ਚੰਡੀਗੜ੍ਹ, 26 ਫਰਵਰੀ 2018 :
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਲੇਖਕ, ਸ਼ਾਇਰ ਅਤੇ ਪ੍ਰਸਿੱਧ ਪੱਤਰਕਾਰ ਜਸਵੀਰ ਸਿੰਘ 'ਸ਼ਮੀਲ' ਨਾਲ ਰੂਬਰੂ ਆਯੋਜਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸਿਰਤਾਜ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ .
ਪ੍ਰੀਸ਼ਦ ਦੇ ਸਕੱਤਰ ਜਰਨਲ ਲਖਵਿੰਦਰ ਸਿੰਘ ਜੌਹਲ, ਸਮਾਜ ਸੇਵਕ ਐਨ.ਆਰ.ਆਈ ਐਡਵੋਕੇਟ ਹਰਮਿੰਦਰ ਢਿੱਲੋਂ, ਮੈਡਮ ਅਮਰਜੀਤ ਘੁੰਮਣ, ਡਾ. ਜਸਪਾਲ ਸਿੰਘ, ਡਾ. ਮਦਨਦੀਪ, ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਡਾ. ਮਨਮੋਹਨ ਸਿੰਘ ਦਾਉ, ਜਸਵੀਰ ਮੰਡ, ਪੰਜਾਬ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਜੇ.ਐਸ ਤੂਰ, ਬਾਬੂ ਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ , ਬੀਬੀਸੀ ਪੰਜਾਬੀ ਤੋਂ ਖ਼ੁਸ਼ਹਾਲ ਲਾਲੀ, ਬਲਵੀਰ ਜੰਡੂ, ਕੈਨੇਡਾ ਤੋਂ ਐਡਵੋਕੇਟ ਕਿਰਨ, ਡਾ. ਗੁਰਮੇਲ, ਡਾ. ਇੰਦੂ ਧਵਨ, ਇੰਜੀਨੀਅਰ ਰਾਜੇਸ਼, ਰਾਕੇਸ਼ ਸ਼ਰਮਾ, ਜੋਗਿੰਦਰ ਟਾਈਗਰ, ਗੁਰਦਰਸ਼ਨ ਮਾਵੀ, ਸੰਜੀਵ ਸ਼ਾਰਦਾ ਅਤੇ ਮਨਜੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ 'ਚ ਪੱਤਰਕਾਰ ਪਤਵੰਤੇ ਅਤੇ ਸਾਹਿਤ ਪ੍ਰੇਮੀ ਮੌਜੂਦ ਸਨ।
ਇਸ ਮੌਕੇ ਪੰਜਾਬ ਦੇ ਕਰੀਬ 300 ਪੰਛੀਆਂ ਉੱਤੇ ਰਾਜਪਾਲ ਸਿੰਘ ਸਿੱਧੂ ਵੱਲੋਂ ਦਹਾਕਿਆਂ ਬੱਧੀ ਕੀਤੇ ਖੋਜ ਕਾਰਜਾਂ ਉੱਤੇ ਆਧਾਰਿਤ 'ਪੰਜਾਬ ਦੇ ਪੰਛੀ' ਨਾਮ ਦੀ ਪੰਜਾਬੀ ਕਿਤਾਬ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਸ਼ਮੀਲ ਨੇ ਸੰਪਾਦਿਤ ਅਤੇ ਹਰਮਿੰਦਰ ਢਿੱਲੋਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।
'ਪੰਜਾਬ ਦੇ ਪੰਛੀ' ਬਾਰੇ ਹਰਮਿੰਦਰ ਢਿੱਲੋਂ ਨੇ ਦੱਸਿਆ ਕਿ ਇਸ ਦਾ ਮੂਲ ਰਚੇਤਾ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਖੇਤੀਬਾੜੀ ਕਰਨ ਵਾਲਾ ਸਾਧਾਰਨ ਪਰ ਸਿਰੜੀ ਇਨਸਾਨ ਰਾਜਪਾਲ ਸਿੰਘ ਸਿੱਧੂ ਹੈ। ਜਿਸ ਦਾ ਪੰਛੀਆਂ ਨਾਲ ਵਾਹ ਇੱਕ ਸ਼ਿਕਾਰੀ ਵਜੋਂ ਪਿਆ ਪਰ ਬਾਅਦ ਵਿਚ ਪੰਛੀਆਂ ਨਾਲ ਐੈਸਾ ਪਿਆਰ ਹੋਇਆ ਕਿ ਪੂਰੀ ਉਮਰ ਹੀ ਪੰਛੀ ਜਗਤ ਨੂੰ ਸਮਰਪਿਤ ਕਰ ਦਿੱਤੀ। ਪਰੰਤੂ ਚਾਰ ਦਹਾਕਿਆਂ ਉਪਰੰਤ ਪੰਛੀ ਜਗਤ ਉੱਤੇ ਖੋਜ ਕਾਰਜ ਮੁਕੰਮਲ ਕਰਨ ਦੇ ਬਾਵਜੂਦ ਉਹ ਆਪਣੇ ਜਿੰਦਾ ਜੀ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾ ਸਕੇ ਅਤੇ ਸ਼ਮੀਲ ਨੇ ਸਾਲ ਭਰ ਅਣਥੱਕ ਮਿਹਨਤ ਕਰ ਕੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਇੱਕ ਸ਼ਾਨਦਾਰ ਕੌਫ਼ੀ ਟੇਬਲ ਕਿਤਾਬ ਦੇ ਰੂਪ ਨੂੰ ਪੂਰਨ ਕੀਤਾ।
ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਸ਼ਮੀਲ ਬਾਰੇ ਬੋਲਦਿਆਂ ਕਿਹਾ ਕਿ ਪਰਦੇਸੀ ਹੋਣਾ ਦੁਖਦਾਇਕ ਜ਼ਰੂਰ ਹੁੰਦਾ ਪਰ ਮਹਾਨ ਵੀ ਹੁੰਦਾ ਹੈ ਕਿਉਂਕਿ ਇੱਕ ਪਰਦੇਸੀ ਨੂੰ ਦੋਹਰੀ ਨਜ਼ਰ ਦੀ ਬਖ਼ਸ਼ੀਸ਼ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਛੀ ਵਾਕਿਆ ਹੀ ਸਾਂਭਣ ਯੋਗ ਅਤੇ ਪੁਰਸਕਾਰ ਤੇ ਇਨਾਮ ਵਜੋਂ ਦੇਣ ਵਾਲੀ ਕਿਤਾਬ ਹੈ।
ਉਨ੍ਹਾਂ ਕਿਹਾ ਕਿ ਰਾਜਪਾਲ ਸਿੰਘ ਸਿੱਧੂ ਦੇ ਜਨੂਨ ਅਤੇ ਲੰਬੀ ਘਾਲਣਾ ਨੂੰ ਸਲਾਮ ਕਰਦੇ ਹੋਏ ਪੰਜਾਬ ਕਲਾ ਪਰੀਸ਼ਦ ਇਸ ਕਿਤਾਬ ਨੂੰ ਖ਼ਰੀਦੇਗੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਪੌਣੇ ਤਿੰਨ ਸੋ ਪੰਛੀਆਂ ਨੂੰ ਉਨ੍ਹਾਂ ਦੇ ਮੂਲ ਰੰਗ ਵਾਲੇ ਚਿੱਤਰਾਂ ਅਤੇ ਉਨ੍ਹਾਂ ਦੇ ਪੂਰੇ ਵੇਰਵੇ ਸਮੇਤ ਬੇਹੱਦ ਖ਼ੂਬਸੂਰਤੀ ਅਤੇ ਰੋਚਿਕਤਾ ਨਾਲ ਛਾਪਿਆ ਹੈ।
