ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 5 ਸਤੰਬਰ ਨੂੰ
- ਓਅੰਕਾਰ ਸਿੰਘ ਦੀ ਪੁਸਤਕ 'ਗੁਰੂ ਨਾਨਕ ਕੀ ਵਡਿਆਈ' ਦਾ ਹੋਵੇਗਾ ਲੋਕ ਅਰਪਣ
ਪਟਿਆਲਾ, 4 ਸਤੰਬਰ 2021 - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 5 ਸਤੰਬਰ, 2021 ਦਿਨ ਐਤਵਾਰ ਨੂੰ ਸਵੇਰੇ ਠੀਕ 10.00 ਵਜੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਭਾਸ਼ਾ ਵਿਭਾਗ,ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾਮੁਕਤ ਹੋਏ ਉਘੇ ਲੇਖਕ ਅਤੇ ਚਿੰਤਕ ਸ. ਓਅੰਕਾਰ ਸਿੰਘ ਦੀ ਪੁਸਤਕ 'ਗੁਰੂ ਨਾਨਕ ਕੀ ਵਡਿਆਈ' ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਕਰਮਜੀਤ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ ਕਰਨਗੇ ਜਦੋਂ ਕਿ ਮੁੱਖ ਮਹਿਮਾਨ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਮੈਨੇਜਿੰਗ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ ਹੋਣਗੇ। ਇਸ ਪੁਸਤਕ ਉਪਰ ਡਾ. ਗੁਰਬਚਨ ਸਿੰਘ ਰਾਹੀ, ਡਾ. ਧਨਵੰਤ ਕੌਰ,ਰੋਜ਼ਾਨਾ ਆਸ਼ਿਆਨਾ ਦੇ ਸੰਪਾਦਕ ਸ. ਗੁਰਨਾਮ ਸਿੰਘ, ਡਾ. ਪਰਮਵੀਰ ਸਿੰਘ, ਡਾ. ਗੁਰਨਾਇਬ ਸਿੰਘ, ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਜਸਬੀਰ ਕੌਰ,ਨਾਟਕਕਾਰ ਸਤਿੰਦਰ ਸਿੰਘ ਨੰਦਾ ਅਤੇ ਵਿਜੈਤਾ ਭਾਰਦਵਾਜ ਆਦਿ ਵਿਦਵਾਨ ਅਤੇ ਲੇਖਕ ਇਸ ਪੁਸਤਕ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਨਗੇ। ਇਸ ਦੌਰਾਨ ਕਲਮਕਾਰ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ।