ਜੀ.ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 36ਵਾਂ ਅੰਕ ਲੋਕ ਅਰਪਣ
ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ
ਲੁਧਿਆਣਾਃ 12 ਫਰਵਰੀ 2024-ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 36ਵਾਂ ਅੰਕ ਲੋਕ ਅਰਪਨ ਕੀਤਾ ਗਿਆ। ਇਸ ਲੋਕ ਅਰਪਨ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਪ੍ਰਧਾਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਮੀਤ ਪਧਾਨ ਤ੍ਰੈਲੋਚਨ ਲੋਚੀ ਨੇ ਕੀਤੀ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਰਵਾਸ ਮੈਗਜ਼ੀਨ ਦਾ ਸਥਾਪਤੀ ਤੋਂ ਲੈ ਕੇ ਇਹ ਉਦੇਸ਼ ਰਿਹਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਉਹ ਕਲਮਕਾਰ ਜਿਨ੍ਹਾਂ ਨੇ ਉਸਾਰੂ ਸਾਹਿਤ ਸਿਰਜਿਆ ਹੈ। ਪਰਵਾਸੀ ਪੰਜਾਬੀ ਸਾਹਿਤ ਵਿਚ ਉਨ੍ਹਾਂ ਦੀ ਵੱਡਮੁੱਲੀ ਦੇਣ ਹੈ। ਉਨ੍ਹਾਂ ਨੂੰ ਵੱਖ ਵੱਖ ਅੰਕਾਂ ਵਿਚ ਵਿਸ਼ੇਸ਼ ਲੇਖਕ ਵਜੋਂ ਪ੍ਰਕਾਸ਼ਿਤ ਕਰਕੇ ਮਾਣ ਦਿੱਤਾ ਜਾਵੇਗਾ। ਹੱਥਲੇ ਅੰਕ ਵਿਚ ਨਦੀਮ ਪਰਮਾਰ ਪ੍ਰਸਿੱਧ ਗ਼ਜ਼ਲਗੋ ਤੇ ਗਲਪ ਲੇਖਕ (ਕੈਨੇਡਾ) ਨੂੰ ਵਿਸ਼ੇਸ਼ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਕਹਾਣੀ ਦੇ ਨਾਲ ਨਾਲ ਆਲੋਚਨਾਤਮਕ ਲੇਖ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਅੰਕ ਦੇ ਚਿੱਤਰਕਾਰ ਪਰਵੀਨ ਕੌਰ (ਕੈਨੇਡਾ) ਹਨ। ਡਾ. ਸ. ਪ. ਸਿੰਘ ਨੇ ਪਰਵਾਸੀ ਲੇਖਕਾਂ ਦੇ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਇਸ ਸੰਸਥਾ ਨਾਲ ਅਤੇ ਆਪਣੇ ਅਧਿਆਪਕ ਡਾ. ਸ. ਪ. ਸਿੰਘ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਕਲਾਸ ਤੱਕ ਹੀ ਮਹਿਦੂਦ ਨਹੀਂ ਹੋਣਾ ਚਾਹੀਦਾ ਬਲਕਿ ਇਸ ਸਿਖਣ ਸਿਖਾਉਣ ਦੀ ਪ੍ਰਕ੍ਰਿਆ ਕਲਾਸ ਰੂਮ ਤੋਂ ਬਾਹਰ ਤੇ ਨਿਰੰਤਰ ਗਤੀਸ਼ੀਲ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਕਿ ਮੈਂ ਇਸ ਸੰਸਥਾ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਅੰਗ ਹਾਂ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਇਸ ਅੰਕ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਗਲੇ ਅੰਕ ਦੇ ਵਿਸ਼ੇਸ਼ ਲੇਖਕ ਨਕਸ਼ਦੀਪ ਪੰਜਕੋਹਾ ਅਮਰੀਕਾ ਹੋਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਰਸਮੀ ਤੌਰ ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ। ਇਸ ਮੌਕੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਉੱਘੇ ਸ਼ਾਇਰ ਤ੍ਰੈਲੋਚਨ ਲੋਚੀ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਅੰਗਰੇਜ਼ੀ ਵਿਭਾਗ ਦੇ ਮੁੱਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਦਲੀਪ ਸਿੰਘ, ਡਾ. ਹਰਗੁਣਜੋਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਭੁਪਿੰਦਰਜੀਤ ਕੌਰ, ਡਾ. ਮਨਦੀਪ ਕੌਰ ਰੰਧਾਵਾ ਅਤੇ ਪਰਵਾਸ ਮੈਗਜ਼ੀਨ ਦੇ ਤਕਨੀਕੀ ਸਹਿ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਕੀਤਾ।