ਬਾਹਗਾ ਦੀ ਕਿਤਾਬ ਦਰਸਾਉਂਦੀ ਹੈ ਭਾਰਤੀ ਵਾਸਤੂਕਲਾ ਦੇ ਸਾਰ ਨੂੰ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 12 ਜਨਵਰੀ, 2024: ਆਰਕੀਟੈਕਚਰ (ਵਾਸਤੂਕਲਾ) ਵਿੱਚ 40 ਸਾਲਾਂ ਦੇ ਤਜ਼ਰਬੇ ਤੋਂ ਬਾਅਦ, ਉੱਘੇ ਆਰਕੀਟੈਕਟ ਸੁਰਿੰਦਰ ਬਾਹਗਾ ਆਪਣੀ ਕਿਤਾਬ, ‘ਫਾਰਮ ਫੋਲੋਜ਼ ਰੂਟਸ – ਆਰਕੀਟੈਕਚਰ ਫਾਰ ਇੰਡੀਆ 1985 – 2021’ ਲੈ ਕੇ ਆਏ ਹਨ। ਤੁਰਕੀ-ਅਧਾਰਿਤ ਆਰਕੀਟੈਕਚਰਲ ਇਤਿਹਾਸਕਾਰ ਡਾ. ਈਬਰੂ ਓਜ਼ਕੇਟੋਕਮੇਸੀ ਦੁਆਰਾ ਸੰਪਾਦਿਤ, ਇਹ ਕਿਤਾਬ 1985 ਤੋਂ 2021 ਤੱਕ ਭਾਰਤ ਦੇ ਸਮਕਾਲੀ ਵਾਸਤੂਕਲਾ ਦੀ ਇੱਕ ਸਮਝ ਹੈ, ਜਿਸ ਵਿੱਚ ਬਾਹਗਾ ਦਾ ਆਪਣਾ ਕੰਮ ਵੀ ਸ਼ਾਮਿਲ ਹੈ।
ਆਰਕੀਟੈਕਟ ਬਾਹਗਾ ਨੇ 23 ਸਾਲਾਂ ਤੱਕ ਜਿਸ ਕਿਤਾਬ ਤੇ ਕੰਮ ਕੀਤਾ ਹੈ, ਨੂੰ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਉੱਘੇ ਆਰਕੀਟੈਕਟ ਐਸਡੀ ਸ਼ਰਮਾ ਵੱਲੋਂ ਚੰਡੀਗੜ੍ਹ ਦੇ ਕਈ ਉੱਘੇ ਆਰਕੀਟੈਕਟਸ, ਲੇਖਕਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।
ਕਿਤਾਬ ਨੂੰ ਵਹਾਈਟ ਫਾਲਕਨ ਪਬਲਿਸ਼ਿੰਗ ਨੇ ਪ੍ਰਕਾਸ਼ਿਤ ਕੀਤਾ ਹੈ, ਜਦੋਂ ਕਿ ਮੁਖਬੰਧ ਲੰਡਨ ਦੇ ਪ੍ਰਸਿੱਧ ਲੇਖਕ ਪ੍ਰੋਫੈਸਰ ਰੌਬਰਟ ਹਾਰਬਿਸਨ ਨੇ ਲਿਖਿਆ ਹੈ। ਇਸ ਕਿਤਾਬ ਨੂੰ ਇੰਡੀਅਨ ਕੌਂਸਲ ਆਫ਼ ਆਰਕੀਟੈਕਚਰ ਦੁਆਰਾ ਸਮਰਥਨ ਪ੍ਰਾਪਤ ਹੈ ਅਤੇ ਦੇਸ਼ ਦੇ ਸਾਰੇ ਆਰਕੀਟੈਕਚਰ ਕਾਲਜਾਂ ਵਿੱਚ ਪਹਿਲਾਂ ਹੀ ਇਸ ਦੀ ਸਿਫ਼ਾਰਸ਼ ਕੀਤੀ ਗਈ ਹੈ।
ਕਿਤਾਬ ਬਾਰੇ ਬੋਲਦਿਆਂ ਬਾਹਗਾ ਨੇ ਕਿਹਾ, ‘‘ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਆਧੁਨਿਕ ਵਾਸਤੂਕਲਾ ਨੂੰ 1985 ਤੋਂ ਪਹਿਲਾਂ ਦੀਆਂ ਵੱਖ-ਵੱਖ ਕਿਤਾਬਾਂ ਵਿੱਚ ਚੰਗੀ ਤਰ੍ਹਾਂ ਦਰਜ ਕੀਤਾ ਗਿਆ ਹੈ, ਜੋ ਮੁੱਖ ਤੌਰ ਤੇ ਭਾਰਤੀ ਮੱਧ ਵਰਗ ਅਤੇ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਅਸਲ ਜੀਵਨ ਦੀ ਨੁਮਾਇੰਦਗੀ ਨਾ ਕਰਨ ਵਾਲੇ ਕੁਲੀਨ ਵਰਗ ਦੇ ਕੰਮਾਂ ਉਤੇ ਕੇਂਦਰਿਤ ਹੈ।’’
