ਪੀ.ਏ.ਯੂ. ਉਪ ਕੁਲਪਤੀ ਵੱਲੋਂ ਆਰਥਿਕ ਮਸਲਿਆਂ ਦੀ ਮਹੱਤਵਪੂਰਨ ਪੁਸਤਕ ਲੋਕ ਅਰਪਣ
- ਡਾ. ਸਰਦਾਰਾ ਸਿੰਘ ਜੌਹਲ ਨੇ ਪੁਸਤਕ ਨੂੰ ਯੋਜਨਾਕਾਰਾਂ ਲਈ ਰਾਹ ਦਸੇਰਾ ਦੱਸਿਆ
ਲੁਧਿਆਣਾ, 10 ਅਗਸਤ, 2023 - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਯੂਨਿਟ ਵੱਲੋਂ ਆਯੋਜਿਤ ਕੀਤੇ ਸਮਾਗਮ ਵਿੱਚ “ਰੀਜੂਵੀਨੇਟਿੰਗ ਪੰਜਾਬ, ਨਿਊ ਵਰਲਡ ਆਡਰ” ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਉਪਰੰਤ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਕਿਹਾ ਕਿ ਇਸ ਪੁਸਤਕ ਦੀ ਹਰ ਰਚਨਾ ਬਹੁਤ ਖ਼ਾਸ ਹੈ ਅਤੇ ਇਸ ਨੂੰ ਦੁਨੀਆ ਦੇ ਹਰ ਉਸ ਹਿੱਸੇ ਤੱਕ ਪਹੁੰਚਾਉਣ ਦੀ ਲੋੜ ਹੈ ਜਿੱਥੇ ਪੰਜਾਬੀ ਵੱਸਦੇ ਹਨ। ਉਨ੍ਹਾਂ ਕਿਹਾ ਕਿ ਪੁਸਤਕ ਦੀਆਂ 31 ਰਚਨਾਵਾਂ ਵਿੱਚ 12 ਰਚਨਾਵਾਂ ਦਾ ਯੋਗਦਾਨ ਪੀਏਯੂ ਫੈਕਲਟੀ ਅਤੇ ਵਿਦਿਆਰਥੀਆਂ ਨੇ ਦਿੱਤਾ ਹਨ। ਡਾ. ਗੋਸਲ ਨੇ ਸੰਪਾਦਕ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਮਹੱਤਵਪੂਰਨ ਵਿਸ਼ੇ 'ਤੇ ਪੁਸਤਕ ਪ੍ਰਕਾਸ਼ਤ ਕਰਨ ਲਈ ਵਧਾਈ ਦਿੱਤੀ ਜੋ ਪੰਜਾਬ ਦੇ ਆਰਥਿਕ ਰੁਤਬੇ ਨੂੰ ਬਰਕਰਾਰ ਰੱਖਣ ਵਿਚ ਬਹੁਤ ਸਹਾਈ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ. ਜਸਪਾਲ ਸਿੰਘ, ਸਾਬਕਾ ਏ.ਜੀ.ਐਮ., ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੰਪਾਦਿਤ ਕੀਤੀ ਗਈ ਇਸ ਪੁਸਤਕ ਵਿੱਚ ਖੇਤੀ ਜਿਨਸਾਂ, ਤਕਨੀਕ, ਫੂਡ ਪ੍ਰੋਸੈਸੀਇੰਗ, ਸਹਿਕਾਰਤਾ, ਸੈਲਫ ਹੈਲਪ ਕਾਰੋਬਾਰ, ਬਿਜਲੀ, ਪਾਣੀ ਮਸਲੇ, ਬੈਂਕਿੰਗ, ਪੰਜਾਬ ਕਰਜ਼ਾ, ਵਿਦੇਸ਼ੀ ਪ੍ਰਵਾਸ, ਕਰਿਪੋਟੋ ਕਰੰਸੀ, ਵਾਤਾਵਰਨ ਆਦਿ ਬਹੁਤ ਵਿਸ਼ੇ ਡੂੰਘਾਈ ਨਾਲ ਛੂਹੇ ਗਏ ਹਨ।
ਇਸ ਮੌਕੇ ਉੱਘੇ ਅਰਥ ਸ਼ਾਸਤਰੀ ਡਾ. ਐੱਸ. ਐੱਸ. ਜੌਹਲ ਨੇ ਪੁਸਤਕ ਦੇ ਲੇਖਕਾਂ, ਖੋਜਕਾਰਾਂ, ਸੰਪਾਦਕ ਅਤੇ ਹੋਰ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਉੱਨਤ ਦੇਸ਼ ਦੀ ਉੱਨਤੀ ਕਲਾਸੀਕਲ ਗਰੋਥ ਮਾਡਲ ’ਤੇ ਹੋਈ ਹੈ ਅਤੇ ਸਾਡੀਆਂ ਨੀਤੀਆਂ ਵਿੱਚ ਵਿਆਪਕ ਬਦਲਾਓ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਫਲਸਫਾ ਸਾਂਝੀਵਾਲਤਾ ਦਾ ਹੈ। ਹਰ ਵਿਅਤਕੀ ਤੋਂ ਕੰਮ ਸਮਰੱਥਾ ਮੁਤਾਬਕ ਅਤੇ ਹਰ ਵਿਅਕਤੀ ਨੂੰ ਉਸ ਦੀ ਲੋੜ ਅਨੁਸਾਰ ਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਮਾਡਲ ਬਾਬੇ ਨਾਨਕ ਨੇ ਇੱਕ ਨਮੂਨਾ ਦਿੱਤਾ ਸੀ, ਜਿਸ ਤੋਂ ਸਾਡਾ ਲਾਲਚ, ਖੁਦਗਰਜ਼ੀ ਅਤੇ ਕੋਝੀ ਸੋਚ ਕਿਤੇ ਦੂਰ ਲੈ ਗਈ ਹੈ।
ਸਮਾਗਮ ਦੌਰਾਨ ਡਾ. ਨਿਰਮਲ ਜੋੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਇਸ ਪੁਸਤਕ ਦੇ ਲੇਖ ਸਾਡੇ ਸਰੀਰ ਅਤੇ ਜ਼ਮੀਰ ਨੂੰ ਹਲੂਣਾ ਮਾਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਾਡੀ ਮੌਜੂਦਾ ਸਥਿਤੀ ਅਤੇ ਸਾਡੇ ਭਵਿੱਖ ਲਈ ਰਾਹ ਦਸੇਰਾ ਹੈ।
ਸਮਾਗਮ ਦੌਰਾਨ ਸ. ਜਤਿੰਦਰਪਾਲ ਸਿੰਘ, ਸਾਬਕਾ ਚੇਅਰਮੈਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ, ਨੇ ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗਰੋਥ ਦੀਆਂ ਪਹਿਲਕਦਮੀਆਂ 'ਤੇ ਚਾਨਣਾ ਪਾਇਆ ਅਤੇ ਪੁਸਤਕ ਦੇ ਪ੍ਰਕਾਸ਼ਨ ਪਿੱਛੇ ਨੇਕ ਪ੍ਰੇਰਨਾ ਬਾਰੇ ਦੱਸਿਆ। ਡਾ. ਸਰਬਜੀਤ ਸਿੰਘ, ਪ੍ਰੋਫੈਸਰ ਅਤੇ ਮੁਖੀ, ਖੇਤੀਬਾੜੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਕਿਹਾ ਕਿ ਅੱਜ ਨੌਜੂਆਨ ਵਰਗ ਦੀ ਸ਼ਕਤੀ ਨੂੰ ਸਹੀ ਸੇਧ ਦੇਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਦੀ ਸ਼ਕਤੀ ਦੇਸ਼ ਦੇ ਵਿਕਾਸ ਵਿੱਚ ਸਹਾਇਕ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਇਹ ਪੁਸਤਕ ਨੌਜੂਆਨ ਵਰਗ ਨੂੰ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰੇਗੀ। ਸਮਾਗਮ ਦੌਰਾਨ ਪੁਸਤਕ ਦੇ ਯੋਗਦਾਨੀ ਖੋਜਕਾਰਾਂ ਨੇ ਵੀ ਆਪਣੇ-ਆਪਣੇ ਵਿਚਾਰ ਸੰਖੇਪ ਵਿੱਚ ਰੱਖੇ। ਪੁਸਤਕ ਦੇ ਸੰਪਾਦਕ ਸ. ਜਸਪਾਲ ਸਿੰਘ ਨੇ ਪੁਸਤਕ ਸੰਪਾਦਨ ਦੀ ਪ੍ਰਕਿਰਿਆ ਦੌਰਾਨ ਹੋਏ ਅਦਭੁਤ ਅਨੁਭਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਜੀ.ਆਰ.ਡੀ.ਸੀ.ਈ.ਜੀ. ਦੇ ਮੁਖੀ ਸ. ਤੇਜਵਿੰਦਰ ਸਿੰਘ ਬਿੱਗਬੈਨ ਨੇ ਸਮਾਗਮ ਵਿੱਚ ਮੌਜੂਦ ਉੱਘੇ ਖੇਤੀ ਵਿਗਿਆਨੀਆਂ, ਉਦਯੋਗਪਤੀਆਂ, ਵਿੱਦਿਆ ਸ਼ਾਸਤਰੀਆਂ, ਬੈਂਕਰ ਅਤੇ ਚਿੰਤਕਾਂ ਦਾ ਧੰਨਵਾਦ ਕੀਤਾ।