ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਬੈਠਕ ਵਿਚ ਚੱਲਿਆ ਰਚਨਾਵਾਂ ਦਾ ਦੌਰ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕੇ. ਪੀ ਸਿੰਘ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਗ੍ਰਹਿ ਵਿੱਚ ਹੋਈ । ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਵਰਤਮਾਨ ਵਿਚ ਕੇਂਦਰ ਦੀ ਸਰਕਾਰ ਵੱਲੋਂ ਅਗਨੀ ਪਥ ਯੋਜਨਾ ਤਹਿਤ ਫ਼ੌਜ ਵਿਚ ਚਾਰ ਸਾਲ ਵਾਸਤੇ ਭਰਤੀ ਨੂੰ ਨੌਜਵਾਨਾਂ ਨਾਲ ਕੋਝਾ ਮਜ਼ਾਕ ਦੱਸਿਆ । ਸਮਾਜਿਕ ਅਤੇ ਸਿਆਸੀ ਵਰਤਾਰਿਆਂ ਤੇ ਰੌਸ਼ਨੀ ਪਾਉਂਦਿਆਂ ਬੁੱਧੀਜੀਵੀ ਵਰਗ ਨੂੰ ਸੁਚੇਤ ਰਹਿ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ।
ਹਮੇਸ਼ਾ ਵਾਂਗ ਰਚਨਾਵਾਂ ਦਾ ਦੌਰ ਸਭਾ ਦੇ ਸਰਪ੍ਰਸਤ ਬਜ਼ੁਰਗ ਸ਼ਾਇਰ ਕਾਮਰੇਡ ਮੁਲਖ ਰਾਜ ਦੇ ਇਨਕਲਾਬੀ ਗੀਤ ਨਾਲ ਸ਼ੁਰੂ ਹੋਇਆ ।
ਰਾਜਨ ਤਰੇੜੀਆ ਨੇ ਬਾਲ ਕਥਾ ਅਤੇ ਰਜਿੰਦਰ ਸਿੰਘ ਤੱਗੜ ਨੇ ਲੋਕ ਕਥਾ ਸਾਂਝੀ ਕੀਤੀ । ਪ੍ਰੋਫੈਸਰ ਰਾਜ ਕੁਮਾਰ ਅਤੇ ਤਰਸੇਮ ਸਿੰਘ ਭੰਗੂ ਨੇ ਕਹਾਣੀਆਂ ਪੇਸ਼ ਕੀਤੀਆਂ । ਐਨ ਕੇ ਸੋਈ ਨੇ ਕਵਿਤਾ ਸੁਣਾਈ । ਹਰਪਾਲ ਬੈਂਸ, ਸੁਭਾਸ਼ ਦੀਵਾਨਾ ਅਤੇ ਸੁਨੀਲ ਕੁਮਾਰ ਨੇ ਗ਼ਜ਼ਲਾਂ ਸੁਣਾ ਕੇ ਵਾਹ-ਵਾਹ ਖੱਟੀ । ਗੀਤਾਂ ਦੇ ਦੌਰ ਵਿਚ ਗੁਰਦੇਵ ਭੁੱਲਰ, ਪ੍ਰਤਾਪ ਪਾਰਸ ਅਤੇ ਪ੍ਰੀਤ ਰਾਣਾ ਨੇ ਤਰੰਨਮ ਵਿਚ ਆਪਣੇ-ਆਪਣੇ ਗੀਤ ਪੇਸ਼ ਕਰਕੇ ਮਹਿਫ਼ਲ ਨੂੰ ਸਿਖ਼ਰਾਂ ਤੇ ਪਹੁੰਚਾਇਆ ।
ਅਸ਼ਵਨੀ ਕੁਮਾਰ ਨੇ ਅੱਜ ਦੇ ਦਿਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਵਿਚਾਰ ਪੇਸ਼ ਕੀਤੇ ਕਿ 26 ਜੂਨ 1975 ਨੂੰ ਉਸ ਸਮੇਂ ਦੀ ਹਾਕਮ ਇੰਦਰਾ ਗਾਂਧੀ ਨੇ ਐਲਾਨੀਆਂ ਐਮਰਜੈਂਸੀ ਲਾਈ ਸੀ ਪਰ ਇਸ ਵੇਲੇ ਮੁਲਕ ਵਿੱਚ ਬਹੁਤ ਦੇਰ ਤੋਂ ਅਨ ਐਲਾਨੀ ਐਮਰਜੈਂਸੀ ਲੱਗੀ ਹੋਣ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ । ਅੰਤ ਵਿਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਬੈਠਕ ਵਿਚ ਪਹੁੰਚੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਸਭਾ ਦੀ ਸਮੁੱਚੀ ਕਾਰਵਾਈ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ।