ਚੰਡੀਗੜ੍ਹ, 31 ਜੁਲਾਈ 2020 - ਕੋਰੋਨਾ ਦੇ ਸੰਕਟ ਦੇ ਬਾਵਜੂਦ ਪੰਜਾਬ ਕਲਾ ਪਰਿਸ਼ਦ ਅਤੇ ਉਸਦੇ ਅਧੀਨ ਕੰਮ ਕਰ ਰਹੀਆਂ ਅਕਾਦਮੀਆਂ ਵਲੋਂ ਰੋਜ਼ਾਨਾ ਵਾਂਗ ਆਨ ਲਾਈਨ ਸਾਹਿਤਕ ਵਿਚਾਰ ਚਰਚਾ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਸਿਲਸਿਲਾ ਜਾਰੀ ਹੈ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਦੀ ਅਗਵਾਈ ਹੇਠ ਚੱਲ ਰਹੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਾਹਿਤ ਪਰੇਮੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।
ਪੰਜਾਬ ਸਾਹਿਤ ਅਕਾਦਮੀ ਵਲੋਂ ਰੋਜ਼ਾਨਾ ਲੜੀਵਾਰ ਵੈਬ ਪਰੋਗਰਾਮ " ਸੰਕਟ ਕਾਲ ਤੇ ਅਸੀ" ਤਹਿਤ ਹੁਣ ਤੀਕ 60 ਤੋਂ ਵੀ ਵਧੇਰੇ ਲੇਖਕ,ਕਵੀ ਤੇ ਵਿਦਵਾਨਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ ਤੇ ਇਹ ਸਿਲਸਿਲਾ ਜਾਰੀ ਹੈ। ਅਕਾਦਮੀ ਦੀ ਪਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਸਕੱਤਰ ਜਨਰਲ ਡਾ ਸਤੀਸ਼ ਕੁਮਾਰ ਵਰਮਾ ਨੇ ਦਸਿਆ ਕਿ ਪੰਜਾਬੀ ਦੇ ਉਘੇ ਲੇਖਕਾਂ, ਜਿੰਨਾਂ ਵਿਚ ਪਰਵਾਸੀ ਲੇਖਕ ਵੀ ਸ਼ਾਮਲ ਸਨ, ਸੰਕਟ ਕਾਲ ਸਮੇਂ ਆਪਣੇ ਅਨੁਭਵ,ਸ਼ਾਇਰੀ ਤੇ ਤਜਰਬੇ ਸਾਂਝੇ ਕਰ ਰਹੇ ਹਨ। ਪਾਠਕਾਂ ਤੇ ਦਰਸ਼ਕਾਂ ਵਲੋਂ ਇਨ੍ਹਾਂ ਵਿਚਾਰ ਚਰਚਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਡਾ ਸੁਰਜੀਤ ਪਾਤਰ,ਲਖਵਿੰਦਰ ਜੌਹਲ,ਕੇਵਲ ਧਾਲੀਵਾਲ,ਸੁਖਦੇਵ ਸਿੰਘ ਸਿਰਸਾ,ਡਾ ਸਰਬਜੀਤ ਸਿੰਘ,ਰਵੇਲ ਸਿੰਘ,ਡਾ ਅੰਬਰੀਸ਼, ਡਾ ਅਮਰਜੀਤ ਕੌਂਕੇ, ਨਿਰਮਲ ਜੌੜਾ, ਗੁਰਸੇਵਕ ਲੰਬੀ,ਜਗਸੀਰ ਜੀਦਾ,ਜਗਰਾਜ ਧੌਲਾ,ਸ਼ਿਆਮ ਸੁੰਦਰ ਦੀਪਤੀ, ਪਾਲੀ ਭੁਪਿੰਦਰ, ਸਮੇਤ ਕਈ ਹੋਰ ਲੇਖਕਾਂ ਕਲਾਕਾਰਾਂ ਨੇ ਭਾਗ ਲਿਆ।
ਇਸੇ ਤਰ੍ਹਾਂ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵੈਬ ਪਰੋਗਰਾਮਾਂ ਵਿਚ ਡਾ ਸੁਰਜੀਤ ਪਾਤਰ ਨੇ ਨਾਟਕ ਦੇ ਅਨੁਵਾਦ ਬਾਰੇ ਵਿਚਾਰ ਚਰਚਾ ਵਿਚ ਹਿਸਾ ਲਿਆ। ਪੰਮੀ ਬਾਈ ਨੇ ਲੋਕ ਨਾਚਾਂ,ਡਾ ਲਖਵਿੰਦਰ ਜੌਹਲ ਨੇ ਟੀ ਵੀ ਨਾਟਕਾਂ,ਜਸਵਿੰਦਰ ਸ਼ਰਮਾ ਕਵੀਸ਼ਰੀ, ਨਚਾਰਾਂ ਬਾਰੇ ਡਾ ਜੋਰਾਵਰ, ਸਮੇਤ ਕਈ ਹੋਰ ਕਲਾਕਾਰਾਂ ਨੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਲਾਈਵ ਆਨ ਲਾਈਨ ਪਰੋਗਰਾਮਾਂ ਵਿਚ ਹਿਸਾ ਲਿਆ। ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਜਨਰਲ ਪ੍ਰੀਤਮ ਰੁਪਾਲ ਨੇ ਆਖਿਆ ਕਿ 25 ਤੋਂ ਵੱਧ ਪ੍ਰੋਗਰਾਮ ਹੋ ਚੁੱਕੇ ਹਨ ਤੇ ਲੜੀ ਹਾਲੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਬਦੇਸ਼ ਵਿਚ ਬੈਠੇ ਕਲਾ ਪ੍ਰੇਮੀ ਤੇ ਕਲਾਕਾਰ ਇਸ ਪਰੋਗਰਾਮ ਵਿਚ ਹਿਸਾ ਲੈ ਰਹੇ ਹਨ। ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਅਧੀਨ ਕਾਰਜਸ਼ੀਲ ਇਨ੍ਹਾਂ ਅਕਾਦਮੀਆਂ ਦੁਆਰਾ ਆਨ ਲਾਈਨ ਪ੍ਰੋਗਰਾਮ ਜਾਰੀ ਰਹਿਣਗੇ।