ਭਰੂਣ ਹੱਤਿਆ ਵਿਰੁੱਧ ਗੁਰਭਜਨ ਗਿੱਲ ਦੀ ਲਿਖੀ ਲੋਰੀ ਪਾਲੀ ਦੇਤਵਾਲੀਆ ਦੀ ਆਵਾਜ਼ ਵਿੱਚ ਬਾਬੂ ਸਿੰਘ ਮਾਨ ਵੱਲੋਂ ਲੋਕ ਅਰਪਨ
ਲੁਧਿਆਣਾਃ 1 ਜਨਵਰੀ 2022 - ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਦਾ ਲਿਖਿਆ ’ਤੇ ਭਾਸ਼ਾ ਵਿਭਾਗ ਪੰਜਾਬ ਦੇ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦਾ ਗਾਇਆ ਗੀਤ ਲੋਰੀ ਜਗਤ ਪ੍ਰਸਿੱਧ ਗੀਤਕਾਰ ਸਃ ਬਾਬੂ ਸਿੰਘ ਮਾਨ ਨੇ ਬੀਤੇ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ ਕੀਤਾ। ਅਨੇਕਾਂ ਹਿੱਟ ਗੀਤਾਂ ਦੇ ਰਚੇਤਾ ਬਾਬੂ ਸਿੰਘ ਮਾਨ (ਮਾਨ ਮਰਾੜਾਂ ਵਾਲਾ) ਨੇ ਕਿਹਾ ਕਿ ਇਹ ਗੀਤ ਲੋਕ ਗੀਤਾਂ ਵਾਂਗ ਦਰਜਨਾਂ ਗਾਇਕ ਗਾ ਚੁਕੇ ਹਨ ਪਰ ਹੁਣ ਪਾਲੀ ਦੇਤਵਾਲੀਆ ਨੇ ਇਸ ਗੀਤ ਦਾ ਫਿਲਮਾਂਕਣ ਕਰਕੇ ਇਸ ਨੂੰ ਹੋਰ ਵੀ ਅਸਰਦਾਰ ਬਣਾ ਦਿੱਤਾ ਹੈ।
ਪੰਜਾਬੀ ਭਵਨ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਕੋਲ ਗੀਤ ਵਾਲੀ ਤਰਲਤਾ ਵੀ ਹੈ ਅਤੇ ਗੂੜ੍ਹੀ ਸਾਹਿੱਤ ਸੰਵੇਦਨਾ ਵੀ। ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ , ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਅਸ਼ੋਕ ਬਾਂਸਲ ਮਾਨਸਾ, ਡਾਃ ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ, ਤ੍ਰੈਲੋਚਨ ਲੋਚੀ, ਕਵਿੱਤਰੀ ਮਨਜੀਤ ਇੰਦਰਾ , ਪਰਗਟ ਸਿੰਘ ਗਰੇਵਾਲ ਪ੍ਰਧਾਨ ਮੋਹਨ ਸਿੰਘ ਫਾਉਂਡੇਸ਼ਨ,,ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ ਤੇ ਕਹਾਣੀਕਾਰ ਦਰਸ਼ਨ ਜੋਗਾ ਨੇ ਇਸ ਗੀਤ ਨੂੰ ਲੋਕ ਅਰਪਨ ਕੀਤਾ। ਸੱਭਿਆਚਾਰਕ ਗੀਤ ਲਿਖਣ ਅਤੇ ਗਾਉਣ ਲਈ ਪਾਲੀ ਦੇਤਵਾਲੀਆ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਬਾਬੂ ਸਿੰਘ ਮਾਨ ਨੇ ਕਿਹਾ ਕਿ ਪਾਲੀ ਦੇਤਵਾਲੀਆ ਸਹੀ ਅਰਥਾਂ ਵਿੱਚ ਲੋਕਾਂ ਦਾ ਗਾਇਕ ਹੈ ਜਿਸ ਦੇ ਗੀਤਾਂ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ.ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪ੍ਰੋ.ਗੁਰਭਜਨ ਸਿੰਘ ਗਿੱਲ ਦੇ ਲਿਖੇ ਗੀਤ ਨੂੰ ਆਪਣੀ ਆਵਾਜ ਦੇ ਕੇ ਪਾਲੀ ਦੇਤਵਾਲੀਆ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ।
ਇਸ ਮੌਕੇ ਗੱਲ ਕਰਦੇ ਹੋਏ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਗੀਤ ਰੁਹ ਦੀ ਪੀੜ ਤੋਂ ਨਵਿਰਤੀ ਲਈ ਲਿਖਿਆ ਸੀ ਪਰ ਆਵਾਜ਼ ਅਤੇ ਸਾਜ਼ਾਂ ਦੇ ਸੁਮੇਲ ਕਰਕੇ ਪਾਲੀ ਦੇਤਵਾਲੀਆ ਨੇ ਇਸ ਨੂੰ ਲੋਕ ਧੁਨ ਵਿੱਚ ਗਾ ਕੇ ਕਮਾਲ ਕੀਤਾ ਹੈ।
ਇਸ ਗੀਤ ਦੀ ਵਧੀਆਂ ਪੇਸ਼ਕਾਰੀ ਲਈ ਪ੍ਰੋ.ਗਿੱਲ ਨੇ ਸਮੁੱਚੀ ਟੀਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਸੰਗੀਤ ਦੇ ਖੇਤਰ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਗੀਤ ਲੋਰੀ ਨੂੰ ਜਾਰੀ ਕੀਤਾ ਗਿਆ ਹੈ। ਪਾਲੀ ਨੇ ਦੱਸਿਆ ਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਅਤੇ ਪੋਆਇੰਟ ਸੈਵਨ ਦੀ ਪੇਸ਼ਕਸ਼ ਇਸ ਗੀਤ ਦੇ ਸੰਗੀਤਕਾਰ ਸੁਨੀਲ ਵਰਮਾ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਐਡੀਟਰ ਰਾਜ ਮਾਨ ਅਤੇ ਨਿਰਮਾਤਾ ਹਰਦੀਪ ਮਾਨ ਅਤੇ ਜਗਦੇਵ ਟਹਿਣਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੀਤਕਾਰ ਸਰਬਜੀਤ ਸਿੰਘ ਵਿਰਦੀ, ਗਾਇਕ ਰਜਿੰਦਰ ਮਲਹਾਰ, ਸੇਵਾ ਸਿੰਘ ਨੌਰਥ ਵੀ ਹਾਜ਼ਰ ਸਨ।