ਭਾਸ਼ਾ ਵਿਭਾਗ, ਗੁਰਦਾਸਪੁਰ ਵੱਲੋਂ ਵਿਸ਼ਵ-ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਦੀ ਪੁਸਤਕ 'ਖ਼ੈਰ ਪੰਜਾਂ ਪਾਣੀਆਂ ਦੀ' ਲੋਕ-ਅਰਪਣ
ਬਟਾਲਾ\ਗੁਰਦਾਸਪੁਰ, 6 ਸਤੰਬਰ 2022 - ਭਾਸ਼ਾ ਵਿਭਾਗ ਪੰਜਾਬ ਦੀ ਸੁਯੋਗ ਅਗਵਾਈ ਅਧੀਨ ਸਾਹਿਤ+ਸਿਰਜਣਾ ਦੇ ਪਾਸਾਰ ਲਈ ਕਾਰਜਸ਼ੀਲ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਵਿਖੇ ਕਾਲਜ ਪ੍ਰਿੰਸੀਪਲ ਡਾ. ਮੰਜੁਲਾ ਉੱਪਲ ਦੀ ਪ੍ਰਧਾਨਗੀ ਨਾਲ ਕਰਵਾਏ ਗਏ ਸਾਹਿਤਕ ਸਮਾਰੋਹ ਵਿੱਚ ਪੰਜਾਬੀ ਵਿਸ਼ਵ ਦੇ ਨਾਮੀ ਸ਼ਾਇਰ ਤੇ ਵਿਦਵਾਨ ਗੁਰਭਜਨ ਗਿੱਲ ਦੇ ਕਾਵਿ-ਸੰਗ੍ਰਹਿ 'ਖ਼ੈਰ ਪੰਜਾਂ ਪਾਣੀਆਂ ਦੀ' ਲੋਕ-ਅਰਪਣ ਕੀਤਾ ਗਿਆ।
ਜਿਸ ਵਿੱਚ ਉੱਘੇ ਗ਼ਜ਼ਲਗੋ ਕਮਲਜੀਤ ਸਿੰਘ ਕਮਲ, ਸਟੇਟ ਅਵਾਰਡੀ ਸ਼ਾਇਰ ਗੁਰਮੀਤ ਸਿੰਘ ਬਾਜਵਾ, ਐੱਸ.ਐੱਲ.ਬਾਵਾ ਡੀ.ਏ.ਵੀ. ਕਾਲਜ ਦੇ ਰਜਿਸਟਰਾਰ ਡਾ. ਸੇਠੀ, ਡਾ. ਗੁਰਵੰਤ ਸਿੰਘ, ਸਟੇਟ ਐਵਾਰਡੀ ਪ੍ਰਿੰਸੀਪਲ ਰਜਨੀ ਬਾਲਾ ਅਤੇ ਡਾ. ਜਤਿੰਦਰ ਕੌਰ ਮੁਖੀ ਪੰਜਾਬੀ ਪੋਸਟ ਗਰੈਜੂਏਟ ਵਿਭਾਗ ਬੇਰਿੰਗ ਕਾਲਜ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਇਸ ਪੁਸਤਕ ਲੋਕ-ਅਰਪਣ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ, ਉੱਘੇ ਗ਼ਜ਼ਲਗੋ ਕਮਲਜੀਤ ਸਿੰਘ ਕਮਲ, ਸਟੇਟ ਐਵਾਰਡ ਗੁਰਮੀਤ ਸਿੰਘ ਬਾਜਵਾ, ਪ੍ਰਿੰਸੀਪਲ ਡਾ. ਮੰਜੁਲਾ ਉੱਪਲ, ਪ੍ਰਿੰਸੀਪਲ ਰਜਨੀ ਬਾਲਾ ਨੇ ਸੰਖੇਪ ਪੁਸਤਕ-ਚਰਚਾ ਕਰਦਿਆਂ ਕਿਹਾ ਕਿ ਇਹ ਪੁਸਤਕ ਹਿੰਦ-ਪਾਕਿ ਰਿਸ਼ਤਿਆਂ 'ਤੇ ਸਰਬ ਸਾਂਝੀ ਪੰਜਾਬੀਅਤ ਨਾਲ ਭਰਪੂਰ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਉਨੱਤਰ ਦੇ ਕਰੀਬ ਨਜ਼ਮਾਂ ਅਤੇ ਪੰਜਤਾਲੀ ਗ਼ਜ਼ਲਾਂ ਸ਼ਾਮਿਲ ਹਨ।
ਇਸ ਕਾਵਿ-ਸੰਗ੍ਰਹਿ ਵਿੱਚ ਬਹੁਤ ਸਾਰੀਆਂ ਨਜ਼ਮਾਂ ਸੰਨ ਸੰਤਾਲੀ ਦੇ ਹੰਝੂਆਂ ਦਾ ਦਰਦਨਾਮਾ ਵੀ ਹਨ। ਉਨ੍ਹਾਂ ਅਨੁਸਾਰ ਪੰਜਾਬੀ ਸਾਹਿਤ ਵਿਚ ਇਹ ਇੱਕ ਵਡਮੁੱਲੀ ਸਾਹਿਤਕ ਪ੍ਰਾਪਤੀ ਹੈ, ਜਿਸ ਲਈ ਇਸ ਦੇ ਨਾਮੀ ਸ਼ਾਇਰ ਗੁਰਭਜਨ ਗਿੱਲ ਮੁਬਾਰਕਬਾਦ ਦੇ ਹੱਕਦਾਰ ਹਨ। ਉੱਘੇ ਸਮਾਜ ਸੇਵੀ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਅਮਰੀਕਾ ਤੋਂ ਹੀ ਇਸ ਪੁਸਤਕ ਦੀ ਸਾਹਿਤਕ ਪ੍ਰਾਪਤੀ ਕਰਕੇ ਇਸ ਪੁਸਤਕ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਸਹਿਮਤੀ ਦੇ ਕੇ ਇਸ ਪੁਸਤਕ 'ਤੇ ਵੱਖਰੇ ਰੂਪ ਵਿੱਚ ਵਿਚਾਰ-ਚਰਚਾ ਕਰਵਾਉਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਇਰ ਸੁਖਦੇਵ ਪ੍ਰੇਮੀ, ਰਣਜੀਤ ਕੌਰ, ਲੈਕਚਰਾਰ ਹਰਿੰਦਰ ਕੌਰ, ਜਸਵੰਤ ਹਾਂਸ, ਸੁਲਤਾਨ ਭਾਰਤੀ, ਸੇਲ ਇੰਚਾਰਜ ਸ਼ਾਮ ਸਿੰਘ ਆਦਿ ਮੌਜੂਦ ਸਨ।