ਉਨ੍ਹਾਂ ਨੇ ਅੱਗੇ ਕਿਹਾ, ‘‘ਇਹ ਪ੍ਰਕਾਸ਼ਨ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਕੰਮਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਹੈ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਵੱਖਰੇ ਢੰਗ ਨਾਲ ਨਜਿੱਠਣ ਦੀ ਜ਼ਰੂਰਤ ਹੈ, ਕਿਉਂਕਿ ਅਜਿਹੀਆਂ ਥਾਵਾਂ ਤੇ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਆਸਾਨੀ ਨਾਲ ਉਪਲੱਬਧ ਨਹੀਂ ਹੁੰਦੀ ਹੈ। ਕੰਮ ਦਾ ਮੁੱਖ ਭਾਗ ਵੱਕਾਰੀ ਪ੍ਰੋਜੈਕਟਾਂ ਦੇ ਕੁੱਝ ਅਪਵਾਦਾਂ ਦੇ ਨਾਲ, ਘੱਟ ਅਤੇ ਮੱਧ ਆਮਦਨੀ ਸਮੂਹਾਂ ਨੂੰ ਪੂਰਾ ਕਰਨ ਵਾਲੇ ਪ੍ਰੋਜੈਕਟਾਂ ਨੂੰ ਉਜਾਗਰ ਕਰਦਾ ਹੈ। ਵਾਸਤੂਕਲਾ ਦੇ ਖੇਤਰ ਦੇ ਮੌਜੂਦਾ ਮੁੱਦਿਆਂ ਨੂੰ ਕਿਤਾਬ ਵਿੱਚ ਵਿਹਾਰਕ ਉਦਾਹਰਣਾਂ ਦੇ ਕੇ ਸੰਬੋਧਿਤ ਕੀਤਾ ਗਿਆ ਹੈ।
ਇਸ ਕਿਤਾਬ ਵਿੱਚ ਚੰਡੀਗੜ੍ਹ ਕੈਪੀਟਲ ਕੰਪਲੈਕਸ ਦੇ ਪਿੱਛੇ ਟਾਟਾ ਟਾਵਰਜ਼ ਦੇ ਵਿਵਾਦਾਂ ਅਤੇ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੇ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਰਲੇਵੇਂ ਬਾਰੇ ਵੀ ਚਰਚਾ ਕੀਤੀ ਗਈ ਹੈ। ਇਸ ਵਿੱਚ ਭਾਰਤੀ ਇਮਾਰਤਾਂ ਵਿੱਚ ਕੱਚ ਦੀ ਬਹੁਤ ਜ਼ਿਆਦਾ ਵਰਤੋਂ ਦੇ ਮਾੜੇ ਪ੍ਰਭਾਵਾਂ ਅਤੇ ਗਲਤ ਰੁਝਾਨਾਂ ਦੀ ਚਰਚਾ ਕੀਤੀ ਗਈ ਹੈ ਅਤੇ ਸਥਾਨਕ ਮਾਹੌਲ ਅਤੇ ਸੱਭਿਆਚਾਰ ਦੇ ਅਨੁਕੂਲ ਇਮਾਰਤਾਂ ਨੂੰ ਡਿਜ਼ਾਈਨ ਕਰਨ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਅਤੇ ਨਗਰ ਨਿਗਮ ਵਿੱਚ ਕੌਂਸਲਰ ਵਜੋਂ ਬਾਹਗਾ ਦੇ ਕੰਮ ਨੂੰ ਵੀ ਛੋਹਿਆ ਗਿਆ ਹੈ।
ਇੰਡੀਅਨ ਇੰਸਚੀਚਿਊਟ ਆਫ਼ ਆਰਕੀਟੇਕਟਸ ਦੇ ਪ੍ਰਧਾਨ, ਆਰਕੀਟੈਕਟ ਵਿਲਾਸ ਅਵਚਟ ਨੇ ਕਿਹਾ, ‘‘ਇਹ ਵਿਆਪਕ ਕੰਮ ਸਾਡੇ ਦੇਸ਼ ਦੀ ਅਮੀਰ ਆਰਕੀਟੈਕਚਰਲ ਵਿਰਾਸਤ ਨੂੰ ਡੂੰਘਾਈ ਨਾਲ ਉਜਾਗਰ ਕਰਦਾ ਹੈ, ਜਿਸ ਵਿੱਚ ਛੋਟੇ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਸ਼ਾਨਦਾਰ ਪ੍ਰੋਜੈਕਟਾਂ ਦਾ ਸਾਰ ਸ਼ਾਮਿਲ ਹੈ।’’
ਭਾਰਤੀ ਆਰਕੀਟੈਕਚਰ ਕੌਂਸਲ ਦੇ ਪ੍ਰਧਾਨ ਆਰਕੀਟੈਕਟ ਅਭੈ ਪੁਰੋਹਿਤ ਨੇ ਕਿਹਾ, ‘‘ਕਿ ਇਹ ਕਿਤਾਬ ਆਰਕੀਟੈਕਚਰ ਬਾਰੇ ਸਾਹਿਤ ਵਿੱਚ ਇੱਕ ਕੀਮਤੀ ਵਾਧਾ ਹੋਵੇਗੀ, ਇਸ ਲਈ ਆਰਕੀਟੈਕਚਰ ਕੌਂਸਲ ਨੇ ਭਾਰਤੀ ਯੂਨੀਵਰਸਿਟੀਆਂ ਵਿੱਚ ਇਸ ਦੇ ਸਰਕੂਲੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।’’
ਸੀਓਏ ਦੇ ਸਾਬਕਾ ਪ੍ਰਧਾਨ, ਆਰਕੀਟੈਕਟ ਹਬੀਬ ਖਾਨ ਨੇ ਕਿਹਾ, ‘‘ਇਹ ਕਿਤਾਬ ਨਾ ਸਿਰਫ ਸਮਕਾਲੀ ਭਾਰਤੀ ਵਾਸਤੂਕਲਾ ਲੈਂਡਸਕੇਪ ਨੂੰ ਦਰਸਾਉਂਦੀ ਹੈ ਬਲਕਿ ਵਾਸਤੂਕਲਾ ਦੇ ਵਿਦਿਆਰਥੀਆਂ ਲਈ ਇੱਕ ਭੰਡਾਰ ਵੀ ਬਣੇਗੀ।’’
ਲੇਖਕ ਬਾਰੇ:
ਆਰਕੀਟੈਕਟ ਸੁਰਿੰਦਰ ਬਾਹਗਾ ਚੰਡੀਗੜ੍ਹ ਵਿੱਚ ਆਰਕੀਟੈਕਚਰਲ ਸੰਸਥਾ ‘ਸਾਕਾਰ ਫਾਊਂਡੇਸ਼ਨ’ ਦੀ ਅਗਵਾਈ ਕਰ ਰਹੇ ਹਨ। ਸ਼੍ਰੀ ਬਾਹਗਾ ਨੂੰ ਐਨਰਜੀ ਐਫੀਸਿਏਂਟ ਡਿਜ਼ਾਈਨ ਲਈ ਐਚਯੂਡੀਸੀਓ ਦੁਆਰਾ 1995 ਵਿੱਚ ਸਰ ਐਮ. ਵਿਸ਼ਵੇਸ਼ਵਰਯਾ ਅਵਾਰਡ ਦਿੱਤਾ ਗਿਆ ਸੀ। ਚੰਡੀਗੜ੍ਹ ਵਿੱਚ ਉਨ੍ਹਾਂ ਦੇ ਬੈਪਟਿਸਟ ਚਰਚ ਨੂੰ ਮਿਨਿਸਟਰੀ ਆਫ਼ ਨੌਨ-ਕੰਨਵੇਂਸ਼ਨਲ ਐਨਰਜੀ ਸੋਰਸ ਅਤੇ ਟੀਈਆਰਆਈ ਦੁਆਰਾ ਭਾਰਤ ਵਿੱਚ ਸਭ ਤੋਂ ਵਧੀਆ 41 ਐਨਰਜੀ ਐਫੀਸਿਏਂਟ ਬਿਲਡਿੰਗਜ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ। ਉਹ ਆਰਕੀਟੈਕਚਰਲ ਐਸੋਸੀਏਸ਼ਨ, ਲੰਡਨ ਤੋਂ ਮਾਈਕਲ ਵੈਂਟਰੀਸ ਅਵਾਰਡ ਪ੍ਰਾਪਤਕਰਤਾ ਹਨ।
ਉਨ੍ਹਾਂ ਨੇ ਆਰਕੀਟੈਕਚਰ ਉੱਤੇ ਤਿੰਨ ਕਿਤਾਬਾਂ ਸਹਿ-ਲੇਖਕ ਕੀਤੀਆਂ ਹਨ। ਉਨ੍ਹਾਂ ਨੇ ਆਈਆਈਏ, ਚੰਡੀਗੜ੍ਹ-ਪੰਜਾਬ ਚੈਪਟਰ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਆਈਆਈਏ ਪਬਲੀਕੇਸ਼ਨ ਬੋਰਡ ਦੇ ਚੇਅਰਮੈਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੇ ਜਰਨਲ ਦੇ ਸੰਪਾਦਕ ਵਜੋਂ ਕੰਮ ਕੀਤਾ। ਉਹ ਚੰਡੀਗੜ੍ਹ ਨਗਰ ਨਿਗਮ ਵਿੱਚ 2012-16 ਦੀ ਮਿਆਦ ਲਈ ਕੌਂਸਲਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਵਰਤਮਾਨ ਵਿੱਚ, ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੂੰ 2021 ਤੋਂ 2024 ਦੀ ਮਿਆਦ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਮੈਂਬਰ ਅਤੇ ਐਫਐਸਏਆਈ ਦੇ ਚੰਡੀਗੜ੍ਹ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।