ਸਰੀ, ਕੈਨੇਡਾ, 28 ਫਰਵਰੀ, 2017 : ਵੈਨਕੂਵਰ ਵਿਚਾਰ ਮੰਚ ਵਲੋਂ ਪ੍ਰਸਿਧ ਸ਼ਾਇਰ ਤੇ ਸਮਾਜ ਸੇਵੀ ਸ. ਪ੍ਰ੍ਰੀਤਮ ਸਿੰਘ ਭਰੋਵਾਲ ਦੀਆਂ ਨਵੀਆਂ ਛਪੀਆਂ ਪੁਸਤਕਾਂ 'ਪ੍ਰੀਤਮ ਹੁਲਾਰੇ' ਤੇ 'ਪ੍ਰੀਤਮ ਰੁਬਾਈਆਂ' ਰੀਲੀਜ਼ ਕੀਤੀਆਂ ਗਈਆਂ। ਬੰਬੇ ਬੈਂਕਟ ਹਾਲ ਵਿਚ ਹੋਏ ਇਕ ਪ੍ਰਭਾਵਸ਼ਾਲੀ ਸਮਾਰੋਹ ਵਿਚ ਸਥਾਨਕ ਬੁਧੀਜੀਵੀਆਂ , ਸਾਹਿਤਕਾਰਾਂ ਤੇ ਕਲਾਕਾਰਾਂ ਦੇ ਭਰਵੇਂ ਇਕੱਠ ਵਿਚ ਇਹ ਰਸਮ ਹੋਈ। ਸਮਾਗਮ ਦੇ ਅਰੰਭ ਵਿਚ ਅੰਗਰੇਜ਼ ਬਰਾੜ ਨੇ ਮੰਚ ਦੀ ਕਾਰਵਾਈ ਸੰਭਾਲਦੇ ਹੋਏ ਸ. ਭਰੋਵਾਲ ਦੀ ਜਾਣ ਪਛਾਣ ਕਰਾੳਂਦਿਆਂ ਦਸਿਆ ਕਿ ਉਹ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਪ੍ਰਧਾਨ ਵਜੋਂ ਸਾਹਿਤਕ ਤੇ ਸਮਾਜਕ ਗਤੀਵਿਧੀਆਂ ਵਿਚ ਸਰਗਰਮ ਹੋਣ ਦੇ ਨਾਲ ਨਾਲ ਵਧੀਆ ਉਸਾਰੂ ਸੇਧ ਦਿੰਦੀਆਂ ਕਵਿਤਾ ਦੀਆਂ 5 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁਕੇ ਹਨ।
ਇਸ ਤੋਂ ਬਾਦ ਮੋਹਨ ਗਿੱਲ, ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ , ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ,ਦਰਸ਼ਨ ਸੰਘਾ, ਪਿ੍ਰੰਸੀਪਲ ਸਰੂਪ ਸਿੰਘ, ਭਗਵੰਤ ਸਿੰਘ ਤੂਰ ਤੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਸ. ਭਰੋਵਾਲ ਦੇ ਨਿਜੀ ਜੀਵਨ ਤੇ ਕਾਵ ਰਚਨਾਵਾਂ ਦੀ ਭਰਪੂਰ ਚਰਚਾ ਕੀਤੀ।ਬਹੁਤ ਹੀ ਸ਼ਾਨਦਾਰ ਇਸ ਸਮਾਗਮ ਵਿਚ ਸ. ਜਰਨੈਲ ਸਿੰਘ ਆਰਟਿਸਟ, ਗੁਰਚਰਨ ਟੱਲੇਵਾਲੀਆ, ਡਾ. ਪਰਗਟ ਸਿੰਘ ਭੁਰਜੀ ,ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾੳਂੂਡੇਸ਼ਨ ਦੇ ਸਾਹਿਬ ਥਿੰਦ, ਹਰਜਿੰਦਰ ਮਠਾੜੂ ਰੀਐਲਟਰ, ਹਰਜਿੰਦਰ ਸਿੰਘ ਠਾਣਾ, ਗੁਰਪ੍ਰੀਤ ਸਿੰਘ, ਜਸਵਿੰਦਰ ਰਾਏ ਤੇ ਸ਼ਹਿਰ ਦੇ ਸਾਹਿਤਕ, ਰਾਜਨੀਤਕ ਤੇ ਸਮਾਜਕ ਜੀਵਨ ਨਾਲ ਜੁੜੀਆਂ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ।ਇਸ ਮੌਕੇ ਸ. ਭੈਰੋਵਾਲ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਭੈਰੋਵਾਲ ਪਰਿਵਾਰ ਲਈ ਇਹ ਸਮਾਗਮ ਦੂਹਰੀ ਖੁਸ਼ੀ ਵਾਲਾ ਹੋ ਨਿਬੜਿਆ ਕਿਉਂਕਿ ਇਸੇ ਹੀ ਮੌਕੇ ਸ. ਭੈਰੋਵਾਲ ਦੇ ਪੋਤੇ ਫਤਿਹ ਸਿੰਘ ਦੀ ਲੋਹੜੀ ਦੇ ਜਸ਼ਨ ਵੀ ਮਨਾਏ ਗਏ। ਅਖੀਰ ਵਿਚ ਸ. ਪ੍ਰੀਤਮ ਸਿੰਘ ਭੈਰੋਵਾਲ, ਰਘਬੀਰ ਸਿੰਘ ਭੈਰੋਵਾਲ ਤੇ ਹਰਦੇਵ ਸਿੰਘ ਭੈਰੋਵਾਲ ਵਲੋਂ ਧੰਨਵਾਦ ਨਾਲ ਇਸ ਯਾਦਗਾਰੀ ਸਮਾਗਮ ਦੀ ਸਮਾਪਤੀ ਹੋਈ।