‘ਵੰਨ-ਸੁਵੰਨੇ ਮੋਤੀ’ ਦਾ ਲੋਕ-ਅਰਪਣ ਕਰਦਿਆਂ ਭਾਸ਼ਾ ਵਿਭਾਗ ਨੇ ਕੀਤੀ ਪੁਸਤਕ ਗੋਸ਼ਟੀ
- ‘ਸਿਰਜਣਾ ਦਰਪਣ’ ਸੰਕਲਪ ਅਧੀਨ ਜ਼ਿਲ੍ਹੇ ਦੇ ਲੇਖਕਾਂ, ਮਾਂ-ਬੋਲੀ ਅਤੇ ਪੁਸਤਕ ਲੇਖਣ ਨੂੰ ਕੀਤਾ ਜਾਵੇਗਾ ਉਤਸ਼ਾਹਿਤ: ਜ਼ਿਲ੍ਹਾ ਭਾਸ਼ਾ ਅਫ਼ਸਰ
ਰੋਹਿਤ ਗੁਪਤਾ
ਗੁਰਦਾਸਪੁਰ\ਬਟਾਲਾ, 13 ਸਤੰਬਰ 2024 - ਭਾਸ਼ਾ ਵਿਭਾਗ, ਪੰਜਾਬ ਦੇ ਸਥਾਨਿਕ ਦਫ਼ਤਰ ਵਿੱਚ ਜ਼ਿਲ੍ਹੇ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਦੀ ਮਿਲਣੀ ਰਾਹੀਂ ਮਾਲਤੀ ਗਿਆਨਪੀਠ ਤੇ ਰਾਜ ਪੁਰਸਕਾਰ ਵਿਜੇਤਾ ਗੁਰਮੀਤ ਸਿੰਘ ਭੋਮਾ ਦੀ ਪਲੇਠੀ ਪੁਸਤਕ ‘ਵੰਨ-ਸੁਵੰਨੇ ਮੋਤੀ’ ਦਾ ਨੈਸ਼ਨਲ ਐਵਾਰਡੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ‘ਸਿਰਜਣਾ ਸੰਕਲਪ’ ਦੇ ਨਾਂ ਹੇਠ ਲੋਕ-ਅਰਪਣ ਕਰਦਿਆਂ ਗੰਭੀਰ ਪੁਸਤਕ ਚਰਚਾ ਨਾਲ ਸਬੰਧਿਤ ਸਮਾਰੋਹ ਕਰਵਾਇਆ ਗਿਆ। ਇਸ ਸਾਹਿਤਕ ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਲੇਖਕ ਗਰਮੀਤ ਸਿੰਘ ਭੋਮਾ ਦੀ ਪੁਸਤਕ ‘ਵੰਨ-ਸੁਵੰਨੇ ਮੋਤੀ’ ਦਾ ਲੋਕ-ਅਰਪਣ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਕੇਂਦਰੀ ਸੂਚਨਾ ਤੇ ਸੰਚਾਰ ਮੰਤਰਾਲੇ ਦੇ ਅਧਿਕਾਰੀ ਰਾਜੇਸ਼ ਬਾਲੀ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਦੂਸਰੇ ਸੈਸ਼ਨ ਵਿੱਚ ‘ਵੰਨ-ਸੁਵੰਨੇ ਮੋਤੀ’ ਪੁਸਤਕ ‘ਤੇ ਗੋਸ਼ਟੀ ਦੇ ਰੂਪ ਵਿੱਚ ਡੂੰਘੀ ਵਿਚਾਰ-ਚਰਚਾ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਪ੍ਰਿੰ. ਰੇਨੂੰ ਬਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪੜਾਅ ਦੀ ਪ੍ਰਧਾਨਗੀ ਉੱਘੇ ਗ਼ਜ਼ਲਗੋ ਸੁੰਭਾਸ਼ ਦੀਵਾਨਾ ਅਤੇ ਨਾਮੀ ਕਹਾਣੀਕਾਰ ਤਰਸੇਮ ਸਿੰਘ ਭੰਗੂ ਨੇ ਕੀਤੀ। ਰਾਜ ਪੁਰਸਕਾਰ ਵਿਜੇਤਾ ਗੁਰਮੀਤ ਸਿੰਘ ਬਾਜਵਾ ਅਤੇ ਨਾਮੀ ਆਲੋਚਕ ਡਾ. ਗੁਰਵੰਤ ਸਿੰਘ ਨੇ ਸਬੰਧਿਤ ਪੁਸਤਕ ‘ਤੇ ਖੋਜ ਭਰਪੂਰ ਪਰਚਾ ਪੜ੍ਹ ਕੇ ਕਿਹਾ ਕਿ ਗੁਰਮੀਤ ਸਿੰਘ ਭੋਮਾ ਦੀ ਇਹ ਪੁਸਤਕ ਆਪਣੀ ਲੇਖਣੀ ਅਤੇ ਸਿਰਜਣਾ ਕਰਕੇ ਪੰਜਾਬੀ ਸਾਹਿਤ ਤੇ ਭਾਸ਼ਾ ਦੀ ਇੱਕ ਮੁੱਲਵਾਨ ਪ੍ਰਾਪਤੀ ਹੈ।
ਲੇਖਕ ਗੁਰਮੀਤ ਸਿੰਘ ਭੋਮਾ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਉਹਨਾਂ ਦੀ ਪੁਸਤਕ ‘ਤੇ ਚਰਚਾ ਕਰਵਾਉਣ ਦਾ ਉਪਰਾਲਾ ਉੇਹਨਾਂ ਨੂੰ ਹੋਰ ਲਿਖਣ ਦੀ ਸੇਵਾ ਕਰਨ ਦਾ ਪ੍ਰੇਰਨਾ ਦਾ ਸ੍ਰੋਤ ਬਣਿਆ ਹੈ ਅਤੇ ਭਵਿੱਖ ਵਿੱਚ ਉਹ ਪੰਜਾਬੀ ਮਾਂ-ਬੋਲੀ ਰਾਹੀਂ ਸਾਹਿਤਕ ਸਿਰਜਣਾ ਵਿੱਚ ਯਤਨਸ਼ੀਲ ਰਹਿਣਗੇ। ਨੈਸ਼ਨਲ ਐਵਾਰਡੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਲੇਖਕ ਗੁਰਮੀਤ ਸਿੰਘ ਭੋਮਾ, ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਪੇਪਰ ਵਕਤਾ ਅਤੇ ਪ੍ਰਧਾਨਗੀ ਮੰਡਲ ਨੂੰ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਉਹ ਇਸ ਦਫ਼ਤਰ ਵੱਲੋਂ ਸ਼ੁਰੂ ਕੀਤੇ ਗਏ ‘ਸਿਰਜਣਾ ਦਰਪਣ’ ਸੰਕਲਪ ਅਧੀਨ ਜ਼ਿਲ੍ਹੇ ਦੇ ਲੇਖਕਾਂ, ਪੰਜਾਬ ਦੀ ਰਾਜ ਭਾਸ਼ਾ ਪੰਜਾਬੀ, ਹੋਰ ਭਾਸ਼ਾਵਾਂ ਅਤੇ ਸਾਹਿਤਕ ਲੇਖਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਹ ਪੁਸਤਕ ਲੋਕ-ਅਰਪਣ, ਪੁਸਤਕ ਚਰਚਾ, ਸਾਹਿਤਕ ਵਿਚਾਰ-ਗੋਸ਼ਟੀ, ਸਾਹਿਤਕ ਇੰਟਰਵਿਊ, ਭਾਸ਼ਾਈ ਸੈਮੀਨਾਰ ਵਰਗੇ ਸਮਾਰੋਹ ਉਲੀਕਣ ਦਾ ਯਤਨ ਜਾਰੀ ਰੱਖਣਗੇ, ਤਾਂ ਜੋ ਲੋਕਾਂ ਤੇ ਪਾਠਕਾਂ ਦੀ ਲੇਖਕਾਂ ਨਾਲ ਡੂੰਘੀ ਸਾਂਝ ਬਣੀ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ, ਲੈਕ. ਗਰਬਰਿੰਦਰ ਕੌਰ, ਰਣਜੀਤ ਕੌਰ ਬਾਜਵਾ, ਨਵਜੋਤ ਕੌਰ ਬਾਜਵਾ, ਸਰਬਜੀਤ ਸਿੰਘ ਚੱਠਾ, ਸਟੇਟ ਐਵਾਰਡੀ ਮੰਗਲਦੀਪ, ਮੁਕਤਾ ਸ਼ਰਮਾ, ਸੁਖਵਿੰਦਰ ਕੌਰ ਬਾਜਵਾ, ਪ੍ਰੋ. ਮਨਜੀਤ ਸਿੰਘ ਧਾਰੀਵਾਲ, ਗੌਰਵ ਵਰਮਾ, ਵਰਿੰਦਰ ਕੁਮਾਰ, ਗੁਰਦਾਸ ਸਿੰਘ, ਹਰਧਨਵੰਤ ਸਿੰਘ, ਲੈਕ. ਬਲਬੀਰ ਸਿੰਘ, ਸਟੇਟ ਐਵਾਰਡੀ ਪਲਵਿੰਦਰ ਸਿੰਘ, ਸੇਲ ਇੰਚਾਰਜ ਸ਼ਾਮ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।