ਪੰਜਾਬੀ ਯੂਨੀਵਰਸਿਟੀ ਦਾ ਪਬਲੀਕੇਸ਼ਨ ਬਿਊਰੋ ਮੁੜ-ਸਰਗਰਮ -ਮੁੱਖ ਮੰਤਰੀ ਨੇ ਰਿਲੀਜ਼ ਕੀਤੀਆਂ ਛੇ ਕਿਤਾਬਾਂ
-ਯੂਨੀਵਰਸਿਟੀ ਵੱਲੋਂ ਤਿਆਰ ਸਾਫ਼ਟਵੇਅਰ ਰਾਹੀਂ ਮਸ਼ੀਨੀ ਲਿਪੀਆਂਤਰ ਦਾ ਤਜਰਬਾ ਵੀ ਰਿਹਾ ਸਫਲ
-ਹੁਣ ਸ਼ਾਹਮੁਖੀ ਵਿੱਚ ਵੀ ਛਾਪੀਆਂ ਜਾਇਆ ਕਰਨਗੀਆਂ ਕਿਤਾਬਾਂ
ਪਟਿਆਲਾ, 3 ਮਈ 2023 - ਪੰਜਾਬੀ ਯੂਨੀਵਰਸਿਟੀ ਦਾ ਇਸ ਵਾਰ ਦਾ ਸਥਾਪਨਾ ਦਿਵਸ ਇਸ ਗੱਲੋਂ ਵੀ ਖਾਸ ਸੀ ਕਿ ਲੰਬੇ ਸਮੇਂ ਬਾਅਦ ਇੱਥੋਂ ਦੇ ਪਬਲੀਕੇਸ਼ਨ ਬਿਊਰੋ ਦੀਆਂ ਛੇ ਨਵੀਆਂ ਪ੍ਰਕਾਸ਼ਨਾਵਾਂ ਨੂੰ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਮਾਨ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਿਖੇ ਨਵੀਆਂ ਕਿਤਾਬਾਂ ਛਾਪਣ ਦੀ ਪ੍ਰਕਿਰਿਆ ਸੁਸਤ ਪੈ ਗਈ ਸੀ ਪਰ ਹੁਣ ਪਿਛਲੇ ਕੁੱਝ ਸਮੇਂ ਦੌਰਾਨ ਯੂਨੀਵਰਸਿਟੀ ਵਲੋਂ ਇਸ ਨੂੰ ਮੁੜ ਲੀਹ ਉੱਤੇ ਚੜਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਹੁਣ ਇੱਕ ਨਵੀਂ ਗੱਲ ਇਹ ਵੀ ਵਾਪਰੀ ਹੈ ਕਿ ਹੁਣ ਬਿਊਰੋ ਵੱਲੋਂ ਸਾਹਮੁਖੀ ਲਿਪੀ ਵਿੱਚ ਵੀ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਇਆ ਕਰਨਗੀਆਂ ਤਾਂ ਕਿ ਲਹਿੰਦੇ ਪੰਜਾਬ ਵਸਦੇ ਪਾਠਕਾਂ ਤੱਕ ਵੀ ਇੱਥੇ ਪੈਦਾ ਹੋ ਰਹੇ ਗਿਆਨ ਦੀ ਰਸਾਈ ਹੋ ਸਕੇ। ਉਨ੍ਹਾਂ ਕਿਹਾ ਕਿ ਚੋਣਵੀਆਂ ਕਿਤਾਬਾਂ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ ਵਿਚ ਬਰਾਬਰ ਛਾਪੀਆਂ ਜਾਇਆ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਵਿਸ਼ੇਸ਼ ਸਾਫ਼ਟਵੇਅਰ ਰਾਹੀਂ ਮਸ਼ੀਨੀ ਲਿਪੀਆਂਤਰ ਦੀ ਮਦਦ ਲਈ ਜਾਵੇਗੀ।
ਪਬਲੀਕੇਸ਼ਨ ਬਿਊਰੋ ਮੁਖੀ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਰਿਲੀਜ਼ ਕੀਤੀਆਂ ਛੇ ਪੁਸਤਕਾਂ ਵਿੱਚ ਇੱਕ ਪੁਸਤਕ 'ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ' ਦੇ ਗੁਰਮੁਖੀ ਅਤੇ ਸ਼ਾਹਮੁਖੀ ਪ੍ਰਕਾਸ਼ਨ ਵਿੱਚ ਇਸ ਮਸ਼ੀਨ ਲਿਪੀਆਂਤਰਣ ਬਾਰੇ ਸਫਲ ਪ੍ਰਯੋਗ ਕੀਤਾ ਗਿਆ ਹੈ। ਇਹ ਪੁਸਤਕ ਭਾਈ ਵੀਰ ਸਿੰਘ ਚੇਅਰ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। ਇਸ ਵਿੱਚ ਸ਼ਾਮਿਲ ਰਚਨਾਵਾਂ ਦੀ ਚੋਣ ਪੰਜਾਬੀ ਸਾਹਿਤ ਜਗਤ ਦੀਆਂ ਦੋ ਨਾਮੀ ਹਸਤੀਆਂ, ਸੁਰਜੀਤ ਪਾਤਰ ਅਤੇ ਸਵਰਾਜਬੀਰ ਵਲੋਂ ਕੀਤੀ ਗਈ ਹੈ।