ਇਸ ਮੌਕੇ ਰੂਬਰੂ ਹੁੰਦਿਆਂ ਸ਼ਮੀਲ ਨੇ ਦੱਸਿਆ ਕਿ 'ਪੰਜਾਬ ਦੇ ਪੰਛੀ' ਕਿਤਾਬ ਪੰਜਾਬੀ ਸਾਹਿਤ ਜਗਤ ਲਈ ਜਿੱਥੇ ਇੱਕ ਖ਼ੂਬਸੂਰਤ ਗਹਿਣੇ ਵਰਗੀ ਅਤੇ ਨਿਵੇਕਲੀ ਖੋਜ ਭਰਪੂਰ ਵੰਨਗੀ ਹੈ ਉੱਥੇ ਕੁਦਰਤ ਅਤੇ ਚੰਨ ਤਾਰਿਆਂ ਨਾਲੋਂ ਟੁੱਟੇ ਇਨਸਾਨਾਂ ਨੂੰ ਮੁੜ ਤੋਂ ਚੌਗਿਰਦੇ ਨਾਲ ਜੋੜੇਗੀ ਕਿਉਂਕਿ ਰਾਜਪਾਲ ਸਿੰਘ ਸਿੱਧੂ ਨੇ ਇਸ ਕਿਤਾਬ ਲਈ ਜਿੰਨੀ ਘਾਲਣਾ ਘਾਲੀ ਹੈ ਉਹ ਕੋਈ ਵਿਰਲਾ ਟਾਂਵਾਂ ਹੀ ਕਰ ਸਕਦਾ ਹੈ।
ਇਸ ਮੌਕੇ ਸ਼ਮੀਲ ਨੇ ਦੱਸਿਆ ਕਿ ਉਨਾਂ ਦੀ ਸਮਾਜ ਸੇਵੀ ਸੰਸਥਾ ਦ੍ਰਿਸਟੀ ਪੰਜਾਬ ਵਲੋਂ ਪੰਜਾਬ ਅੰਦਰ ਵਾਤਾਵਰਣ, ਪਸ਼ੂ- ਪੰਛੀਆਂ ਅਤੇ ਪ੍ਰਕਿਰਤੀ 'ਤੇ ਰਾਜਪਾਲ ਸਿੱਧੂ ਵਾਂਗ ਕੰਮ ਕਰਨ ਵਾਲੇ ਜਨੂੰਨੀਆਂ ਲਈ 'ਰਾਜਪਾਲ ਸਿੰਘ ਸਿੱਧੂ ਯਾਦਗਿਰੀ ਐਵਾਰਡ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸ਼ਮੀਲ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ 'ਚ ਪੱਤਰਕਾਰਤਾ ਕਰ ਰਹੇ ਹਨ ਅਤੇ ਲਗਭਗ 10 ਸਾਲਾਂ ਬਾਅਦ ਉਨ੍ਹਾਂ ਦੀ ਇਹ ਫੇਰੀ ਇੱਕ ਤੀਰਥ ਯਾਤਰਾ ਵਾਂਗ ਹਨ। ਸ਼ਮੀਲ ਨੇ ਇਸ ਮੌਕੇ ਰੁਕ ਜਾ, ਜ਼ਖਮ ਅਤੇ ਕੁੱਝ ਹੋਰ ਕਾਵਿਕ ਰਚਨਾਵਾਂ ਸਾਂਝੀਆਂ ਕੀਤੀਆਂ।
ਸਵਾਲ-ਜਵਾਬ ਦੌਰਾਨ ਸ਼ਮੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਰਪੂਰ ਤਸੱਲੀ ਹੈ ਕਿ ਪੱਛਮੀ ਦੇਸ਼ਾਂ 'ਚ ਪੰਜਾਬੀ ਅਤੇ ਪੰਜਾਬੀ ਭਾਸ਼ਾ ਨੇ ਮਾਣਮੱਤੀ ਤਰੱਕੀ ਕੀਤੀ ਹੈ ਅਤੇ ਤਰੱਕੀਆਂ ਦੇ ਸਫ਼ਰ ਤੇ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਤੋਂ ਬਾਅਦ ਪੱਛਮੀ ਮੁਲਕਾਂ 'ਚ ਇੱਕ ਤੀਜਾ ਨਵਾਂ ਪੰਜਾਬ ਵਿਕਸਿਤ ਹੋ ਰਿਹਾ ਹੈ।