ਫਗਵਾੜਾ ਸਾਹਿਤਕ ਸੰਸਥਾਵਾਂ ਨੇ ਡਾ: ਸੁਰਜੀਤ ਪਾਤਰ ਦੀ ਨਿਯੁਕਤੀ ਦਾ ਕੀਤਾ ਭਰਪੂਰ ਸਵਾਗਤ
ਫਗਵਾੜਾ, 29 ਅਪ੍ਰੈਲ 2021 - ਪੰਜਾਬੀ ਦੇ ਪ੍ਰਸਿੱਧ ਹਰਮਨ ਪਿਆਰੇ ਸ਼ਾਇਰ ਡਾ: ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਅਤੇ ਡਾ: ਸਰਬਜੀਤ ਕੌਰ ਸੋਹਲ ਨੂੰ ਪੰਜਾਬ ਸਾਹਿੱਤ ਅਕਾਦਮੀ ਦੀ ਪ੍ਰਧਾਨ ਬਨਾਉਣ 'ਤੇ ਫਗਵਾੜਾ ਦੀਆਂ ਸਾਹਿੱਤਕ ਸੰਸਥਾਵਾਂ ਦੇ ਆਹੁਦੇਦਾਰਾਂ ਨੇ ਪੰਜਾਬ ਸਰਕਾਰ ਦੀ ਸਰਾਹੁਣਾ ਕੀਤੀ ਹੈ, ਜਿਸ ਵਲੋਂ ਇਹਨਾ ਪ੍ਰਸਿੱਧ ਸਾਹਿੱਤਕ ਸਖ਼ਸ਼ੀਅਤਾਂ ਨੂੰ ਅਗਲੇ ਤਿੰਨ ਸਾਲ ਲਈ ਇਹਨਾ ਸਾਹਿੱਤਕ ਸੰਸਥਾਵਾਂ ਦੀ ਵਾਂਗਡੋਰ ਸੰਭਾਲੀ ਹੈ।
ਸ਼੍ਰੋਮਣੀ ਸਾਹਿਤਕਾਰ ਡਾ: ਸੁਰਜੀਤ ਪਾਤਰ ਪੰਜਾਬੀ ਸਾਹਿੱਤ ਦਾ ਉੱਘਾ ਹਸਤਾਖ਼ਰ ਹਨ, ਜਿਹਨਾ ਨੂੰ ਸਾਹਿੱਤਕ ਹਲਕਿਆਂ ਵਿੱਚ ਹੀ ਨਹੀਂ, ਆਮ ਲੋਕਾਂ ਵਿੱਚ ਵੀ ਹਰਮਨ ਪਿਆਰਤਾ ਹਾਸਲ ਕੀਤੀ ਹੋਈ ਹੈ। ਪੰਜਾਬੀ ਪਾਠਕਾਂ ਦੇ ਮਨਾਂ 'ਚ ਉਹਨਾ ਲਈ ਵੱਡਾ ਸਤਿਕਾਰ ਹੈ। ਡਾ: ਸਰਬਜੀਤ ਕੌਰ ਸੋਹਲ ਦੂਜੀ ਵੇਰ ਪੰਜਾਬ ਸਾਹਿੱਤ ਅਕਾਦਮੀ ਦੇ ਪ੍ਰਧਾਨ ਨਿਯੁੱਕਤ ਹੋਏ ਹਨ ਅਤੇ ਪੰਜਾਬੀ ਸਾਹਿੱਤ ਜਗਤ ਵਿੱਚ ਉਹਨਾ ਦਾ ਉੱਘਾ ਸਥਾਨ ਹੈ।
ਪੰਜਾਬ ਸਰਕਾਰ ਦੇ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਅਤੇ ਚੇਅਰਮੈਨ ਹਰੀਪਾਲ ਸਿੰਘ, ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਅਤੇ ਜਨਰਲ ਸਕੱਤਰ ਪਰਵਿੰਦਰਜੀਤ ਸਿੰਘ, ਉੱਘੇ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ, ਪ੍ਰਸਿੱਧ ਕਵੀ ਬਲਦੇਵ ਰਾਜ ਕੋਮਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਹਿੱਤਕਾਰਾਂ ਨੂੰ ਜ਼ੁੰਮੇਵਾਰੀਆਂ ਦੇ ਕੇ ਸਰਕਾਰ ਨੇ ਚੰਗਾ ਕਾਰਜ ਕੀਤਾ ਹੈ। ਇਹਨਾ ਸਖ਼ਸ਼ੀਅਤਾਂ ਨੇ ਡਾ: ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਜਨਰਲ ਸਕੱਤਰ ਬਨਾਉਣ 'ਤੇ ਵੀ ਖ਼ੁਸ਼ੀ ਪ੍ਰਗਟ ਕੀਤੀ ਹੈ।