ਮੇਰੇ ਰਿਲੀਜ਼ ਹੋਏ ਤਿੰਨੇ ਸੰਗੀਤਕ ਪ੍ਰੋਜੈੱਕਟਾਂ ਨੂੰ ਸਰੋਤਿਆਂ ਨੇ ਵੱਡੇ ਪੱਧਰ ਤੇ ਪਿਆਰ ਦਿੱਤਾ: ਦਿਲਖੁਸ਼ ਥਿੰਦ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ
ਫ਼ਰੀਦਕੋਟ, 8 ਦਸੰਬਰ -ਪੰਜਾਬੀ ਸੰਗੀਤ 'ਚ ਬਤੌਰ ਮਿਊਜ਼ਿਕ ਡਾਇਰੈੱਕਟਰ ਅਤੇ ਗਾਇਕ ਵਜੋਂ ਨਿਵੇਕਲੀ ਪਹਿਚਾਣ ਰੱਖਣ ਵਾਲੇ ਦਿਲਖੁਸ਼ ਥਿੰਦ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਹਾਲ ਹੀ ਦਿਲਖੁਸ਼ ਰਿਕਾਰਡ ਕੰਪਨੀ ਵੱਲੋਂ ਕੀਤੇ ਰਿਲੀਜ਼ ਕੀਤੇ ਤਿੰਨੇ ਪ੍ਰੋਜੈੱਕਟਾਂ ਨੂੰ ਸਰੋਤਿਆਂ ਵੱਲੋਂ ਵੱਡੇ ਪੱਧਰ ਤੇ ਪਿਆਰ ਮਿਲ ਰਿਹੈ | ਉਨ੍ਹਾਂ ਦੱਸਿਆ ਉਨ੍ਹਾਂ ਦੀ ਆਵਾਜ਼ 'ਚ ਗਾਏ ਗੀਤ 'ਮਰਜਾਣੀ' ਅਤੇ 'ਪਹਿਲਾ ਅਤੇ ਆਖਾਰੀ' ਜਿੱਥੇ ਦੇਸ਼-ਵਿਦੇਸ਼ ਅੰਦਰ ਸਰੋਤਿਆਂ ਵੱਲੋਂ ਕਬੂਲ ਕੀਤੇ ਗਏ,ਉੱਥੇ ਪੰਜਾਬ ਦੀ ਉੱਚਕੋਟੀ ਦੀ ਦੋਗਾਣਾ ਜੋੜੀ ਕੁਲਵਿੰਦਰ ਕੰਵਲ-ਸਪਨਾ ਕੰਵਲ ਦੇ ਸੁਪਰਹਿੱਟ ਗੀਤ ਵਰੇਗੰਢ (ਮੈਰਿਜ ਐਨਵਰਸੀ) ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਹੈ ਜੋ ਅੱਜਕੱਲ੍ਹ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਹੋਰ ਸਾਹਿਤਕ, ਸੱਭਿਆਚਾਰਕ ਤੇ ਤਾਜ਼ਗੀ ਭਰੇ ਗੀਤ ਪੰਜਾਬੀ ਸੰਗੀਤ ਦੀ ਝੋਲੀ ਪਾਏ ਜਾਣਗੇ | ਇੱਥੇ ਜ਼ਿਕਰਯੋਗ ਹੈ ਦਿਲਖੁਸ਼ ਥਿੰਦ ਦੇ ਸੰਗੀਤ 'ਚ ਜਿੱਥੇ ਪੰਜਾਬ ਦੇ ਆਪਣੇ ਦੌਰ ਦੇ ਹਰ ਹਿੱਟ ਗਾਇਕ ਨੇ ਗਾਇਆ ਹੈ, ਉੱਥੇ ਜਲੰਧਰ ਦੂਰਦਰਸ਼ਨ ਕੇਂਦਰ ਦੇ ਬਹੁਤ ਸਾਰੇ ਮਿਆਰੀ ਪ੍ਰੋਗਰਾਮਾਂ ਅਤੇ ਫ਼ਿਲਮਾਂ ਦਾ ਸੰਗੀਤ ਕਰਨ ਤਿਆਰ ਕਰਨ ਦਾ ਵੀ ਦਿਲਖੁਸ਼ ਨੂੰ ਮਾਣ ਹਾਸਲ ਹੈ | ਇਸ ਮੌਕੇ ਲੋਕ ਗਾਇਕ ਸੁਰਜੀਤ ਗਿੱਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਗੁਰਿੰਦਰ ਸਿੰਘ ਗੋਰਾ ਜ਼ਿਲਾ ਚੇਅਰਮੈੱਨ ਸਵਰਨਕਾਰ ਸੰਘ ਕਾਂਗਰਸ ਵੀ ਹਾਜ਼ਰ ਸਨ |