਦਾ ਚੱਪੂ ਲਾ ਕੇ,
ਕੰਢੇ ਇਹਨੂੰ ਲਾ ਜਾ ਨਾਨਕ ।
ਪਰ ਮੈਂ ਕਹਿਨਾਂ ਏਸ ਦੇਸ਼ ਵਿਚ,
ਮੁੜ ਕੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁਬ ਜਾਣ ਦੇਹ,
ਬੰਨੇ ਨਾ ਤੂੰ ਲਾਈਂ ਬਾਬਾ ।
ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵਸਦੇ ?
ਏਥੇ ਹਿੰਦ ਸਿੱਖ ਇਸਾਈ,
ਏਥੇ ਮੁਸਲਮਾਨ ਨੇ ਵਸਦੇ ।
‘ਤੇਰਾਂ ਤੇਰਾਂ’ ਵਾਲੀਆਂ ਗੱਲਾਂ, ਤੇਰੇ ਨਾਲ ਹੀ ਚਲੀਆਂ ਗਈਆਂ,
ਝੂਠ ਵੀ ਬੋਲਣ ਘਟ ਵੀ ਤੋਲਣ, ਏਥੇ ਹੁਣ ਸ਼ੈਤਾਨ ਨੇ ਵਸਦੇ।
ਪੰਜਾ ਸੀ ਤੂੰ ਲਾਇਆ ਜਿਥੇ, ਹੋ ਗਏ ਉਸ ਪੰਜਾਬ ਦੇ ਟੁਕੜੇ ।
ਜਿਥੇ ਹੁਸਨ ਇਸ਼ਕ ਦੀ ਗੱਲ ਸੀ,
ਹੋ ਗਏ ਉਸ ਕਿਤਾਬ ਦੇ ਟੁਕੜੇ ।
ਸਹਿਮੀ ਫਿਰੇ ਲੁਕਾਈ ਸਾਰੀ, ਬੁਚੜਖ਼ਾਨੇ ਥਾਂ ਥਾਂ ਖੁਲ੍ਹੇ;
ਨਗ਼ਮਾ ਅਜ ਖਾਮੋਸ਼ ਹੋ ਗਿਆ, ਹੋ ਗਏ ਅਜ ਰਬਾਬ ਦੇ ਟੁਕੜੇ ।
ਭਾਅ ਚਮਕੀਲੀ ਮਾਰਨ ਲਗੀਆਂ, ਕਾਲੀਆਂ ਹੋ ਕੇ ਕੁਲ ਜ਼ਮੀਰਾਂ।
ਅਗੇ ਨਾਲੋਂ ਬਹੁਤੀਆਂ ਚਮਕਣ,
ਹੋ ਗਈਆਂ ਨੇ ਨਿੱਕਲ ਜੰਜ਼ੀਰਾਂ ।
ਏਸ ਤਰ੍ਹਾਂ ਆਜ਼ਾਦੀ ਆਈ,
ਏਸ ਤਰ੍ਹਾਂ ਤਬਦੀਲੀ ਹੋਈ,
ਭੁਖ ਮਿਲੀ ਜਜਮਾਨਾਂ ਤਾਈ,
ਪੰਡਤ ਲੈ ਗਏ ਖੰਡਾਂ ਖੀਰਾਂ ।
ਅੱਗੇ ਭਾਗੋ ਕੱਲਾ ਹੈ ਸੀ,
ਹੁਣ ਭਾਗੋ ਦੀ ਬਣ ਗਈ ਢਾਣੀ ।
ਟਾਟੇ, ਬਾਟੇ, ਬਿਰਲੇ ਸਾਰੇ,
ਇਹ ਭਾਗੋ ਦੇ ਬਣ ਗਏ ਹਾਣੀ ।
ਧਰਮ ਛਡ ਗਏ, ਠੱਗੀ ਠੱਲ ਲਈ, ਸ਼ਰਮ ਛੱਡ ਗਏ ਵੱਢੀ ਫੜ ਲਈ,
ਬਾਬੇ ਏਥੇ ਇਕ ਸਿਆਪਾ ?
ਚਾਰੇ ਪਾਸੇ ਉਲਝੀ ਤਾਣੀ ।
ਪੰਜੀਂ ਲੈ ਕੇ ਪੱਚੀਏਂ ਵੇਚਣ,
ਇਹੋ ਜਿਹੇ ਵਿਉਪਾਰੀ ਬੀਬੇ ।
ਕੜੀਆਂ ਲਾਹ ਕੇ ਖਾ ਜਾਂਦੇ ਨੇ,
ਹਾਥੀ ਨੇ ਸਰਕਾਰੀ ਬੀਬੇ ।
ਕੀ ਕੀ ਗੁਣ ਇਨ੍ਹਾਂ ਦਾ ਦੱਸਾਂ, ਇਹ ਗੁਣਾਂ ਦੇ ਗੁਥਲੇ ਭਾਰੇ,
ਲੁੱਕ ਸੜਾਕਣ, ਬੱਜਰੀ ਚੱਬਣ,
ਆਪਣੇ ਪਾਨ ਸੁਪਾਰੀ ਬੀਬੇ ।
ਸੱਜਣ ਜਿਹੜੇ ਬਣ ਨਾ ਸਕਣ,
ਇਥੇ ਹੁਣ ਉਹ ਚੋਰ ਹੋਣਗੇ ।
ਤੁਰਦੇ ਫਿਰਦੇ ਬੰਦੇ ਖਾਣੇ,
ਐਸੇ ਆਦਮਖ਼ਰ ਹੋਣਗੇ ।
ਇਹੋ ਜਿਹੇ ਹੁਣ ਸੱਪ ਨੇ ਏਥੇ,
ਡੰਗ ਮਾਰ ਕੇ ਧੁਪੇ ਸੁਟਦੇ,
ਸੁਤਿਆਂ ਨੂੰ ਜੋ ਛਾਂ ਸੀ ਕਰਦੇ,
ਉਹ ਸੱਪ ਕੋਈ ਹੋਰ ਹੋਣਗੇ ।
ਬੁੱਲਘ ਸ਼ਾਇਰ ਦੇ ਖੁਲ੍ਹ ਨਹੀਂ ਸਕਦੇ, ਐਸੇ ਤਾਲੇ ਜੜੇ ਹੋਏ ਨੇ ।
ਏਥੇ ਕਈ ਕਾਨੂੰਨੀ ਚਾਕੂ,
ਕਲਮ ਦੇ ਸੰਘ ’ਚ ਅੜੇ ਹੋਏ ਨੇ ।
ਲੋਕਾਂ ਵਲ ਦੀ ਗੱਲ ਜੋ ਆਖੇ,
ਦੇਸ਼ ਦਾ ਵੈਰੀ ਸਮਝਿਆ ਜਾਂਦੈ,
ਝੱਟ ਜੇਲ੍ਹ ਦੇ ਅੰਦਰ ਠੋਸਣ,
ਰੂਲ ਇਹੋ ਜਿਹੇ ਘੜੇ ਹੋਏ ਨੇ ।
ਸੱਚੇ ਸੌਦੇ ਉਂਜ ਨਹੀਂ ਹੋਣੇ,
ਚੋਰ ਬਜ਼ਾਰੀ ਕਰ ਨਹੀਂ ਸਕਣਾ ।
ਸੱਚ ਕਹਿਣ ਦੀ ਆਦਤ ਤੈਨੂੰ,
ਝੂਠੀ ਹਾਮੀ ਭਰ ਨਹੀਂ ਸਕਣਾ ।
ਪਬਲਿਕ ਸੇਫਟੀ ਐਕਟ ਨੇ ਫਿਰ, ਹਰਕਤ ਵਿਚ ਮਜਬੂਰਨ ਆਉਣੈਂ,
ਤੈਨੂੰ ਜੇਲ੍ਹ 'ਚ ਡੱਕਣ ਬਾਝੋਂ,
ਇਸ ਸਰਕਾਰ ਦਾ ਸਰ ਨਹੀਂ ਸਕਣਾ ।
ਏਸ ਲਈ ਮੈਂ ਕਹਿਨਾ ਤੈਨੂੰ ਏਥੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁੱਬ ਜਾਣ ਦੇਹ, ਬੰਨੇ, ਨਾ ਤੂੰ ਲਾਈਂ ਬਾਬਾ।