ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 125ਵੇਂ ਜਨਮ ਦਿਹਾੜੇ ਤੇ ਆਨਲਾਈਨ ਅੰਤਰ ਰਾਸ਼ਟਰੀ ਸੈਮੀਨਾਰ ਤੇ ਕਵੀ ਦਰਬਾਰ
ਲੁਧਿਆਣਾ: 29 ਮਈ 2021 - ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਤੇ ਬਿਜਨਸ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 125ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੰਤਰ ਰਾਸ਼ਟਰੀ ਔਨਲਾਈਨ ਸੈਮੀਨਾਰ ਤੇ ਕਵੀ ਦਰਬਾਰ ਪਿਛਲੇ ਦਿਨੀਂ ਕਰਵਾਇਆ ਗਿਆ ਜਿਸ ਦਾ ਉਦਘਾਟਨੀ ਭਾਸ਼ਨ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਤੇ ਉੱਘੇ ਚਿੰਤਕ ਪ੍ਰੋ: ਜਗਮੋਹਨ ਸਿੰਘ ਨੇ ਦਿੱਤਾ। ਉਨ੍ਹਾਂ ਕਿਹਾ ਕਿ ਜੰਗੇ ਆਜ਼ਾਦੀ ਦੇ ਸੂਰਮਿਆਂ ਨੂੰ ਜਨਮ ਦਿਨ ਤੇ ਬਰਸੀਆਂ ਮੌਕੇ ਯਾਦ ਕਰਦਿਆਂ ਉਨ੍ਹਾਂ ਦੇ ਅਜੋਕੇ ਮਨੁੱਖ ਲਈ ਸੰਦੇਸ਼ ਨੂੰ ਵੀ ਉਭਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਦਰ ਪਾਰਟੀ ਦੇ ਸੰਗਠਨ ਵਿੱਚ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੇਣ ਨੂੰ ਅੰਗਰੇਜ਼ ਹਾਕਮਾਂ ਨੇ ਵੀ ਸਹੀਬੱਧ ਕੀਤਾ ਹੈ।
ਕੈਨੇਡਾ ਦੀ ਕੈਮਲੂਪਸ ਯੂਨੀਵਰਸਿਟੀ ਦੇ ਪ੍ਰੋਫੈਸਰ ਈਮੈਰੀਟਸ ਡਾ: ਸੁਰਿੰਦਰ ਧੰਜਲ ਨੇ ਮੁੱਖ ਭਾਸ਼ਨ ਦੇਂਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਪਹਿਲਾ ਪੱਤਰਕਾਰ ਸ਼ਹੀਦ ਵੀ ਹੈ ਜਿਸ ਨੇ 1913 ਚ ਗਦਰ ਗੂੰਜ ਦਾ ਸੰਪਾਦਨ ਕਰਨ ਅਤੇ ਕੌਮੀ ਆਜ਼ਾਦੀ ਲਹਿਰ ਵਿੱਚ ਵੱਡਾ ਯੋਗਦਾਨ ਪਾ ਕੇ ਸਾਢੇ ਅਠਾਰਾਂ ਸਾਲ ਦੀ ਉਮਰ ਵਿੱਚ ਸ਼ਹਾਦਤ ਵੀ ਪ੍ਰਾਪਤ ਕਰ ਲਈ ਸੀ।
ਸੁਆਗਤੀ ਸ਼ਬਦ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਆਪਣੇ ਨਾਨਕੀ ਪਿੰਡ ਮਹੌਲੀ ਖ਼ੁਰਦ(ਨੇੜੇ ਮੰਡੀ ਅਹਿਮਦਗੜ੍ਹ)ਦਾ ਵੀ ਚੰਗਾ ਅਸਰ ਸੀ। ਉਨ੍ਹਾਂ ਦੀਆਂ ਇਤਿਹਾਸਕ ਤੇਜ਼ ਤਰਾਰ ਪੈੜਾਂ ਸਾਨੂੰ ਝੰਜੋੜਦੀਆਂ ਹਨ ਕਿਉਂਕਿ ਉਨ੍ਹਾਂ ਦੀ ਸਹਿਮਤ ਕਰ ਲੈਣ ਦੀ ਸ਼ਕਤੀ ਦਾ ਹੀ ਪ੍ਰਤਾਪ ਸੀ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਮਰੋਂ ਵੱਡੇ ਹੋਣ ਦੇ ਬਾਵਜੂਦ ਜੰਗੇ ਆਜ਼ਾਦੀ ਦੇ ਸਹਿਯੋਗੀ ਬਣੇ।
ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਗੁਲਾਮੀ ਦੇ ਬੰਧਨ ਕੱਟਣ ਵਾਲੇ ਕਾਫ਼ਲੇ ਚੋਂ ਕਰਤਾਰ ਸਿੰਘ ਸਰਾਭਾ ਭਾਵੇਂ ਸਭ ਤੋਂ ਨਿੱਕੀ ਉਮਰ ਦੇ ਸਨ ਪਰ ਉਨ੍ਹਾਂ ਨੂੰ ਆਪਣਾ ਮਕਸਦ ਬੜਾ ਸਪਸ਼ਟ ਸੀ। ਉਹ ਮਨੁੱਖ ਦੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਵਿਸ਼ਵਾਸ ਦੀ ਆਜ਼ਾਦੀ ਦੇ ਪਹਿਰੇਦਾਰ ਸਨ। ਉਨ੍ਹਾਂ ਨੇ ਗਦਰ ਗੂੰਜਾਂ ਦੇ ਸੰਪਾਦਨ ਰਾਹੀਂ ਸਾਨੂੰ ਜੰਗੇ ਆਜ਼ਾਦੀ ਦੇ ਵਡਮੁੱਲੇ ਕਲਾਮ ਦੇ ਵੀ ਦਰਸ਼ਨ ਕਰਵਾਏ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ ਨੇ ਕਿਹਾ ਕਿ ਸੂਰਮਿਆਂ ਦੇ ਦਿਹਾੜੇ ਮਨਾਉਣ ਦਾ ਮਨੋਰਥ ਇਤਿਹਾਸ ਦੀਂ ਪਰਤਾਂ ਵਿੱਚੋਂ ਵਰਤਮਾਨ ਦੇ ਨਕਸ਼ ਸੰਵਾਰਨ ਲਈ ਰੌਸ਼ਨੀ ਲੈਣਾ ਹੈ।
ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਕਵੀ ਦਰਬਾਰ ਵਿੱਚ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਡਾ: ਸੁਰਿੰਦਰ ਧੰਜਲ ਕੈਨੇਡਾ,ਰਛਪਾਲ ਸਿੰਘ ਪਾਲ ਜਲੰਧਰ,ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਪ੍ਰੋ: ਸੁਰਜੀਤ ਜੱਜ ਫਗਵਾੜਾ,ਵਿਜੈ ਅਗਨੀਹੋਤਰੀ ਬਟਾਲਾ, ਤ੍ਰੈਲੋਚਨ ਲੋਚੀ ਲੁਧਿਆਣਾ, ਗੁਰਵਿੰਦਰ ਸਿੰਘ ਜੌਹਲ ਪੀ ਸੀ ਐੱਸ ਰੋਪੜ, ਜਾਗੀਰ ਸਿੰਘ ਕਾਹਲੋਂ ਟੋਰੰਟੋ ਕੈਨੇਡਾ, ਡਾ: ਅਸ਼ਵਨੀ ਭੱਲਾ ਲੁਧਿਆਣਾ, ਦਲਜਿੰਦਰ ਰਹਿਲ ਇਟਲੀ, ਮਨਜਿੰਦਰ ਧਨੋਆ ਲੁਧਿਆਣਾ, ਕਰਮਜੀਤ ਗਰੇਵਾਲ ਲਲਤੋਂ ਲੁਧਿਆਣਾ,ਨਰਿੰਦਰ ਕੁਮਾਰ ਜਲੰਧਰ ਤੇ ਬੂਟਾ ਸਿੰਘ ਚੌਹਾਨ ਬਰਨਾਲਾ ਨੇ ਭਾਗ ਲਿਆ। ਡਾ: ਅਸ਼ਵਨੀ ਭੱਲਾ ਨੇ ਪੰਜਾਬ ਕਾਮਰਸ ਤੇ ਬਿਜਨਸ ਮੈਨੇਜਮੈਂਟ ਅਸੋਸੀਏਸ਼ਨ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ।