ਅਸ਼ੋਕ ਵਰਮਾ
- ਅੱਜ ਸਹਾਇਕ ਸਕੱਤਰ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ
ਬਠਿੰਡਾ, 22 ਫਰਵਰੀ 2020 - ਸਿਹਤ ਵਿਗਿਆਨ ਦੇ ਪੰਜਾਬੀ ਲੇਖਕ ਅਤੇ ਕਾਲਮਨਵੀਸ ਡਾ. ਅਜੀਤਪਾਲ ਸਿੰਘ ਵੱਲੋਂ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਉਨਾਂ ਵੱਲੋਂ ਦਿੱਤੇ ਕਾਰਨਾਂ ਨੂੰ ਦੁਰਹਾਉਂਦਿਆਂ ਅੱਜ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਹਾਇਕ ਸਕੱਤਰ ਭੁਪਿੰਦਰ ਸੰਧੂ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਚੋਣ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਡਾ. ਅਜੀਤਪਾਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਚੋਣ ਅਮਲ ਪੂਰੀ ਤਰਾਂ ਨਿਰਪੱਖ ਕਰਾਰ ਦਿੱਤਾ ਪਰ ਅੱਜ ਦੂਸਰੇ ਅਸਤੀਫੇ ਨੇ ਸਭਾ ਦਾ ਮਾਮਲਾ ਚਰਚਾ ’ਚ ਲੈ ਆਂਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜਿਸ ਤਰਾਂ ਪੰਜਾਬੀ ਸਾਹਿਤ ਸਭਾ ਬਠਿੰਡਾ ਵਿੱਚੋਂ ਅਹੁਦੇਦਾਰੀਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਜਾਰੀ ਹੈ ਉਸ ਨਾਲ ਸਾਹਿਤ ਪ੍ਰੇਮੀਆਂ ਦੇ ਮਨਾਂ ਨੂੰ ਠੇਸ ਪੁੱਜਣ ਲੱਗੀ ਹੈ। ਪੰਜਾਬੀ ਸਾਹਿਤ ਸਭਾ ਦੇ ਸਹਾਇਕ ਸਕੱਤਰ ਪ੍ਰਸਿੱਧ ਗਜਲ-ਗੋ, ਗ਼ਜ਼ਲਾਂ ਦੀਆਂ ਤਿੰਨ ਕਿਤਾਬਾਂ ਲਿਖ ਚੁੱਕੇ ਅਤੇ ਕਈ ਦਹਾਕਿਆਂ ਤੋਂ ਸਾਹਿਤ ਸਭਾ ਦੇ ਮੈਂਬਰ ਚਲੇ ਆ ਰਹੇ ਭੁਪਿੰਦਰ ਸਿੰਘ ਸੰਧੂ ਨੇ ਸਭਾ ਦੇ ਪ੍ਰਧਾਨ ਸਕੱਤਰ ਨੂੰ ਭੇਜੇ ਅਸਤੀਫੇ ਵਿੱਚ ਇਸ ਦਾ ਮੁੱਖ ਕਾਰਨ ਸਭਾ ਦੇ ਪ੍ਰਧਾਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੁਤਾਹੀਆਂ ਨੂੰ ਦਸਿਆ ਹੈ।
ਉਨਾਂ ਆਖਿਆ ਕਿ ਹੁਣ ਤਾਂ ਸਿਰਮੌਰ ਸੰਸਥਾ ’ਚ ਉਨਾਂ ਨੂੰ ਲਿਖਤੀ ਰੂਪ 'ਚ ਗਾਲਾਂ ਕੱਢਣ ਤੱਕ ਦੀ ਨੌਬਤ ਆ ਗਈ ਹੈ ਜਿਸ ਕਰਕੇ ਉਨਾਂ ਦਾ ਇਸ ਮਹੌਲ ’ਚ ਆਪਣੇ ਅਹੁਦੇ ਤੇ ਬਣੇ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਬੇਨਤੀ ਕਰਨ ਦੇ ਬਾਵਜੂਦ ਜਿਲਾ ਕਾਰਜਕਾਰਨੀ ਨੇ ਕੋਈ ਕਾਰਵਾਈ ਨਹੀ ਕੀਤੀ ਜਿਸ ਕਰਕੇ ਉਨਾਂ ਨੇ ਫੈਸਲਾ ਲਿਆ। ਉਨਾਂ ਕਿਹਾ ਕਿ ਹੁਣ ਤਾਂ ਲੋਕ ਸੰਘਰਸ਼ਾਂ ਨੂੰ ਮੇਲੇ ਦੱਸਿਆ ਜਾਣ ਲੱਗਿਆ ਹੈ ਜਦੋਂ ਕਿ ਉਹ ਇਸ ਨੂੰ ਨੂੰ ਲੋਕ ਯੁੱਧ ਸਮਝਦੇ ਹਲ। ਉਨਾਂ ਕਿਹਾ ਕਿ ਸਭਾ ਦੇ ਪ੍ਰਧਾਨ ਦੀ ਚੋਣ ਜਮਹੂਰੀ ਢੰਗ ਨਾਲ ਨਹੀਂ ਹੋਈ ਅਤੇ ਧੱਕੇ ਨਾਲ ਇੱਕ ਪੈਨਲ ਵਿੱਚ ਪ੍ਰਧਾਨ ਤਜਵੀਜ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਮੇਰੇ ਅਤੇ ਡਾਕਟਰ ਅਜੀਤਪਾਲ ਸਿੰਘ ਤੋਂ ਇਲਾਵਾ ਕਾਫੀ ਮੈਂਬਰਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਉਨਾਂ ਆਖਿਆ ਕਿ ਅੜੀਅਲ ਰਵਈਏ ਕਾਰਨ ਉਨਾਂ ਨੂੰ ਚੋਣ ਅਮਲ ਦਾ ਬਾਈਕਾਟ ਕਰ ਕੇ ਵਾਅਕਆਉਟ ਕਰਨਾ ਪਿਆ। ਉਨਾਂ ਕਿਹਾ ਕਿ ਚੋਣ ਅਧਿਕਾਰੀ ਨੇ ਕੋਰਮ ਪੂਰਾ ਹੈ ਜਾਂ ਨਹੀਂ ਇਹ ਵੀ ਨਹੀਂ ਦੇਖਿਆ ਅਤੇ ਚੋਣ ਇੱਕਪਾਸੜ ਹੋ ਨਿੱਬੜੀ ਹੈ। ਉਨਾਂ ਆਖਿਆ ਕਿ ਉਹ ਸਮਝਦੇ ਹਨ ਕਿ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਨਹੀਂ ਹੋਈ ਬਲਕਿ ਕਾਫੀ ਵਿਰੋਧ ਸੀ ਜਿਸ ਨੂੰ ਜਾਣ ਬੁੱਝ ਕੇ ਨਜਰ ਅੰਦਾਜ ਕੀਤਾ ਗਿਆ ਜਿਸ ਕਰਕੇ ਉਨਾਂ ਨੇ ਸਭਾ ਤੋਂ ਅਸਤੀਫਾ ਦਿੱਤਾ ਹੈ।