ਪੰਜਾਬੀ ਯੂਨੀਵਰਸਿਟੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ 'ਛਿਪਣ ਤੋਂ ਪਹਿਲਾਂ' ਦੀ ਪੇਸ਼ਕਾਰੀ ਕਰਵਾਈ
ਪਟਿਆਲਾ, 2 ਅਕਤੂਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ 'ਛਿਪਣ ਤੋਂ ਪਹਿਲਾਂ' ਦੀ ਪੇਸ਼ਕਾਰੀ ਕਰਵਾਈ ਗਈ। ਦਵਿੰਦਰ ਦਮਨ ਵੱਲੋਂ ਲਿਖਿਤ ਇਸ ਨਾਟਕ ਨੂੰ ਬਲਕਰਨ ਬਰਾੜ ਵੱਲੋਂ ਨਿਰਦੇਸ਼ਿਤ ਕੀਤਾ ਗਿਆ।
ਵਿਭਾਗ ਮੁਖੀ ਡਾ. ਹਰਜੀਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਟਰ ਡਾ. ਜਸਪਾਲ ਦਿਓਲ ਦੀ ਅਗਵਾਈ ਵਿੱਚ ਵਿਭਾਗ ਵਿੱਚ ਐੱਮ.ਏ. ਥੀਏਟਰ ਅਤੇ ਫਿਲਮ ਪ੍ਰੋਡਕਸ਼ਨ ਕਰ ਰਹੇ ਵਿਦਿਆਰਥੀਆਂ ਵੱਲੋਂ ਇਸ ਪੇਸ਼ਕਾਰੀ ਵਿੱਚ ਸ਼ਿਰਕਤ ਕੀਤੀ ਗਈ।
ਇਸ ਨਾਟਕ ਦੀ ਕਹਾਣੀ ਸ਼ਹੀਦ ਭਗਤ ਸਿੰਘ ਵੱਲੋਂ ਜੇਲ੍ਹ ਵਿੱਚ ਬਿਤਾਏ ਗਏ ਸਮੇਂ ਨਾਲ਼ ਸੰਬੰਧਤ ਹੈ। ਨਾਟਕ ਵਿੱਚ ਵਿਖਾਇਆ ਗਿਆ ਹੈ ਕਿ ਭਗਤ ਸਿੰਘ ਕਿੱਡਾ ਵੱਡਾ ਮਨੁੱਖ ਸੀ। ਨਾਟਕ ਵਿੱਚ ਵਿਖਾਇਆ ਗਿਆ ਹੈ ਕਿ ਉਹ ਜੇਲ ਵਿੱਚ ਆਪਣਾ ਮੈਲਾ ਚੁੱਕਣ ਵਾਲੇ ਕਰਮਚਾਰੀ ਨੂੰ ਕਿਸ ਤਰ੍ਹਾਂ ਆਪਣੀ ਮਾਂ ਦੇ ਬਰਾਬਰ ਦਰਜਾ ਦਿੰਦਾ ਹੈ ਉਹ ਕਰਮਚਾਰੀ ਉਸ ਨਾਲ ਭਾਵਨਾਤਮਕ ਪੱਧਰ ਉੱਤੇ ਜੁੜ ਜਾਂਦਾ ਹੈ।
ਨਾਟਕ ਵਿੱਚ ਸ਼ਹੀਦ ਭਗਤ ਦੀ ਭੂਮਿਕਾ ਗੁਰਸੇਵਕ ਸਿੰਘ ਨੇ ਨਿਭਾਈ। ਬੋਘੇ ਦੀ ਭੂਮਿਕਾ ਵਿਚ ਗਗਨਦੀਪ ਸਿੰਘ ਸੰਧੂ, ਮਾਂ ਦੀ ਭੂਮਿਕਾ ਵਿੱਚ ਜੋਤ ਬੈਨੀਵਾਲ, ਵਕੀਲ ਦੀ ਭੂਮਿਕਾ ਵਿੱਚ ਮਨਪ੍ਰੀਤ ਸਿੰਘ ਨੇ ਸ਼ਾਨਦਾਰੀ ਅਦਾਕਾਰੀ ਕੀਤੀ।