ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 8 ਅਕਤੂਬਰ, 2017 : ਰੇਲਵੇ ਦੇ 'ਰੇਲ ਮੰਤਰੀ ਨੈਸ਼ਨਲ ਪੁਰਸਕਾਰ' ਵਿਜੇਤਾ ਲੇਖਕ ਅਤੇ ਚਿੰਤਕ ਰਾਕੇਸ਼ ਕੁਮਾਰ ਰਚਿਤ ਕਿਤਾਬਚਾ 'ਭਗਤ ਸਿੰਘ ਦੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦਾ ਫ਼ਿਰੋਜ਼ਪੁਰ ਸਹਿਰ ਵਿੱਚ ਗੁਪਤ ਟਿਕਾਣਾ' ਅੱਜ ਏਥੇ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਉੱਘੇ ਕਵੀ ਪ੍ਰੋ: ਜਸਪਾਲ ਘਈ ਤੇ ਹਰਮੀਤ ਵਿਦਿਆਰਥੀ, ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਸੰਧੂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ, ਪ੍ਰੋ: ਜਗਵਿੰਦਰ ਜੋਧਾ ਅਤੇ ਪ੍ਰਿੰਸੀਪਲ ਰਾਕੇਸ਼ ਅਰੋੜਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਬੋਲਦਿਆਂ ਲੇਖਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਲਈ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਨੇ ਬਣਾਈ ਪਾਰਟੀ ਦੀਆਂ ਸਰਗਰਮੀਆਂ ਗੁਪਤ ਰੂਪ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਚਲਾਈਆਂ। ਇਸ ਪਾਰਟੀ ਨੇ ਫ਼ਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਮੁਹੱਲਾ ਸ਼ਾਹ ਗੰਜ ਵਿੱਚ ਇੱਕ ਗੁਪਤ ਟਿਕਾਣਾ ਬਣਾਇਆ, ਜੋ 10 ਅਗਸਤ 1928 ਤੋਂ 9 ਫਰਵਰੀ 1929 ਤੱਕ ਸਰਗਰਮੀਆਂ ਦਾ ਕੇਂਦਰ ਰਿਹਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਮਕਾਨ ਉੱਘੇ ਕ੍ਰਾਂਤੀਕਾਰੀ ਗਯਾ ਪ੍ਰਸ਼ਾਦ ਨੇ ਡਾ: ਬੀ.ਐਸ ਨਿਗਮ ਦੇ ਫਰਜ਼ੀ ਨਾਂ 'ਤੇ ਲੇਖ ਰਾਜ ਤੋਂ ਕਿਰਾਏ 'ਤੇ ਲਿਆ ਸੀ ਅਤੇ ਇਥੇ ਕ੍ਰਾਂਤੀਕਾਰੀ ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ, ਮਹਾਂਵੀਰ ਸਿੰਘ ਆਦਿ ਕ੍ਰਾਂਤੀਕਾਰੀਆਂ ਦਾ ਆਉਣਾ ਜਾਣਾ ਸੀ। ਪਾਰਟੀ ਦੇ ਕ੍ਰਾਂਤੀਕਾਰੀ ਮੈਂਬਰ ਪੰਜਾਬ ਤੋਂ ਪੂਰਬ ਜਾਂ ਪੂਰਬ ਤੋਂ ਪੰਜਾਬ ਯਾਤਰਾ ਸਮੇਂ ਆਰਾਮ ਕਰਨ ਜਾਂ ਕਪੜੇ ਆਦਿ ਬਦਲਣ ਲਈ ਇਸ ਟਿਕਾਣੇ ਨੂੰ ਅਕਸਰ ਵਰਤਦੇ ਸਨ ਅਤੇ ਇਥੋਂ ਡਾ: ਨਿਗਮ ਪਾਸੋਂ ਬੰਬ ਆਦਿ ਦਾ ਸਮਾਨ ਲਿਆ ਕਰਦੇ ਸਨ। ਉਹਨਾਂ ਦੱਸਿਆ ਕਿ ਜੈ ਗੋਪਾਲ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਭਗਤ ਸਿੰਘ ਵੱਲੋਂ ਸਾਂਡਰਸ ਕਤਲ ਕਾਂਡ ਵੇਲੇ ਇਸਤੇਮਾਲ ਕੀਤਾ ਗਿਆ ਪਿਸਤੌਲ ਨੰਬਰ 168896, ਉਸਨੇ ਭਗਤ ਸਿੰਘ ਕੋਲ ਇਸ ਟਿਕਾਣੇ 'ਤੇ ਹੀ ਦੇਖਿਆ ਸੀ। ਬ੍ਰਿਟਿਸ਼ ਸਰਕਾਰ ਨੂੰ ਇਸ ਗੁਪਤ ਟਿਕਾਣੇ ਬਾਰੇ ਪਤਾ ਚੱਲਣ 'ਤੇ ਇਸ ਟਿਕਾਣੇ ਦੀ ਪੁਸ਼ਟੀ ਅਤੇ ਕ੍ਰਾਂਤੀਕਾਰੀਆਂ ਦੀ ਪਹਿਚਾਣ ਲਈ ਜੋ 21 ਗਵਾਹ ਭੁਗਤਾਏ ਗਏ, ਉਹਨਾਂ ਵਿੱਚੋਂ 19 ਗਵਾਹ ਫ਼ਿਰੋਜ਼ਪੁਰ ਦੇ ਸੀ।
ਇਸ ਮੌਕੇ ਬੋਲਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਮਕਾਨ ਬਰਤਾਨਵੀ ਸਾਮਰਾਜ ਤੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਨਿਸ਼ਾਨੀ ਹੈ ਅਤੇ ਰਾਕੇਸ਼ ਕੁਮਾਰ ਵੱਲੋਂ ਇਸ ਇਮਾਰਤ ਸਬੰਧੀ ਸਮੁੱਚੇ ਦਸਤਾਵੇਜਾਂ ਅਤੇ ਸਬੂਤਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਅਵਾਮ ਸਾਹਮਣੇ ਲਿਆਉੁਣਾ ਇੱਕ ਸ਼ਲਾਘਾਯੋਗ ਉੱਦਮ ਹੈ।
ਦੱਸ ਦਈਏ ਕਿ ਇਸ ਕਿਤਾਬ ਦੇ ਲੇਖਕ ਰਾਕੇਸ਼ ਕੁਮਾਰ ਰੇਲਵੇ ਵਿਭਾਗ ਵਿੱਚ ਬਤੌਰ ਸੀਨੀਅਰ ਸੈਕਸ਼ਨ ਇੰਜੀਨੀਅਰ ਭੂਮੀ ਦੇ ਪਦ 'ਤੇ ਫ਼ਿਰੋਜ਼ਪੁਰ ਵਿਖੇ ਤਾਇਨਾਤ ਹਨ ਅਤੇ ਇਸ ਤੋਂ ਪਹਿਲਾਂ ਸ਼ਹੀਦ ਉੱਧਮ ਸਿੰਘ ਬਾਰੇ ਤਿੰਨ ਕਿਤਾਬਾਂ, ਦੋ ਕਿਤਾਬਾਂ ਗਦਰ ਲਹਿਰ ਬਾਰੇ, ਇੱਕ ਕਿਤਾਬ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਅਤੇ ਦੋ ਕਿਤਾਬਾਂ ਰੇਲਵੇ ਭੂਮੀ ਪ੍ਰਬੰਧਨ ਸਮੇਤ ਕੁੱਲ 8 ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਰਾਕੇਸ਼ ਕੁਮਾਰ ਰੇਲਵੇ ਦੇ 'ਰੇਲ ਮੰਤਰੀ ਨੈਸ਼ਨਲ ਪੁਰਸਕਾਰ' ਸਮੇਤ ਰੇਲਵੇ ਦੇ ਤਿੰਨ ਅਹਿਮ ਪੁਰਸਕਾਰਾਂ ਤੋਂ ਇਲਾਵਾ ਬਾਬਾ ਫਰੀਦ ਸੁਸਾਇਟੀ ਫਰੀਦਕੋਟ ਵੱਲੋਂ 'ਬਾਬਾ ਫਰੀਦ ਇਮਾਨਦਾਰੀ ਪੁਰਸਕਾਰ-2011' ਨਾਲ ਵੀ ਸਨਮਾਨਿਤ ਹੋ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਸ਼ਹਿਰ ਵਾਸੀ ਵੀ ਹਾਜ਼ਰ ਸਨ।