ਸੈਨਹੋਜ਼ੇ, 23 ਜਨਵਰੀ 2019 - ਗੁਰੂ ਨਾਨਕ ਦੀ ਚਰਨ ਧੂੜ 'ਮਿੱਟੀ ਦੀ ਮਹਿਕ' ਪਾਕਿਸਤਾਨ ਸਫ਼ਰਨਾਮਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੈ ਕੇ ਹੁਣ ਅਮਰੀਕਾ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਦਸ ਜਨਵਰੀ 2019 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਅਤੇ ਹੋਰ ਪ੍ਰੋਫੈਸਰਾਂ ਵਿਦਵਾਨਾਂ ਨੇ ਇਸ ਦਾ ਵਿਮੋਚਨ ਕਰਦੇ ਇਸ ਨੂੰ ਪੰਜਾਬੀ ਸਾਹਿੱਤ ਦੀ ਪ੍ਰਾਪਤੀ ਦੱਸਿਆ। ਗੁਰੂ ਘਰ ਸੈਨਹੋਜ਼ੇ ਵਿਖੇ ਇਸ ਨੂੰ ਸੰਗਤਾਂ ਦੇ ਸਨਮੁਖ ਕਰਨ ਸਮੇਂ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਕਿਸਤਾਨ ਵਿਖੇ ਸਿੱਖਾਂ ਦੇ ਤੀਰਥ, ਇਤਿਹਾਸ, ਰਾਜਨੀਤੀ, ਧਰਮ, ਤੇ ਵਿਰਸੇ ਨੂੰ ਚਰਨਜੀਤ ਸਿੰਘ ਪੰਨੂ ਨੇ ਉੱਥੇ ਜਾ ਕੇ ਬੜੀ ਦਿਲਚਸਪੀ ਨਾਲ ਵੇਖਿਆ, ਜਾਚਿਆ ਤੇ ਛਿਆਹਠ ਫ਼ੋਟੋ ਸਮੇਤ ਕਲਮਬੰਦ ਕਰ ਕੇ ਇਸ ਨੂੰ ਪੁਸਤਕ ਦਾ ਰੂਪ ਦਿੱਤਾ ਹੈ ਜਿਸ ਲਈ ਉਹ ਵਧਾਈ ਦਾ ਪਾਤਰ ਹੈ। ਲੇਖਕ ਨੇ ਪੰਜ ਕਿਤਾਬਾਂ ਗੁਰਦੁਆਰਾ ਲਾਇਬਰੇਰੀ ਨੂੰ ਭੇਟ ਕੀਤੀਆਂ ਹਨ।
ਇਹ ਹਵਾਲਾ ਪੁਸਤਕ ਪਾਕਿਸਤਾਨ ਜਾਣ ਵਾਲੇ ਹਰ ਯਾਤਰੀ ਨੂੰ ਅਤੇ ਨਾ ਜਾਣ ਵਾਲੇ ਹਰ ਜਗਿਆਸੂ ਨੂੰ ਪੜ੍ਹ ਕੇ ਲੇਖਕ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਟੇਜ ਸਕੱਤਰ ਮੱਘਰ ਸਿੰਘ ਨੇ ਇਸ ਸਫ਼ਰਨਾਮੇ ਨੂੰ ਗਿਆਨ ਦਾ ਭੰਡਾਰ ਦੱਸਿਆ ਕਿ ਪੰਨੂ ਸਾਹਿਬ ਨੇ ਬੜੀ ਬਰੀਕੀ ਤੇ ਬੇਬਾਕੀ ਨਾਲ ਸਿੱਖ ਇਤਿਹਾਸ ਦੀਆਂ ਪੈੜਾਂ ਨੱਪਣਾ ਦੀ ਕੋਸ਼ਿਸ਼ ਕੀਤੀ ਹੈ। ਸੁਖਦੇਵ ਸਿੰਘ ਬੈਨੀਵਾਲ ਨੇ ਇਸ ਪੁਸਤਕ ਨੂੰ ਚਰਨਜੀਤ ਸਿੰਘ ਦੀ ਨਿਵੇਕਲੀ ਪ੍ਰਾਪਤੀ ਦੱਸਿਆ। ਭਈ ਮਨੀ ਸਿੰਘ, ਭਾਈ ਤਾਰੂ ਸਿੰਘ, ਟੋਟੇ ਕਰਵਾ ਕੇ ਝੋਲੀ 'ਚ ਪਵਾਉਂਦੀਆਂ ਮਾਵਾਂ ਸਮੇਤ ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਉਜਾਗਰ ਹੁੰਦਾ ਹੈ। ਲਹਿੰਦੇ ਤੇ ਚੜ੍ਹਦੇ ਦੋਹਾਂ ਪੰਜਾਬਾਂ ਦੇ ਬਾਸ਼ਿੰਦਿਆਂ ਦੀ ਆਪਸੀ ਮਿਲਵਰਤਨ ਭਾਈਚਾਰੇ ਦੀ ਤੀਬਰ ਤਾਂਘ ਬਹੁਤ ਵਿਆਕਲ ਰੂਪ ਵਿਚ ਵਿਅਕਤ ਹੁੰਦੀ ਹੈ। ਇਸ ਨੂੰ ਪੜ੍ਹ ਕੇ ਪਾਠਕ ਆਪ ਲੇਖਕ ਦੇ ਨਾਲ ਚੱਲਦਾ ਪਾਕਿਸਤਾਨ ਦਾ ਨਜ਼ਾਰਾ ਵੇਖਦਾ ਰਹਿੰਦਾ ਹੈ। ਹੁਣ ਤੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕਾਰੀਡੋਰ ਖੁੱਲਣ ਦੀ ਖ਼ਬਰ ਨਾਲ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਦੀ ਆਸ ਬੱਝੀ ਹੈ।
ਲੰਡਨ ਤੋਂ ਪ੍ਰਸਿੱਧ ਕਥਾਵਾਚਕ ਤੇ ਕਈ ਧਾਰਮਿਕ ਪੁਸਤਕਾਂ ਦੇ ਸਿਰਜਨਹਾਰੇ ਗੁਰਬਖ਼ਸ਼ ਸਿੰਘ ਗੁਲਸ਼ਨ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ, ਧਰਮ ਤੇ ਵਿਰਸਾ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਵਿਗਾੜਿਆ ਤੇ ਲਿਤਾੜਿਆ ਜਾ ਰਿਹਾ ਹੈ। ਇਸ ਦੀ ਮੌਲਿਕਤਾ ਪੱਥਰਾਂ ਹੇਠ ਦੱਬੀ ਢੱਕੀ ਜਾ ਰਹੀ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੇ ਕੋਲ ਸਾਡੇ ਬੱਚਿਆਂ ਨੂੰ ਦਿਖਾਉਣ ਦਰਸਾਉਣ ਲਈ ਕੁੱਝ ਨਹੀਂ ਬਚੇਗਾ। ਆਪਣੀ ਨਵੀਂ ਪਨੀਰੀ ਨੂੰ ਇਸ ਬਾਰੇ ਗਿਆਨ ਦੇਣ ਲਈ ਸਰਦਾਰ ਪੰਨੂ ਜਿਹੇ ਲਿਖਾਰੀਆਂ ਦੀਆਂ ਅਜੇਹੀਆਂ ਪੁਸਤਕਾਂ ਪੜ੍ਹਨ ਤੇ ਹੋਰਾਂ ਪੜ੍ਹਾਉਣ ਦੀ ਜ਼ਰੂਰਤ ਹੈ।
ਸਿੱਖਾਂ ਦੇ ਧਰਮ, ਇਤਿਹਾਸ, ਸਭਿਆਚਾਰ, ਰਾਜਨੀਤੀ ਤੇ ਅਮੀਰ ਬਲਵਾਨ ਵਿਰਸੇ ਦੀ ਜੜ੍ਹ ਪਾਕਿਸਤਾਨ ਵਿਚ ਹੈ। ਲੇਖਕ ਨੇ ਬਹੁਤ ਮਿਹਨਤ ਨਾਲ ਸਮਗਰੀ ਜੋੜ ਕੇ ਸੁੰਦਰ ਦਿੱਖ ਵਾਲੀ ਇਸ ਪੁਸਤਕ ਰਾਹੀਂ ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ, ਪੰਜਾ ਸਾਹਿਬ ਤੇ ਹੋਰ ਬਹੁਤ ਸਾਰੇ ਗੁਰਦੁਆਰੇ ਤੇ ਸਿੱਖ ਧਾਮ ਪਾਕਿਸਤਾਨ ਵਿਚ ਰਹਿ ਗਏ। ਭਾਰਤ ਦੀ ਆਜਾਦੀ ਦਾ ਹੀਰੋ ਸ਼ਹੀਦ ਭਗਤ ਸਿੰਘ ਤੇ ਦੂਰ ਤੱਕ ਧਾਕ ਪਹੁੰਚਾਉਣ ਵਾਲਾ ਸਿੱਖ ਰਾਜ ਦਾ ਇਕੋ ਇਕ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦੀਆ ਪ੍ਰਾਪਤੀਆਂ ਤੇ ਉਪਲਬਧੀਆਂ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ। ਲੇਖਕ ਇਸ ਬਾਰੇ ਹੈਰਾਨੀ ਤੇ ਰੰਜ ਪ੍ਰਗਟਾਉਂਦਾ ਹੈ ਕਿ ਪਾਕਿਸਤਾਨ ਬਣਨ ਵੇਲੇ 1947 ਵਿਚ ਸਾਡੇ ਲੀਡਰਾਂ ਨੂੰ ਕਿਹੜੀ ਮਜਬੂਰੀ ਪੈ ਗਈ ਕਿ ਉਹ ਆਪਣੇ ਜਾਤੀ ਮੁਫਾਦਾਂ ਜਾਂ ਮੁਲਾਹਜੇਦਾਰੀਆਂ ਕਾਰਨ ਗੁੰਗਵੱਟੇ ਬਣੇ ਰਹੇ ਤੇ ਆਪਣੇ ਜਿੰਦ ਜਾਨ ਤੋਂ ਪਿਆਰੇ ਗੁਰਧਾਮ ਤੇ ਵਿਰਸਾ ਪਿੱਛੇ ਛੱਡ ਕੇ ਚੁੱਪ ਚੁਪੀਤੇ ਨੰਗੀਆਂ ਲੋਥਾਂ ਲੈ ਕੇ ਵਾਹਗੇ ਤੋਂ ਪਾਰ ਟੱਪ ਗਏ।
ਜਨਰਲ ਸਕੱਤਰ ਪ੍ਰੀਤਮ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਹਰੇਦਵ ਸਿੰਘ ਤੱਖਰ, ਨਰਿੰਦਰਪਾਲ ਸਿੰਘ, ਕਿਰਪਾਲ ਅਟਵਾਲ, ਨਿਰਮਲ ਸਿੰਘ ਅਟਵਾਲ, ਸੁਰਜੀਤ ਬੈਂਸ, ਗੁਰਬਖ਼ਸ਼ ਸਿੰਘ, ਡਾ. ਦਲਵੀਰ ਪੰਨੂ, ਗੁਰਸ਼ਾਨ ਪੰਨੂ, ਸੂਰਤ ਸਿੰਘ, ਐਡਵੋਕੇਟ ਹਰਬੰਸ ਸਿੰਘ ਲੋਂਗੀਆ, ਗਿਆਨੀ ਮਨਮੋਹਣ ਸਿੰਘ, ਜਗਜੀਤ ਸਿੰਘ ਛਾਬੜਾ, ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਅਤੇ ਸੀਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਰਲ ਕੇ ਚਰਨਜੀਤ ਸਿੰਘ ਪੰਨੂ ਨੂੰ ਮਾਣ ਸਨਮਾਨ ਨਾਲ ਨਿਵਾਜਿਆ। ਚਰਨਜੀਤ ਸਿੰਘ ਪੰਨੂ ਨੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਬਹੁਤ ਰੁਝੇਵਿਆਂ ਭਰੇ ਪ੍ਰੋਗਰਾਮਾਂ ਵਿਚਕਾਰ ਛੋਟੇ ਜਿਹੇ ਨੋਟਿਸ ਵਿਚ ਪੁਸਤਕ ਦੀ ਮੁੱਖ ਦਿਖਾਈ ਕਰਾਈ ਹੈ। ਸੰਗਮ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਇਸ ਪੁਸਤਕ ਦੀ ਭੇਟ ਵੀਹ ਡਾਲਰ ਹੈ ਜੋ +1 408 608 4961 ਫ਼ੋਨ ਤੋਂ ਆਰਡਰ ਕੀਤੀ ਜਾ ਸਕਦੀ ਹੈ।