ਇਸੇ ਤਰ੍ਹਾਂ ਡਾ. ਜੀਤ ਸਿੰਘ ਜੋਸ਼ੀ ਵੱਲੋਂ ਤਿਆਰ 'ਗਿਆਨੀ ਗੁਰਦਿੱਤ ਸਿੰਘ : ਜੀਵਨ ਅਤੇ ਰਚਨਾ' ਪੁਸਤਕ ਦੇ ਮਹੱਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਲ ਗਿਆਨੀ ਗੁਰਦਿੱਤ ਸਿੰਘ ਦੀ ਸ਼ਤਾਬਦੀ ਦਾ ਸਾਲ ਹੈ।
'ਵਿਗਿਆਨ ਦਰਪਣ' ਕਿਤਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਵਿੱਚ ਹੁਣ ਤੱਕ ਪ੍ਰਕਾਸ਼ਿਤ ਸਮੁੱਚੀ ਵਿਗਿਆਨ
ਸਮੱਗਰੀ ਦੀ ਕੌਮਾਂਤਰੀ ਪੁਸਤਕ ਸੂਚੀ ਹੈ।ਡਾ. ਸੁਖਦੇਵ ਸਿੰਘ ਵੱਲੋਂ ਤਿਆਰ ਇਸ ਪੁਸਤਕ ਰਾਹੀਂ ਪੰਜਾਬੀ ਵਿੱਚ ਹੁਣ ਤੱਕ ਪ੍ਰਕਾਸ਼ਿਤ ਸਮੁੱਚੀ
ਵਿਗਿਆਨ ਸਮੱਗਰੀ ਦੀ ਥਾਹ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਜਾਂ ਭਾਰਤ ਤੋਂ ਬਾਹਰ ਕਿਤੇ ਵੀ ਜੇਕਰ ਪੰਜਾਬੀ ਵਿਚ ਵਿਗਿਆਨ ਦੀ
ਕੋਈ ਪੁਸਤਕ ਛਪੀ ਹੈ ਤਾਂ ਉਸ ਦਾ ਹਵਾਲਾ ਇਸ ਪੁਸਤਕ ਵਿਚ ਦਰਜ ਹੈ।
ਨਾਵਲ ਆਲੋਚਨਾ ਸ਼ਬਦ ਕੋਸ਼' ਡਾ. ਟੀ.ਆਰ. ਵਿਨੋਦ ਵੱਲੋਂ ਤਿਆਰ ਕੀਤਾ ਗਿਆ ਕੋਸ਼ ਹੈ ਜਿਸ ਦਾ ਹੁਣ ਦੂਜਾ ਅਡੀਸ਼ਨ ਛਾਪਿਆ ਗਿਆ ਹੈ।
ਇਸ ਵਿੱਚ ਨਾਵਲ ਸਿਰਜਣਾ ਅਤੇ ਨਾਵਲ ਆਲੋਚਨਾ ਨਾਲ ਸਬੰਧਤ ਸੰਕਲਪੀ ਸ਼ਬਦਾਵਲੀ ਦੀ ਵਿਆਖਿਆ ਕੀਤੀ ਗਈ ਹੈ।
'ਵਿਆਹ ਰੀਤਾਂ ਦੀ ਅਮਰਵੇਲ : ਬਦਲਦੇ ਸਰੂਪ' ਪੁਸਤਕ ਵਿੱਚ ਕੈਨੇਡਾ ਵਸਨੀਕ ਲੇਖਕ ਮਨਜੀਤ ਕੌਰ ਸੇਖੋਂ ਨੇ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਵੱਖ-ਵੱਖ ਰੀਤਾਂ ਬਾਰੇ ਵਿਆਖਿਆ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।
'ਨਾਚਾਂ ਦੇ ਨਾਲ ਨਾਲ' ਕਿਤਾਬ ਡਾ. ਗੁਰਸੇਵਕ ਲੰਬੀ ਵੱਲੋਂ ਲਿਖੀ ਗਈ ਹੈ ਜਿਸ ਰਾਹੀਂ ਯੁਵਕ ਮੇਲਿਆਂ ਵਿਚ ਨੱਚੇ ਜਾਣ ਵਾਲੇ ਵੱਖ-ਵੱਖ ਨਾਵਾਂ ਨੂੰ ਸਿੱਖਣ ਲਈ ਸੰਬੰਧਤ ਨੇਮਾਵਲੀ ਦੇ ਹਿਸਾਬ ਨਾਲ਼ ਲੋੜੀਂਦੇ ਨੁਕਤਿਆਂ ਬਾਰੇ ਗੱਲ ਕੀਤੀ ਗਈ ਹੈ।