ਲੁਧਿਆਣਾ: 19 ਫਰਵਰੀ 2019 - ਅੰਮ੍ਰਿਤਸਰ ਤੋਂ ਛਪਦੇ ਤ੍ਰੈਮਾਸਿਕ ਸਾਹਿੱਤਕ ਮੈਗਜ਼ੀਨ ਸਾਹਿੱਤਕ ਏਕਮ ਦੀ ਮੁੱਖ ਸੰਪਾਦਕ ਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਅਰਤਿੰਦਰ ਸੰਧੂ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੰਜਾਬੀ ਲੇਖਕ ਸਭਾ ਦੇ ਚੋਣਵੇਂ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਸਦੀਆਂ ਤੋਂ ਦੂਸਰੇ ਸਥਾਨ ਤੇ ਰੱਖੀ ਔਰਤ ਨੂੰ ਆਪਣੇ ਸ਼ਕਤੀਕਰਨ ਲਈ ਸ਼ਬਦ ਸੰਵੇਦਨਾ ਉਜਾਗਰ ਕਰਨੀ ਚਾਹੀਦੀ ਹੈ ਤਾਂ ਜੋ ਸ਼ਬਦ ਪ੍ਰਕਾਸ਼ ਨਾਲ ਵਿਸ਼ਾਲ ਚੌਗਿਰਦੇ ਨੂੰ ਪ੍ਰਭਾਵਤ ਕਰਕੇ ਔਰਤ ਸ਼ਕਤੀ ਦਾ ਮਨੋਬਲ ਵਿਕਸਤ ਕੀਤਾ ਜਾ ਸਕੇ।
ਅਰਤਿੰਦਰ ਸੰਧੂ ਨੇ ਕਿਹਾ ਕਿ ਔਰਤ ਬਾਰੇ ਤਾਂ ਬਹੁਤ ਕੁਝ ਲਿਖਿਆ ਮਿਲਦਾ ਹੈ ਪਰ ਔਰਤ ਵੱਲੋਂ ਓਨਾ ਕੁਝ ਨਹੀਂ ਲਿਖਿਆ ਗਿਆ ਜਿੰਨਾ ਉਹ ਮਹਿਸੂਸ ਕਰਦੀ ਹੈ। ਅਣਕਹੇ ਨੂੰ ਕਹਿਣ ਦਾ ਇਹੀ ਸਮਾਂ ਹੈ।
ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਖ਼ੁਦ ਹੀ ਕਵਿਤਾ ਨਹੀਂ ਲਿਖਦੀ ਸਗੋਂ ਉਨ੍ਹਾਂ ਦੀ ਬੇਟੀ ਡਾ: ਖੁਸ਼ਵੀਨ ਬਾਠ ਤੇ ਦੋਹਤਰੀ ਰਿਜੁਲ ਬਾਠ ਦਾ ਵੀ ਇੱਕ ਇੱਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕਾ ਹੈ।
ਅਰਤਿੰਦਰ ਸੰਧੂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਅਦਬੀ ਪਰਿਵਾਰਕ ਮਾਹੌਲ ਸਦਕਾ ਉਹ ਹੁਣ ਤੀਕ ਗਿਆਰਾਂ ਕਾਵਿ ਸੰਗ੍ਰਹਿ ਸਿਜਦੇ ਜੁਗਨੂੰਆਂ ਨੂੰ, ਸਪੰਦਨ, ਇੱਕ ਟੋਟਾ ਵਰੇਸ,ਏਕਮ ਦੀ ਫਾਂਕ,ਕਿਣ ਮਿਣ ਅੱਖਰ, ਸ਼ੀਸ਼ੇ ਦੀ ਜੂਨ, ਕਿੱਥੋਂ ਆਉਂਦੀ ਕਵਿਤਾ, ਕਦੇ ਕਦਾਈਂ, ਘਰ ਘਰ, ਆਪਣੇ ਤੋਂ ਆਪਣੇ ਤੱਕ ਅਤੇ ਕਦੇ ਤਾਂ ਮਿਲ ਜ਼ਿੰਦਗੀ ਲਿਖ ਚੁਕੇ ਹਨ। ਬਾਰਵੇਂ ਕਾਵਿ ਸੰਗ੍ਰਹਿ ਦੀ ਤਿਆਰੀ ਦੇ ਨਾਲ ਹੀ ਉਹ ਇਸ ਵੇਲੇ ਖ਼ੁਦ ਅਨੁਵਾਦ ਕੀਤੀਆਂ ਹਿੰਦੀ ਕਵਿਤਾਵਾਂ ਦਾ ਸੰਗ੍ਰਹਿ ਵੀ ਸੰਪਾਦਿਤ ਕਰ ਰਹੇ ਹਨ।
ਇਸ ਮੌਕੇ ਅਰਤਿੰਦਰ ਕੌਰ ਸੰਧੂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਗੁਰਭਜਨ ਗਿੱਲ, ਡਾ: ਗੁਰਇਕਬਾਲ ਸਿੰਘ,ਮਨਜਿੰਦਰ ਧਨੋਆਤੇ ਜਸਵਿੰਦਰ ਕੌਰ ਗਿੱਲ ਨੇ ਦੋਸ਼ਾਲਾ ਤੇ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ।
ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਡਾ:ਗੁਰਇਕਬਾਲ ਸਿੰਘ ਤੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਅਰਤਿੰਦਰ ਕੌਰ ਸੰਧੂ ਦੀ ਸਾਹਿੱਤਕ ਸਾਧਨਾ ਤੇ ਚੰਗੀ ਕਵਿਤਾ ਦੀ ਪਰਮੁੱਖਤਾ ਵਾਲੇ ਮੈਗਜ਼ੀਨ ਸਾਹਿੱਤਕ ਏਕਮ ਨੂੰ ਸੰਪਾਦਿਤ ਕਰਨ ਦੀ ਪ੍ਰਸੰਸਾ ਕੀਤੀ।