ਮਾਨਸਾ: ਜ਼ਿਲ੍ਹਾ ਲਾਇਬਰੇਰੀ ਮਾਨਸਾ ਸਰਕਾਰ ਦੀ ਅਣਦੇਖੀ ਦੀ ਸ਼ਿਕਾਰ ਸਾਹਿਤ ਪ੍ਰੇਮੀ ਨਿਰਾਸ਼
ਸੰਜੀਵ ਜਿੰਦਲ
- ਲਾਇਬਰੇਰੀ ਦਾ ਹਾਲ ਦੇਖ ਕੇ ਹੁੰਦਾ ਹੈ ਅਫਸੋਸ - ਸਾਹਿਤਕਾਰ ਹਰਿਭਜਨ ਸਿੱਧੂ
ਮਾਨਸਾ , 16 ਜੁਲਾਈ 2021 : ਨੌਜਵਾਨਾਂ ਨੂੰ ਕਿਤਾਬਾਂ ਰਾਹੀਂ ਸੁਚੱਜੀ ਸੇਧ ਪ੍ਰਦਾਨ ਕਰਵਾਉਣ, ਉਨ੍ਹਾਂ ਅੰਦਰ ਸਾਹਿਤਕ ਰੁਚੀ ਪੈਦਾ ਕਰਨ ਅਤੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਸਥਾਪਿਤ ਜਿਲ੍ਹਾ ਲਾਇਬਰੇਰੀ ਮਾਨਸਾ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ। ਪਿਛਲੇ 7 ਸਾਲਾਂ ਤੋਂ ਇੱਥੇ ਪਾਠਕਾਂ ਨੇ ਆਉਣਾ ਬੰਦ ਕੀਤਾ ਹੋਇਆ ਹੈ, ਕਿਉਂਕਿ ਪੁਰਾਣੀਆਂ ਕਿਤਾਬਾਂ ਤੋਂ ਇਲਾਵਾ ਅਖਬਾਰਾਂ ਅਤੇ ਮਹੀਨਾਵਾਰ ਮੈਗਜੀਨ ਨਾ ਆਉਣ ਕਰਕੇ ਇਹ ਲਾਇਬਰੇਰੀ ਪਾਠਕਾਂ ਅਤੇ ਸਾਹਿਤ ਪੇ੍ਮੀਆਂ ਦੀ ਕਸਵੱਟੀ 'ਤੇ ਖਰੀ ਨਹੀਂ ਉੱਤਰ ਰਹੀ।
ਮਾਨਸਾ ਸ਼ਹਿਰ ਅੰਦਰ 22 ਦਸੰਬਰ 1995 ਨੂੰ ਵਨ ਵੇ ਟ੍ਰੈਫਿਕ ਰੋਡ 'ਤੇ ਕਿਰਾਏ ਦੀ ਇਮਾਰਤ ਵਿੱਚ ਹੋਂਦ ਵਿੱਚ ਆਈ ਜਿਲ੍ਹਾ ਲਾਇਬਰੇਰੀ ਸਾਹਿਤਕ ਰੁਚੀ ਰੱਖਣ ਵਾਲਿਆਂ ਨੂੰ ਇੱਕ ਸੌਗਾਤ ਮਿਲੀ ਸੀ। ਇਸ ਜਿਲ੍ਹਾ ਲਾਇਬਰੇਰੀ ਨੂੰ ਰਾਜਾ ਰਾਮ ਮੋਹਨ ਰਾਏ ਫਾਊਂਡੇਸ਼ਨ ਲਾਇਬਰੇਰੀ ਕਲਕੱਤਾ, ਉੱਘੇ ਸਾਹਿਤਕਾਰ ਹਰਿਭਜਨ ਸਿੱਧੂ ਮਾਨਸਾ, ਪੋ੍. ਅੱਛਰੂ ਸਿੰਘ, ਪਿੰ. ਧਰਮਿੰਦਰ ਸਿੰਘ ਉੱਭਾ ਅਤੇ ਸੈਂਟਰਲ ਲਾਇਬਰੇਰੀ ਪਟਿਆਲਾ ਆਦਿ ਦੁਆਰਾ ਵੱਡੀ ਗਿਣਤੀ ਵਿੱਚ ਪੁਸਤਕਾਂ ਅਤੇ ਅਲਮਾਰੀਆਂ ਦਾਨ ਦਿੱਤੀਆਂ ਗਈਆਂ। ਸਾਲ 2014 ਤੱਕ ਇਹ ਲਾਇਬਰੇਰੀ ਵਿੱਚ ਸਵੇਰ ਤੋਂ ਸ਼ਾਮ ਤੱਕ ਰੋਜ਼ਾਨਾ ਪਾਠਕਾਂ ਦਾ ਮੇਲਾ ਲੱਗਾ ਰਹਿੰਦਾ ਸੀ ਅਤੇ ਮਾਨਸਾ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਰੋਜ਼ਾਨਾ ਹਾਜ਼ਰੀ ਲਾਉਂਦੇ ਸਨ ਪਰ ਇਮਾਰਤ ਦਾ ਮਹੀਨਾਵਾਰ ਕਿਰਾਇਆ ਕਰੀਬ 3500 ਰੁਪਏ ਸਰਕਾਰ ਵੱਲੋਂ ਅਦਾ ਕਰਨਾ ਬੰਦ ਕਰ ਦੇਣ ਕਰਕੇ ਇਸ ਲਾਇਬਰੇਰੀ ਨੂੰ ਜਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੇ ਵਿਚਾਲੇ ਅੰਬੇਦਕਰ ਭਵਨ ਦੇ ਇੱਕ ਵੱਡੇ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ।
ਸਰਕਾਰ ਵੱਲੋਂ ਅਖਬਾਰਾਂ ਅਤੇ ਮਹੀਨਾਵਾਰ ਮੈਗਜ਼ੀਨ ਖਰੀਦਣ ਲਈ ਦਿੱਤਾ ਜਾਣ ਵਾਲਾ ਫੰਡ ਵੀ ਬੰਦ ਕਰ ਦੇਣ ਕਰਕੇ ਇਸ ਲਾਇਬਰੇਰੀ ਵਿੱਚ ਸਿਰਫ ਪੁਰਾਣੀਆਂ ਦਾਨ ਮਿਲੀਆਂ ਅਤੇ ਕੁੱਝ ਕੁ ਖਰੀਦ ਕੀਤੀਆਂ ਕਿਤਾਬਾਂ ਹੀ ਰਹਿ ਗਈਆਂ ਜਿਸ ਕਰਕੇ ਹਰ ਰੋਜ਼ ਆਉਣ ਵਾਲੇ ਕਰੀਬ 100 ਪਾਠਕਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ। ਤਰਸਯੋਗ ਲਾਇਬਰੇਰੀ ਅੰਦਰ ਦੋ ਦਰਜਾ ਚਾਰ ਕਰਮਚਾਰੀ ਤਾਇਨਾਤ ਹਨ ਜ਼ੋ ਹਰ ਰੋਜ਼ ਨਿਰਧਾਰਤ ਸਮੇਂ ਮੁਤਾਬਿਕ ਆਪਣੀ ਡਿਊਟੀ ਨਿਭਾ ਕੇ ਵਾਪਸ ਪਰਤ ਜਾਂਦੇ ਹਨ। ਇਸ ਜਿਲ੍ਹਾ ਲਾਇਬਰੇਰੀ ਵਿੱਚ ਇਸ ਵੇਲੇ ਲੱਗਭੱਗ 20 ਹਜ਼ਾਰ ਕਿਤਾਬਾਂ ਮੌਜੂਦ ਹਨ ਜ਼ੋ 41 ਅਲਮਾਰੀਆਂ ਵਿੱਚ ਬੰਦ ਕਰਕੇ ਰੱਖੀਆਂ ਹੋਈਆਂ ਹਨ। ਲਾਇਬਰੇਰੀ ਨੂੰ ਕਦੇ ਵੀ ਕੋਈ ਪੱਕਾ ਲਾਇਬਰੇਰੀਅਨ ਨਹੀਂ ਮਿਲਿਆ ਅਤੇ ਸਥਾਨਕ ਕਾਲਜ ਦੇ ਲੈਕਚਰਾਰਾਂ ਨੂੰ ਵਾਧੂ ਕੰਮ ਸੌਂਪ ਕੇ ਲਾਇਬਰੇਰੀ ਸਬੰਧੀ ਵਿੱਤੀ ਤਾਕਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪਿਛਲੇ ਕੁੱਝ ਸਮੇਂ ਤੋਂ ਲਾਇਬਰੇਰੀਅਨ ਵਜੋਂ ਜਿੰਮੇਵਾਰੀ ਰਣਵੀਰ ਕਾਲਜ ਸੰਗਰੂਰ ਦੇ ਪ੍ਰਿੰਸੀਪਲ ਸੁਖਵੀਰ ਸਿੰਘ ਨੂੰ ਸੌਂਪੀ ਹੋਈ ਹੈ।
ਜਿਲ੍ਹਾ ਪ੍ਰਸ਼ਾਸਨ ਜਾਂ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਇਸ ਲਾਇਬਰੇਰੀ ਨੂੰ ਕਦੇ ਵੀ ਚੈਕ ਕਰਨ ਦੀ ਲੋੜ ਨਹੀਂ ਸਮਝੀ। ਲਾਇਬਰੇਰੀ ਵਿੱਚ ਤਾਇਨਾਤ ਦਰਜਾ ਚਾਰ ਮੁਲਾਜ਼ਮਾਂ ਦਾ ਹਾਜਰੀ ਰਜਿਸਟਰ ਸਤੰਬਰ 2017 ਤੋਂ ਹੁਣ ਤੱਕ ਕਦੇ ਵੀ ਚੈਕ ਨਹੀਂ ਹੋਇਆ। ਇਸ ਲਾਇਬਰੇਰੀ ਦੇ 1810 ਮੈਂਬਰ ਹਨ। ਲਾਇਬਰੇਰੀ ਅੰਦਰ ਕੋਈ ਬਿਜਲੀ ਖਰਾਬੀ ਜਾਂ ਹੋਰ ਟੁੱਟ ਭੱਜ ਹੋਣ ਦੀ ਸੂਰਤ ਵਿੱਚ ਦਾਨੀ ਸੱਜਣਾਂ ਦੇ ਸਹਾਰੇ ਹੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ਹੈ। ਕੰਮ ਕਰ ਰਹੇ ਦਰਜਾ ਚਾਰ ਮੁਲਾਜ਼ਮਾਂ ਨੂੰ ਹਰ ਮਹੀਨੇ ਆਪਣੇ ਤਨਖਾਹ ਬਿੱਲ ਬਨਾਉਣ ਲਈ ਵੀ ਦੂਸਰੇ ਵਿਭਾਗਾਂ ਦੇ ਕਰਮਚਾਰੀਆਂ ਦੀ ਮੱਦਦ ਲੈਣੀ ਪੈਂਦੀ ਹੈ ਕਿਉਂਕਿ ਲਾਇਬਰੇਰੀ ਅੰਦਰ ਕੋਈ ਵੀ ਦਰਜਾ ਤਿੰਨ ਕਰਮਚਾਰੀ ਜਾਂ ਕੰਪਿਊਟਰ ਆਦਿ ਮੌਜੂਦ ਨਹੀਂ ਹੈ।
ਸਾਲ 2014 ਵਿੱਚ ਅੰਬੇਦਕਰ ਭਵਨ ਵਿੱਚ ਸ਼ਿਫਟ ਕੀਤੀ ਗਈ ਲਾਇਬਰੇਰੀ ਸ਼ਹਿਰ ਤੋਂ ਦੂਰ ਹੋਣ ਕਰਕੇ ਲੋਕਲ ਪਾਠਕਾਂ ਦਾ ਸੰਪਰਕ ਟੁੱਟ ਗਿਆ ਅਤੇ ਇੱਥੇ ਨਵੀਆਂ ਤੇ ਸਮੇਂ ਦੇ ਹਾਣ ਦੇ ਪੱਧਰ ਦੀਆਂ ਪੁਸਤਕਾਂ ਨਾਂ ਹੋਣ ਕਰਕੇ ਪਾਠਕਾਂ ਨੇ ਲਾਇਬਰੇਰੀ ਤੋਂ ਮੂੰਹ ਮੋੜ ਲਿਆ। ਉਕਤ ਲਾਇਬਰੇਰੀ ਵਿੱਚ ਆਉਣ ਲਈ ਅਦਾਲਤੀ ਕੰਪਲੈਕਸ ਦੇ ਸਕੂਟਰ/ਕਾਰ ਸਟੈਂਡ ਵਿੱਚ ਹਰ ਰੋਜ਼ ਪਾਰਕਿੰਗ ਪਰਚੀ ਦੇ ਖਰਚ ਦਾ ਬੋਝ ਪੈਣ ਕਰਕੇ ਵੀ ਪਾਠਕ ਇੱਥੇ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ। ਪੰਜਾਬ ਸਰਕਾਰ ਭਾਵੇਂ ਨੌਜਵਾਨਾਂ ਨੂੰ ਚੰਗੀ ਸੇਧ ਦੇਣ, ਸਾਹਿਤਿਕ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਲਾਇਬਰੇਰੀਆਂ ਸਥਾਪਿਤ ਕਰਨ ਦੇ ਉਪਰਾਲੇ ਕਰਦੀ ਹੈ ਪਰ ਇਹ ਸਰਕਾਰੀ ਬੰਦੋਬਸਤ ਦਾਅਵਿਆਂ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦੇ। ਜਿਲ੍ਹਾ ਲਾਇਬਰੇਰੀ ਮਾਨਸਾ ਦੀ ਤਰਸਯੋਗ ਹਾਲਤ ਇਸਦੀ ਪ੍ਰਤੱਖ ਮਿਸਾਲ ਹੈ।
ਕਿਤਾਬਾਂ ਦੀ ਘਾਟ ਤੇ ਦੂਰੀ ਕਾਰਣ ਲਾਇਬਰੇਰੀ ਪਾਠਕਾਂ ਤੋਂ ਵਿਹੂਣੀ ਹੋਈ ।
ਇਸ ਸਬੰਧੀ ਗੱਲਬਾਤ ਕਰਦਿਆਂ ਨਿਰਭੈ ਸਿੰਘ, ਰਾਜਵਿੰਦਰ ਸਿੰਘ, ਬੁੱਧ ਰਾਮ ਸ਼ਰਮਾਂ, ਨਾਜਰ ਸਿੰਘ, ਹਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ ਅਤੇ ਗੁਰਤੇਜ਼ ਸਿੰਘ ਆਦਿ ਨੇ ਕਿਹਾ ਕਿ ਜਿਲ੍ਹਾ ਲਾਇਬਰੇਰੀ ਮਾਨਸਾ ਤਾਂ ਹੁਣ ਸਿਰਫ ਨਾਂ ਦੀ ਲਾਇਬਰੇਰੀ ਹੈ। ਇਥੇ ਸਮੇਂ ਦੇ ਹਾਣ ਦੀ ਕੋਈ ਕਿਤਾਬ ਨਾ ਹੋਣ ਕਰਕੇ ਅਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਾਰਣ ਲਾਇਬਰੇਰੀ ਪਾਠਕਾਂ ਤੋਂ ਵਿਹੂਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਾਇਬਰੇਰੀ ਦੇ ਸੁਧਾਰ ਵੱਲ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦਾ ਧਿਆਨ ਦੇਣਾ ਚਾਹੀਦਾ ਹੈ। ਲਾਇਬਰੇਰੀ ਨੂੰ ਸ਼ਹਿਰ ਅੰਦਰ ਲਿਆ ਕੇ ਸਾਰੇ ਅਖਬਾਰ, ਮਹੀਨਾਵਾਰ ਮੈਗਜ਼ੀਨ ਅਤੇ ਪਾਠਕਾਂ ਦੀ ਮੰਗ ਅਨੁਸਾਰ ਕਿਤਾਬਾਂ ਦੀ ਉਪਲਬਧਤਾ ਕਰਵਾਈ ਜਾਣੀ ਚਾਹੀਦੀ ਹੈ।
ਇਹ ਅਧਿਕਾਰੀ ਹੁਣ ਤੱਕ ਲਾਇਬਰੇਰੀਅਨ ਵਜੋਂ ਨਿਭਾ ਚੁੁੱਕੇ ਹਨ ਸੇਵਾਵਾਂ
ਡਾ. ਪੀਕੇ ਸੂਦ, ਪ੍ਰਿੰਸੀਪਲ ਸ਼ਵਿੰਦਰ ਸਿੰਘ, ਡਾ. ਇੰਦਰਪਾਲ ਕੌਰ, ਪੋ੍. ਮੁਕੇਸ਼ ਕੁਮਾਰ ਅੱਗਰਵਾਲ ਅਤੇ ਪ੍ਰਿੰਸੀਪਲ ਜ਼ੋਤੀ ਪ੍ਰਕਾਸ਼।
ਲਾਇਬਰੇਰੀ ਦਾ ਹਾਲ ਦੇਖ ਕੇ ਹੁੰਦਾ ਹੈ ਅਫਸੋਸ - ਸਾਹਿਤਕਾਰ ਹਰਿਭਜਨ ਸਿੱਧੂ
ਇਸ ਸਬੰਧੀ ਟਿੱਪਣੀ ਕਰਦਿਆਂ ਉੱਘੇ ਸਾਹਿਤਕਾਰ ਹਰਿਭਜਨ ਸਿੱਧੂ ਮਾਨਸਾ ਨੇ ਕਿਹਾ ਕਿ ਜਿਲ੍ਹਾ ਲਾਇਬਰੇਰੀ ਮਾਨਸਾ ਦਾ ਹਾਲ ਦੇਖ ਕੇ ਦੁੱਖ ਅਤੇ ਅਫਸੋਸ ਹੁੰਦਾ ਹੈ। ਕਿਤਾਬਾਂ ਉੱਤਮ ਖਜ਼ਾਨਾ ਹੁੰਦੀਆਂ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਕਾਰਣ ਉਕਤ ਲਾਇਬਰੇਰੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਥੇ ਕਿਤਾਬਾਂ ਅਲਮਾਰੀਆਂ ਵਿੱਚ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਲਾਇਬਰੇਰੀ ਨੂੰ ਵੱਡੀ ਇਮਾਰਤ, ਨਵੀਆਂ ਪੁਸਤਕਾਂ, ਪੱਕੇ ਲਾਇਬਰੇਰੀਅਨ ਅਤੇ ਛੋਟੇ ਮੋਟੇ ਸਾਹਿਤਕ ਫੰਕਸ਼ਨਾਂ ਲਈ ਖੁੱਲ੍ਹੀ ਥਾਂ ਦੀ ਲੋੜ ਹੈ। ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਧਰ ਧਿਆਨ ਦਿੱਤਾ ਜਾਵੇ ਅਤੇ ਹਰ ਹਫਤੇ ਲਾਇਬਰੇਰੀ ਦੀ ਚੈਕਿੰਗ ਯਕੀਨੀ ਬਣਾ ਕੇ ਇਸਦਾ ਹਾਲ ਸੁਧਾਰਿਆ ਜਾਵੇ।