ਸੁਖੀ ਬਾਠ ਦੀ ਅਗਵਾਈ ਹੇਠਲੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰਾਜੈਕਟ ਦੇ ਜਗਜੀਤ ਧੂਰੀ ਵੀ ਹੋਏ ਕਾਇਲ- ਮੈਡਮ ਬਲਜੀਤ ਸ਼ਰਮਾ ਨੇ ਪ੍ਰੋਸਪੈਕਟਸ ਰਿਲੀਜ਼ ਕਰਵਾਇਆ
ਸੰਗਰੂਰ, 14 ਜੁਲਾਈ 2024- ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਤਹਿਤ ਸਤਿਕਾਰਤ ਸੁਖੀ ਬਾਠ ਦੀ ਅਗਵਾਈ ਹੇਠ ਡਾ. ਜਗਜੀਤ ਸਿੰਘ ਧੁਰੀ ਪ੍ਰੈਜੀਡੈਂਟ ਫੈਪ ਨਾਲ ਪ੍ਰੋਜੈਕਟ ਮੁਲਾਕਾਤ ਕਰਨ ਦਾ ਮਾਣ ਹਾਸਲ ਹੋਇਆ। ਇਹ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਅਧਿਆਪਕ ਸ੍ਰੀਮਤੀ ਬਲਜੀਤ ਸ਼ਰਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ, "ਮੇਰੇ ਨਾਲ ਸੰਗਰੂਰ ਕਮੇਟੀ ਦੇ ਮੈਂਬਰ ਸਰਦਾਰ ਭੀਮ ਸਿੰਘ ਨੇ ਆਪਣਾ ਕੀਮਤੀ ਸਮਾਂ ਕੱਢਿਆ। ਪ੍ਰੋਜੈਕਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨਾਲ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਬਾਰੇ ਗੱਲ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਬਾਠ ਦੀ ਅਗਵਾਈ ਆਪਣੇ ਸਕੂਲ ਤੋਂ ਕੀਤੀ। ਹੁਣ ਇਹ ਪ੍ਰੋਜੈਕਟ ਸਿਰਫ ਪੰਜਾਬ ਭਰ ਦੇ ਬਾਲ ਸਾਹਿਤਕਾਰਾਂ ਦੀਆਂ ਕਲਮਾਂ ਨੂੰ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਬਾਲ ਸਾਹਿਤਕਾਰਾਂ ਦੀਆਂ ਕਲਮਾਂ ਨੂੰ ਪਰਵਾਜ਼ ਭਰਨ ਲਈ ਸਦੀਵੀ ਖੰਭ ਦੇ ਰਿਹਾ ਹੈ। ਪੰਜਾਬ ਭਵਨ ਜਲੰਧਰ ਦੀ ਸੰਚਾਲਕਾ ਪ੍ਰੀਤ ਹੀਰ ਬਾਰੇ ਦੱਸਿਆ ਕਿ ਕਿਵੇਂ ਉਹ ਦਿਨ ਰਾਤ ਇਹਨਾਂ ਬਾਲ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਉਹਨਾਂ ਦਾ ਹੌਸਲਾ ਵਧਾ ਰਹੇ ਹਨ।
ਡਾ. ਧੂਰੀ ਨੇ ਪਹਿਲਾਂ ਤਾਂ ਕਿਤਾਬ ਵਿਚਲੀਆਂ ਕੁਝ ਕਵਿਤਾਵਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ। ਬਾਲ ਸਾਹਿਤਕਾਰਾਂ ਦੀਆ ਕਵਿਤਾਵਾਂ ਪੜਦਿਆਂ ਉਹਨਾਂ ਦੇ ਚਿਹਰੇ ਦੀ ਚਮਕ ਦੇਖਣ ਯੋਗ ਸੀ। ਉਹਨਾਂ ਨੇ ਬਾਠ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦਾ ਇਹ ਵਾਕਏ ਹੀ ਇੱਕ ਵਿਲੱਖਣ ਅਤੇ ਆਦਰਸ਼ ਕਦਮ ਹੈ। ਉਹਨਾਂ ਨੇ ਇਹ ਸਲਾਹ ਦਿੱਤੀ ਕਿ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਮਾਂ ਬੋਲੀ ਪੰਜਾਬੀ ਨੂੰ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਨਾਲ ਜੋੜਿਆ ਜਾਵੇ। ਨਾਲ ਹੀ ਉਹਨਾਂ ਇਹ ਸਲਾਹ ਦਿੱਤੀ ਕਿ ਮਾਂ ਬੋਲੀ ਨੂੰ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣਾ ਵੀ ਬਹੁਤ ਜਰੂਰੀ ਹੈ।
ਉਹਨਾਂ ਦੀਆਂ ਸਵੈ ਲਿਖਤ ਅਤੇ ਸਵੈ ਪ੍ਰਕਾਸ਼ਿਤ ਪੰਜਾਬੀ ਦੀਆਂ ਕਿਤਾਬਾਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੰਜਾਬ ਦੇ ਤਕਰੀਬਨ ਹਜ਼ਾਰ ਸਕੂਲਾਂ ਦੇ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਨੇ ਇਹ ਵਾਅਦਾ ਕੀਤਾ ਕਿ ਨਵੀਆਂ ਕਲਮਾਂ ਨਵੀਂ ਉਡਾਨ ਕਿਤਾਬ ਵਿਚਲੀਆਂ ਬਿਹਤਰੀਨ ਰਚਨਾਵਾਂ ਨੂੰ ਉਹਨਾਂ ਦੀਆਂ ਕਿਤਾਬਾਂ ਦੇ ਸਿਲੇਬਸ 2025-26 ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਹਨਾਂ ਇਹ ਭਰੋਸਾ ਦਿਵਾਇਆ ਸਮੁੱਚੇ ਪੰਜਾਬ ਵਿੱਚ ਪ੍ਰੋਜੈਕਟ ਨਾਲ ਸੰਬਧਿਤ ਸਮਾਗਮ ਤੁਸੀਂ ਜਿਸ ਸਕੂਲ ਵਿੱਚ ਕਰਵਾਉਣਾ ਹੈ ਤਾਂ ਤੁਸੀਂ ਮੈਨੂੰ ਸਿਰਫ ਇੱਕ ਫੋਨ ਕਰਨਾ ਹੈ। ਇਸ ਤੋਂ ਬਾਅਦ ਪ੍ਰਾਸਪੈਕਟਸ ਰਿਲੀਜ ਕੀਤਾ ਗਿਆ ਤੇ ਉਹਨਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਨਵੀਆਂ ਕਲਮਾਂ ਨਵੀਂ ਉਡਾਣ ਦੀ ਕਿਤਾਬ ਲਾਈਬ੍ਰੇਰੀ ਵਿੱਚ ਰੱਖਣ ਲਈ ਭੇਂਟ ਕੀਤੀ ਗਈ ਤਾਂ ਕਿ ਵਿਦਿਆਰਥੀ ਇਸ ਤੋਂ ਲਾਭ ਉਠਾ ਸਕਣ। ਇਸ ਤਰ੍ਹਾਂ ਅੱਜ ਦਾ ਦਿਨ ਨਵੀਆਂ ਕਲਮਾਂ ਨਵੀਂ ਉਡਾਣ ਦੇ ਤਹਿਤ ਸਾਰਥਕ ਹੋ ਨਿਬੜਿਆ।