ਸਵਾ-ਸਵਾ ਲੱਖ ਨਾਲ
'ਕੱਲਾ-'ਕੱਲਾ ਸਿੰਘ ਲੜਾ ਦਿੱਤਾ,
ਮੇਰੇ ਬਾਜਾਂ ਵਾਲੇ ਮਾਹੀ ਨੇ
ਇਕ ਅਸਚਰਜ ਖੇਲ ਰਚਾ ਦਿੱਤਾ
ਮੇਰੇ ਬਾਜਾਂ ਵਾਲੇ ਮਾਹੀ ਨੇ
ਜਬਰ ਜ਼ੁਲਮ ਦੀ ਜਦੋਂ ਹੱਦ ਨਾ ਰਹੀ
ਬਰਦਾਸ਼ਤ ਦੀ ਪੀੜ ਜਾਵੇ ਨਾ ਸਹੀ,
ਲੋੜ ਸੀ ਇਹਨੂੰ ਠੱਲ ਪਾਉਣ ਦੀ
ਸਿੱਖੀ ਸਿਦਕ ਨਿਭਾਉਣ ਦੀ
ਜਾਨ ਦੀ ਬਾਜ਼ੀ ਲਾਉਣ ਦੀ
ਮੁਗ਼ਲ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ
ਮੇਰੇ ਸੋਹਣੇ ਸੰਤ-ਸਿਪਾਹੀ ਨੇ
ਸਵਾ-ਸਵਾ ਲੱਖ ਨਾਲ ...
ਖੰਡੇ ਬਾਟੇ ਤੋਂ ਗਿੱਦੜੋਂ ਸ਼ੇਰ ਬਣਾਏ
ਚਿੜੀਆਂ ਕੋਲੋਂ ਬਾਜ਼ ਤੁੜਾਏ
ਅੰਮ੍ਰਿਤ ਸੰਚਾਰ ਕਰ ਕੇ
ਸਭ ਨਾਲ ਪਿਆਰ ਕਰ ਕੇ
ਪੱਕਾ ਕੌਲ-ਕਰਾਰ ਕਰ ਕੇ
ਇਕ ਨਿਆਰਾ ਪੰਥ ਸਜਾ ਦਿੱਤਾ
ਮੇਰੇ ਕਲਗੀਆਂ ਵਾਲੇ ਮਾਹੀ ਨੇ
ਸਵਾ-ਸਵਾ ਲੱਖ ਨਾਲ...
ਸਰਸਾ ਨਦੀ ਪਰਵਾਰ ਵਿਛੋੜੇ ਪਾਏ
ਕੁਬਖ਼ਤੇ ਮਾਛੀਵਾੜੇ 'ਚ ਡੇਰੇ ਲਾਏ
ਹਿੰਦ ਖ਼ਾਤਰ ਪਿਤਾ ਬਹਾਦਰ ਸੀਸ ਵਾਰਿਆ
ਜਿੰਦਾਂ ਨਿੱਕੀਆਂ ਨੂੰ ਨੀਹਾਂ 'ਚ ਉਤਾਰਿਆ
ਪਰ ਸਿੱਖੀ-ਸਿਦਕ, ਧਰਮ ਨਾ ਹਾਰਿਆ
ਸਾਰਾ ਸਰਬੰਸ ਕੁਰਬਾਨ ਕਰਾ ਦਿੱਤਾ
ਮੇਰੇ ਸ਼ਹਿਨਸ਼ਾਹ ਨੂਰ ਇਲਾਹੀ ਨੇ
ਸਵਾ-ਸਵਾ ਲੱਖ ਨਾਲ...
ਹੀਲੇ-ਵਸੀਲੇ ਜਦ ਮੁੱਕ ਗਏ ਸਾਰੇ
ਫੇਰ ਖ਼ਾਲਸੇ ਦਿਖਾਏ ਨਜ਼ਾਰੇ
ਸਿੰਘਾਂ ਸਜਾਈਆਂ ਕੇਸਰ ਦਸਤਾਰਾਂ
ਚੁੱਕੇ ਹੱਥਾਂ ਨੇਜੇ ਤੇ ਤਲਵਾਰਾਂ
ਮੁਗ਼ਲਾਂ ਦੀਆਂ ਉਡਾਈਆਂ ਡਾਰਾਂ
ਜ਼ੁਲਮ ਦਾ ਸੂਰਜ ਡੋਬ ਦਿੱਤਾ
ਮੇਰੇ ਦੁਸ਼ਟ-ਦਮਨ ਦਰਗਾਹੀ ਨੇ
ਸਵਾ-ਸਵਾ ਲੱਖ ਨਾਲ
'ਕੱਲਾ-'ਕੱਲਾ ਸਿੰਘ ਲੜਾ ਦਿੱਤਾ
ਮੇਰੇ ਬਾਜਾਂ ਵਾਲੇ ਮਾਹੀ ਨੇ
ਇਕ ਅਸਚਰਜ ਖੇਲ ਰਚਾ ਦਿੱਤਾ
ਮੇਰੇ ਬਾਜਾਂ ਵਾਲੇ ਮਾਹੀ ਨੇ।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ. 99156-28853